ਮੁਜ਼ੱਫਰਪੁਰ ‘ਚ ਕਈ ਅਪਰਾਧਿਕ ਮਾਮਲਿਆਂ ‘ਚ ਲੋੜੀਂਦੇ ਦੋਸ਼ੀ ਦਾ ਗੋਲੀਆਂ ਮਾਰ ਕੇ ਕਤਲ

ਮੁਜ਼ੱਫਰਪੁਰ : ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿੱਚ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਇੱਕ ਵਿਅਕਤੀ ਦੀ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਕਥਿਤ ਤੌਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਦੇ ਸੀਨੀਅਰ ਅਧਿਕਾਰੀ ਨੇ ਇਸ ਘਟਨਾ ਦੀ ਜਾਣਕਾਰੀ ਸੋਮਵਾਰ ਨੂੰ ਦਿੱਤੀ। ਅਧਿਕਾਰੀ ਦੇ ਅਨੁਸਾਰ, ਇਹ ਘਟਨਾ ਐਤਵਾਰ ਰਾਤ ਨੂੰ ਮੁਜ਼ੱਫਰਪੁਰ ਦੇ ਅਮਰ ਸਿਨੇਮਾ ਰੋਡ ‘ਤੇ ਸਥਿਤ ਆਈਕਨ ਟਾਵਰਜ਼ ਅਪਾਰਟਮੈਂਟਸ ਦੇ ਬੇਸਮੈਂਟ ਫਲੋਰ ‘ਤੇ ਵਾਪਰੀ।
ਮ੍ਰਿਤਕ ਦੀ ਪਛਾਣ ਗੋਵਿੰਦ ਸ਼ਰਮਾ ਵਜੋਂ ਹੋਈ ਹੈ, ਜੋ ਕਥਿਤ ਤੌਰ ‘ਤੇ ਉਸੇ ਅਪਾਰਟਮੈਂਟ ਵਿੱਚ ਕਿਰਾਏ ‘ਤੇ ਰਹਿੰਦਾ ਸੀ। ਮੁਜ਼ੱਫਰਪੁਰ ਦੇ ਸੀਨੀਅਰ ਪੁਲਸ ਸੁਪਰਡੈਂਟ (ਐਸਐਸਪੀ) ਕਾਂਤੀਸ਼ ਕੁਮਾਰ ਮਿਸ਼ਰਾ ਨੇ ਪੱਤਰਕਾਰਾਂ ਨੂੰ ਦੱਸਿਆ, “ਇਹ ਘਟਨਾ ਐਤਵਾਰ ਰਾਤ 9:45 ਵਜੇ ਤੋਂ 10 ਵਜੇ ਦੇ ਵਿਚਕਾਰ ਵਾਪਰੀ। ਸ਼ਰਮਾ ਉਸ ਸਮੇਂ ਅਪਾਰਟਮੈਂਟ ਦੇ ਬੇਸਮੈਂਟ ਵਿੱਚ ਮੌਜੂਦ ਸੀ। ਘਟਨਾ ਸਥਾਨ ਤੋਂ ਪੰਜ ਕਾਰਤੂਸ ਅਤੇ ਛੇ ਖੋਲ ਬਰਾਮਦ ਕੀਤੇ ਗਏ ਹਨ।” ਉਨ੍ਹਾਂ ਦੱਸਿਆ ਕਿ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਰੂਰੀ ਸਬੂਤ ਇਕੱਠੇ ਕੀਤੇ।
ਮਿਸ਼ਰਾ ਨੇ ਕਿਹਾ, “ਸ਼ਰਮਾ ਵਿਰੁੱਧ ਪਹਿਲਾਂ ਹੀ ਛੇ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਦੋ ਕਤਲ ਦੇ ਮਾਮਲੇ ਵੀ ਸ਼ਾਮਲ ਹਨ। ਪੁਲਸ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਉਸਦਾ ਅਪਰਾਧਿਕ ਪਿਛੋਕੜ ਇਸ ਕਤਲ ਨਾਲ ਜੁੜਿਆ ਹੋਇਆ ਹੈ।” ਪੁਲਿਸ ਦੇ ਅਨੁਸਾਰ, ਗੋਵਿੰਦ ਸ਼ਰਮਾ ਮੁਜ਼ੱਫਰਪੁਰ ਦੇ ਸਾਬਕਾ ਮੇਅਰ ਸਮੀਰ ਕੁਮਾਰ ਅਤੇ ਪ੍ਰਾਪਰਟੀ ਡੀਲਰ ਆਸ਼ੂਤੋਸ਼ ਸਾਹੂ ਦੇ ਕਤਲ ਮਾਮਲਿਆਂ ਵਿੱਚ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਸੀ। ਐਸਐਸਪੀ ਨੇ ਕਿਹਾ ਕਿ ਸ਼ਰਮਾ ਦੇ ਨਾਮ ‘ਤੇ ਰਜਿਸਟਰਡ ਦੋ ਵਾਹਨ ਵੀ ਉਸੇ ਬੇਸਮੈਂਟ ਵਿੱਚ ਖੜ੍ਹੇ ਮਿਲੇ ਹਨ ਜਿੱਥੇ ਉਸਦੀ ਲਾਸ਼ ਬਰਾਮਦ ਹੋਈ ਸੀ।
ਉਨ੍ਹਾਂ ਕਿਹਾ, “ਇਸ ਮਾਮਲੇ ਦੀ ਜਾਂਚ ਲਈ ਸਿਟੀ ਸੁਪਰਡੈਂਟ ਆਫ਼ ਪੁਲਸ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ਹੈ। ਪੁਲਸ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰ ਲਈ ਜਾਵੇਗੀ ਅਤੇ ਉਨ੍ਹਾਂ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ।” ਮਿਸ਼ਰਾ ਨੇ ਕਿਹਾ ਕਿ ਆਲੇ ਦੁਆਲੇ ਦੇ ਇਲਾਕਿਆਂ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।