ਸੁਪਰੀਮ ਕੋਰਟ ‘ਚ 5 ਨਵੇਂ ਜੱਜਾਂ ਦੀ ਨਿਯੁਕਤੀ ! ਕੁੱਲ 37 ਹੋਈ ਗਿਣਤੀ

ਨਵੀਂ ਦਿੱਲੀ- ਸੁਪਰੀਮ ਕੋਰਟ ‘ਚ ਸੋਮਵਾਰ ਨੂੰ 5 ਹੋਰ ਨਵੇਂ ਜੱਜਾਂ ਦੀ ਨਿਯੁਕਤੀ ਕੀਤੀ ਗਈ ਅਤੇ ਇਸ ਦੇ ਨਾਲ ਸਰਵਉੱਚ ਅਦਾਲਤ ‘ਚ ਜੱਜਾਂ ਦੀ ਗਿਣਤੀ ਵੱਧ ਕੇ 37 ਹੋ ਜਾਵੇਗੀ। ਇਹ ਗਿਣਤੀ ਵਧਾਈ ਗਈ ਮਨਜ਼ੂਰ ਗਿਣਤੀ 38 ਤੋਂ ਇਕ ਘੱਟ ਹੈ। ਕੇਂਦਰੀ ਕਾਨੂੰਨ ਮੰਤਰਾਲਾ ਦੇ ਨਿਆਂ ਵਿਭਾਗ ਵਲੋਂ ਸੋਮਵਾਰ ਸਵੇਰੇ ਜਾਰੀ ਵੱਖ-ਵੱਖ ਨੋਟੀਫਿਕੇਸ਼ਨਾਂ ਅਨੁਸਾਰ, ਸੁਪਰੀਮ ਕੋਰਟ ਦੀ ਸੀਨੀਅਰ ਐਡਵੋਕੇਟ ਵੇਂਕਿਤਾ ਸੁਬਰਮਣੀ ਮੋਹਨਾ, ਬੰਬਈ ਹਾਈ ਕੋਰਟ ਦੇ ਮੁੱਖ ਜੱਜ ਸ਼੍ਰੀਚੰਦਰਸ਼ੇਖਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜੱਜ ਸ਼ੀਲ ਨਾਗੂ, ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਸੰਜੀਵ ਸਚਦੇਵਾ ਅਤੇ ਜੰਮੂ ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਦੇ ਚੀਫ਼ ਜਸਟਿਸ ਅਰੁਣ ਪੱਲੀ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦੇ ਸਹੁੰ ਚੁੱਕਣ ਅਤੇ ਅਹੁਦਾ ਸੰਭਾਲਣ ਤੋਂ ਬਾਅਦ ਸੁਪਰੀਮ ਕੋਰਟ ‘ਚ ਜੱਜਾਂ ਦੀ ਗਿਣਤੀ ਰਸਮੀ ਤੌਰ ‘ਤੇ 37 ਹੋ ਜਾਵੇਗੀ। ਸਰਕਾਰ ਨੇ ਪਿਛਲੇ ਮਹੀਨੇ ਇਕ ਕਾਨੂੰਨ ‘ਚ ਸੋਧ ਲਈ ਆਰਡੀਨੈਂਸ ਜਾਰੀ ਕੀਤਾ ਸੀ, ਜਿਸ ਦੇ ਅਧੀਨ ਭਾਰਤ ਦੇ ਚੀਫ਼ ਜੱਸ ਸਮੇਤ ਸੁਪਰੀਮ ਕੋਰਟ ‘ਚ ਜੱਜਾਂ ਦੀ ਮਨਜ਼ੂਰ ਗਿਣਤੀ 34 ਤੋਂ ਵੱਧ ਕੇ 38 ਕਰ ਦਿੱਤੀ ਗਈ। ਅਦਾਲਤ ‘ਚ ਪਹਿਲਾਂ ਤੋਂ ਹੀ 2 ਅਹੁਦੇ ਖ਼ਾਲੀ ਸਨ। ਮਨਜ਼ੂਰ ਗਿਣਤੀ ਵਧਾਏ ਜਾਣ ਤੋਂ ਬਾਅਦ ਸੁਪਰੀਮ ਕੋਰਟ ‘ਚ ਕੁੱਲ ਅਹੁਦੇ ਖ਼ਾਲੀ 6 ਹੋ ਗਏ ਸਨ। ਸੁਪਰੀਮ ਕੋਰਟ ‘ਚ ਸੋਮਵਾਰ ਨੂੰ 5 ਨਿਯੁਕਤੀਆਂ ਮਗਰੋਂ ਇਕ ਅਹੁਦਾ ਖ਼ਾਲੀ ਰਹੇਗਾ। ਸੁਪਰੀਮ ਕੋਰਟ ਕਾਲੇਜ਼ੀਅਮ ਨੇ 27 ਮਈ ਨੂੰ ਇਨ੍ਹਾਂ 5 ਨਾਵਾਂ ਦੀ ਸਿਫ਼ਾਰਿਸ਼ ਕੀਤੀ ਸੀ ਅਤੇ ਚਾਰ ਦਿਨਾਂ ਅੰਦਰ ਨਿਯੁਕਤੀਆਂ ਕਰ ਦਿੱਤੀਆਂ ਗਈਆਂ।