ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਤ੍ਰਿਨੀਦਾਦ ਅਤੇ ਟੋਬੈਗੋ ਵਿਚਾਲੇ ਹੋਇਆ ਪੁਰਾਲੇਖ ਸਹਿਯੋਗ ਸਮਝੌਤਾ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੇ ਪੁਰਖਿਆਂ ਦੀਆਂ ਜੜ੍ਹਾਂ ਦਾ ਪਤਾ ਲਾਉਣ ਅਤੇ ਪਰਿਵਾਰਾਂ ਨਾਲ ਮੁੜ ਜੁੜਨ ਵਿਚ ਮਦਦ ਕਰੇਗਾ।
ਉਨ੍ਹਾਂ ਨੇ ‘ਗਿਰਮਿਟੀਆ’ ਭਾਈਚਾਰੇ ਦੀ ਵਿਰਾਸਤ ਨੂੰ ਸੰਭਾਲਣ ਲਈ ਭਾਰਤ ਸਰਕਾਰ ਦੇ ਯਤਨਾਂ ਦਾ ਵੀ ਜ਼ਿਕਰ ਕੀਤਾ। ‘ਗਿਰਮਿਟੀਆ’ ਸ਼ਬਦ ਉਨ੍ਹਾਂ ਭਾਰਤੀ ਬੰਧੂਆ ਮਜ਼ਦੂਰਾਂ ਲਈ ਵਰਤਿਆ ਜਾਂਦਾ ਹੈ, ਜਿਨ੍ਹਾਂ ਨੂੰ ਬ੍ਰਿਟਿਸ਼ ਸ਼ਾਸਨ ਨੇ 19ਵੀਂ ਅਤੇ 20ਵੀਂ ਸਦੀ ਦੀ ਸ਼ੁਰੂਆਤ ਵਿਚ ਫਿਜੀ, ਦੱਖਣੀ ਅਫਰੀਕਾ, ਮੌਰੀਸ਼ੀਅਸ ਅਤੇ ਕੈਰੇਬੀਆਈ ਦੇਸ਼ਾਂ ਵਿਚ ਆਪਣੀਆਂ ਬਸਤੀਆਂ ਵਿਚ ਭੇਜਿਆ ਸੀ।
ਜੈਸ਼ੰਕਰ ਨੇ ਸ਼ਨੀਵਾਰ ਨੂੰ ਇਤਿਹਾਸਕ ਨੇਲਸਨ ਟਾਪੂ ’ਤੇ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ 180 ਸਾਲ ਪਹਿਲਾਂ ਤ੍ਰਿਨੀਦਾਦ ਅਤੇ ਟੋਬੈਗੋ ਪਹੁੰਚੇ ਪਹਿਲੇ ਭਾਰਤੀ ਬੰਧੂਆ ਮਜ਼ਦੂਰਾਂ ਨੂੰ ਯਾਦ ਕੀਤਾ ਅਤੇ ਔਖੇ ਹਾਲਾਤ ਵਿਚ ਨਵਾਂ ਜੀਵਨ ਵਸਾਉਣ ਵਿਚ ਉਨ੍ਹਾਂ ਦੀ ‘ਹਿੰਮਤ, ਦ੍ਰਿੜ ਇਰਾਦੇ’ ਨੂੰ ਨਮਨ ਵੀ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰਵਾਸੀ ਆਪਣੇ ਨਾਲ ਆਪਣੀਆਂ ਪਰੰਪਰਾਵਾਂ, ਆਸਥਾ ਅਤੇ ਜੀਵਨ ਸ਼ੈਲੀ ਵੀ ਲੈ ਕੇ ਆਏ ਸਨ ਅਤੇ ਇਸ ਇਤਿਹਾਸ ਨੂੰ ਵਿਰਾਸਤੀ ਸਥਾਨ ਵਜੋਂ ਸੰਭਾਲਿਆ ਜਾਣਾ ਉਚਿਤ ਹੈ।















