ਮਜੀਠਾ ਹਲਕੇ ਵਿੱਚ ਲੋਕਤੰਤਰ ਦਾ “ਘਾਣ” : ਬਿਕਰਮ ਮਜੀਠੀਆ

ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਹਲਕੇ ਵਿੱਚ ਹੋ ਰਹੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਸੱਤਾਧਾਰੀ ਪਾਰਟੀ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਮਜੀਠਾ ਹਲਕੇ ਵਿੱਚ ਲੋਕਤੰਤਰ ਦਾ “ਘਾਣ” ਕੀਤਾ ਜਾ ਰਿਹਾ ਹੈ ਅਤੇ ਸ਼ਰੇਆਮ ਗੁੰਡਾਗਰਦੀ ਹੋ ਰਹੀ ਹੈ। ਮਜੀਠੀਆ ਨੇ ਦੋਸ਼ ਲਗਾਇਆ ਕਿ ਜਦੋਂ ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਸੱਤਾਧਾਰੀ ਪਾਰਟੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਦੌਰਾਨ ਵੀ ਸਰਕਾਰ ਹਰ ਹੀਲਾ ਅਪਣਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਮਜੀਠੀਆ ਨੇ ਦਾਅਵਾ ਕੀਤਾ ਕਿ ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡੀਰੇਲ (ਲੀਹੋਂ ਲਾਹੁਣ) ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਊਂਟਿੰਗ ਏਜੰਟਾਂ ਨੇ ਸ਼ਿਕਾਇਤ ਕੀਤੀ ਹੈ ਕਿ ਜਿਹੜੀਆਂ ਵਾਰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤ ਰਹੇ ਹਨ, ਉੱਥੇ ਜਾਣਬੁੱਝ ਕੇ ਰੌਲਾ ਪਾ ਕੇ ਵਾਰ-ਵਾਰ ਰੀ-ਕਾਊਂਟਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਮਕਸਦ ਸਿਰਫ ਇਹ ਹੈ ਕਿ ਕਿਸੇ ਵੀ ਕੀਮਤ ‘ਤੇ ਅਕਾਲੀ ਦਲ ਦੇ ਉਮੀਦਵਾਰ ਨੂੰ ਜਿੱਤਣ ਨਾ ਦਿੱਤਾ ਜਾਵੇ।
ਮਜੀਠੀਆ ਨੇ ਦੋਸ਼ ਲਾਇਆ ਕਿ ਇਹ ਧੱਕੇਸ਼ਾਹੀ ਚੋਣਾਂ ਦੇ ਪਹਿਲੇ ਦਿਨ ਤੋਂ ਹੀ ਜਾਰੀ ਹੈ। ਉਨ੍ਹਾਂ ਕਿਹਾ ਕਿ ਨਵੇਂ ਲਗਾਏ ਗਏ ਐੱਸ.ਡੀ.ਐੱਮ. ਨੇ ਪਹਿਲਾਂ ਹੀ ਅਕਾਲੀ ਦਲ ਦੇ ਕਈ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਸਨ ਅਤੇ ਹੁਣ ਗਿਣਤੀ ਦੌਰਾਨ ਵੀ ਪੱਖਪਾਤ ਕੀਤਾ ਜਾ ਰਿਹਾ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਜਦੋਂ ਪੂਰੇ ਪੰਜਾਬ ਵਿੱਚ ਨਤੀਜੇ ਐਲਾਨੇ ਜਾ ਚੁੱਕੇ ਹਨ, ਮਜੀਠਾ ਵਿੱਚ ਸਾਢੇ 12 ਵਜੇ ਤੱਕ ਕੋਈ ਨਤੀਜਾ ਅਧਿਕਾਰਤ ਤੌਰ ‘ਤੇ ਬਾਹਰ ਨਹੀਂ ਆਉਣ ਦਿੱਤਾ ਗਿਆ। ਮਜੀਠਾ ‘ਚ ਲੋਕਤੰਤਰ ਦਾ ਗਲਾ ਘੋਟਿਆ ਜਾ ਰਿਹਾ ਹੈ।
ਉਨ੍ਹਾਂ ਇਸ ਨੂੰ ਪ੍ਰਸ਼ਾਸਨਿਕ “ਕਲੈਪ ਡਾਊਨ” ਅਤੇ “ਐਮਰਜੈਂਸੀ” ਵਰਗੇ ਹਾਲਾਤ ਦੱਸਦਿਆਂ ਕਿਹਾ ਕਿ ਨਤੀਜੇ ਉਦੋਂ ਤੱਕ ਰੋਕੇ ਜਾ ਰਹੇ ਹਨ ਜਦੋਂ ਤੱਕ ਉਹ ਨਤੀਜੇ ਸੱਤਾਧਾਰੀ ਦੇ ਹੱਕ ਵਿੱਚ ਨਾ ਕਰ ਦਿੱਤੇ ਜਾਣ। ਉਨ੍ਹਾਂ ਨੇ ਅਫਸਰਸ਼ਾਹੀ ਦੇ ਇਸ ਰਵੱਈਏ ਦੀ ਸਖਤ ਨਿੰਦਾ ਕੀਤੀ ਅਤੇ ਉਮੀਦ ਜਤਾਈ ਕਿ ਪੰਜਾਬ ਹਾਈਕੋਰਟ ਇਸ ਮਾਮਲੇ ਵਿੱਚ ਦਖਲ ਦੇ ਕੇ ਉਨ੍ਹਾਂ ਨੂੰ ਇਨਸਾਫ ਮਿਲੇ।