ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਹਿੰਦੂਤਵ ਜੀਵਨਸ਼ੈਲੀ ਹੈ ਅਤੇ ਕਿਸੇ ਹਿੰਦੂ ਨੂੰ ਸ਼ਰਧਾ ਸਾਬਤ ਕਰਨ ਲਈ ਮੰਦਰ ਜਾਣਾ ਜਾਂ ਕੋਈ ਰਸਮ ਕਰਨਾ ਲਾਜ਼ਮੀ ਨਹੀਂ ਹੈ, ਇੱਥੋਂ ਤੱਕ ਕਿ ਘਰ ਦੇ ਅੰਦਰ ਦੀਵੇ ਜਗਾਉਣਾ ਵੀ ਸ਼ਰਧਾ ਸਾਬਤ ਕਰਨ ਲਈ ਕਾਫੀ ਹੈ। ਚੀਫ ਜਸਟਿਸ ਸੂਰਿਆਕਾਂਤ ਦੀ ਪ੍ਰਧਾਨਗੀ ਵਾਲੀ 9 ਜੱਜਾਂ ਦੀ ਸੰਵਿਧਾਨਕ ਬੈਂਚ ਨੇ ਇਹ ਟਿੱਪਣੀ ਕੇਰਲਮ ਦੇ ਸਬਰੀਮਾਲਾ ਮੰਦਰ ਸਮੇਤ ਧਾਰਮਿਕ ਸਥਾਨਾਂ ’ਤੇ ਔਰਤਾਂ ਨਾਲ ਹੋਣ ਵਾਲੇ ਵਿਤਕਰੇ ਅਤੇ ਦਾਊਦੀ ਬੋਹਰਾ ਭਾਈਚਾਰੇ ਸਮੇਤ ਕਈ ਧਰਮਾਂ ’ਚ ਧਾਰਮਿਕ ਆਜ਼ਾਦੀ ਦੇ ਘੇਰੇ ਨਾਲ ਸਬੰਧਤ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਕੀਤੀ।
15ਵੇਂ ਦਿਨ ਸੁਣਵਾਈ ਸ਼ੁਰੂ ਹੋਣ ’ਤੇ ਪਟੀਸ਼ਨਰਾਂ ’ਚੋਂ ਇਕ ਦੀ ਨੁਮਾਇੰਦਗੀ ਕਰ ਰਹੇ ਐਡਵੋਕੇਟ ਡਾ. ਜੀ. ਮੋਹਨ ਗੋਪਾਲ ਨੇ ਕਿਹਾ ਕਿ ਧਾਰਮਿਕ ਭਾਈਚਾਰਿਆਂ ’ਚ ਸਮਾਜਿਕ ਨਿਆਂ ਦੀ ਮੰਗ ਉੱਠ ਰਹੀ ਹੈ। ਉਨ੍ਹਾਂ ਕਿਹਾ, ‘‘ਹਿੰਦੂ ਧਰਮ ਨੂੰ ਇਕ ਧਾਰਮਿਕ ਸ਼੍ਰੇਣੀ ਦੇ ਰੂਪ ਵਜੋਂ ਪਰਿਭਾਸ਼ਿਤ ਕੀਤਾ ਗਿਆ ਸੀ। ਉਸ ਤੋਂ ਬਾਅਦ 1966 ’ਚ ਇਹ ਮੰਨਿਆ ਗਿਆ ਕਿ ਹਿੰਦੂ ਉਹ ਹੈ ਜੋ ਧਰਮ ਅਤੇ ਫਲਸਫੇ ਦੇ ਸਾਰੇ ਮਾਮਲਿਆਂ ’ਚ ਵੇਦਾਂ ਨੂੰ ਸਰਵਉੱਚ ਮੰਨਦਾ ਹੈ।’’ ਉਨ੍ਹਾਂ ਕਿਹਾ, ‘‘ਮੇਰਾ ਵੇਦਾਂ ਪ੍ਰਤੀ ਬਹੁਤ ਸਤਿਕਾਰ ਹੈ ਪਰ ਕੀ ਇਹ ਸੱਚ ਹੈ ਕਿ ਅੱਜ ਹਿੰਦੂ ਕਹਾਉਣ ਵਾਲਾ ਹਰੇਕ ਵਿਅਕਤੀ ਅਧਿਆਤਮਿਕ ਅਤੇ ਦਾਰਸ਼ਨਿਕ ਮਾਮਲਿਆਂ ’ਚ ਵੇਦਾਂ ਨੂੰ ਸਰਵਉੱਚ ਮੰਨਦਾ ਹੈ?’’
ਐਡਵੋਕੇਟ ਡਾ. ਜੀ. ਮੋਹਨ ਗੋਪਾਲ ਦੀ ਦਲੀਲ ਦਾ ਜਵਾਬ ਦਿੰਦੇ ਹੋਏ ਜਸਟਿਸ ਨਾਗਰਤਨਾ ਨੇ ਕਿਹਾ, ‘‘ਇਸੇ ਲਈ ਹਿੰਦੂਤਵ ਨੂੰ ਜੀਵਨਸ਼ੈਲੀ ਕਿਹਾ ਜਾਂਦਾ ਹੈ। ਹਿੰਦੂ ਬਣੇ ਰਹਿਣ ਲਈ ਮੰਦਰ ਜਾਣਾ ਜਾਂ ਕੋਈ ਰਸਮ ਕਰਨਾ ਲਾਜ਼ਮੀ ਨਹੀਂ ਹੈ।’’ ਜਸਟਿਸ ਨਾਗਰਤਨਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਕਿਸੇ ਨੂੰ ਕਰਮਕਾਂਡੀ ਹੋਣ ਦੀ ਜ਼ਰੂਰਤ ਨਹੀਂ ਹੈ ਅਤੇ ਸ਼ਰਧਾ ਰੱਖਣ ਵਾਲੇ ਲੋਕਾਂ ਦੇ ਰਸਤੇ ’ਚ ਕੋਈ ਰੁਕਾਵਟ ਨਹੀਂ ਬਣ ਸਕਦਾ।















