ਨਵੀਂ ਦਿੱਲੀ : ਤਿੰਨ ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਕਿਆਂ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਆਪਣੀ ਸੰਗਠਨ ਅਤੇ ਕੇਂਦਰੀ ਕੈਬਨਿਟ ਵਿਚ ਵੱਡਾ ਫੇਰਬਦਲ ਕਰਨ ਦੀ ਤਿਆਰੀ ਵਿਚ ਹੈ। ਸੂਤਰਾਂ ਮੁਤਾਬਕ ਇਸ ਮਹੀਨੇ ਦੇ ਅੰਤ ਜਾਂ ਜੂਨ ਦੇ ਪਹਿਲੇ ਹਫ਼ਤੇ ਤੱਕ ਪਾਰਟੀ ਦੇ ਢਾਂਚੇ ਵਿਚ ਵੱਡੀ ਕਾਇਆ-ਕਲਪ ਕੀਤੀ ਜਾ ਸਕਦੀ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੀ ਚੋਣ ਤੋਂ ਬਾਅਦ ਪਾਰਟੀ ਵਿਚ ਪੀੜ੍ਹੀ ਪਰਿਵਰਤਨ ਦੀ ਲਹਿਰ ਤੇਜ਼ ਹੋ ਗਈ ਹੈ।
ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਫੇਰਬਦਲ ਵਿਚ 40 ਤੋਂ 50 ਸਾਲ ਦੀ ਉਮਰ ਦੇ ਨੌਜਵਾਨ ਆਗੂਆਂ ਨੂੰ ਤਰਜੀਹ ਦਿੱਤੀ ਜਾਵੇਗੀ। ਇਹ ਸਾਰੀਆਂ ਤਬਦੀਲੀਆਂ 2029 ਦੀਆਂ ਆਮ ਚੋਣਾਂ ਲਈ ਇੱਕ ਮਜ਼ਬੂਤ ਲੀਡਰਸ਼ਿਪ ਪਾਈਪਲਾਈਨ ਤਿਆਰ ਕਰਨ ਦੀ ਰਣਨੀਤੀ ਦਾ ਹਿੱਸਾ ਹਨ। ਆਸਾਮ ਵਿਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਕੇਂਦਰੀ ਕੈਬਨਿਟ ਵਿਚ ਨਵੇਂ ਮੰਤਰੀ ਸ਼ਾਮਲ ਕੀਤਾ ਜਾ ਸਕਦੇ ਹਨ। ਇਸ ਵਿਚ ਭਾਜਪਾ ਦੇ ਨਾਲ-ਨਾਲ ਐਨਡੀਏ ਦੇ ਸਹਿਯੋਗੀ ਦਲਾਂ ਨੂੰ ਵੀ ਜਗ੍ਹਾ ਮਿਲਣ ਦੀ ਸੰਭਾਵਨਾ ਹੈ। ਮੌਜੂਦਾ ਮੰਤਰੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਘੱਟ ਸਕੋਰ ਵਾਲੇ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ।
ਪਾਰਟੀ ਦੇ ਇਕ ਸੀਨੀਅਰ ਆਗੂ ਮੁਤਾਬਕ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਨੂੰ ਮਿਡ ਟਰਮ ਮੈਂਡੇਟ ਵਜੋਂ ਦੇਖਿਆ ਜਾ ਰਿਹਾ ਹੈ, ਜਿਸ ਲਈ ਭਾਜਪਾ ਆਪਣੀ ਪੂਰੀ ਤਾਕਤ ਲੱਗਾ ਰਹੀ ਹੈ। ਇਸ ਤੋਂ ਇਲਾਵਾ ਪਾਰਟੀ ਦਾ ਅਗਲਾ ਮੁੱਖ ਫੋਕਸ ਪੰਜਾਬ ‘ਤੇ ਹੈ। ਪੰਜਾਬ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੰਗਠਨਾਤਮਕ ਪੱਧਰ ‘ਤੇ ਵੱਡੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਓ.ਬੀ.ਸੀ. (OBC), ਐਸ.ਸੀ./ਐਸ.ਟੀ. (SC/ST) ਅਤੇ ਮਹਿਲਾ ਮੋਰਚਾ ਸਮੇਤ ਵੱਖ-ਵੱਖ ਵਿੰਗਾਂ ਵਿੱਚ ਨਵੀਆਂ ਨਿਯੁਕਤੀਆਂ ਹੋਣਗੀਆਂ। ਪਾਰਟੀ ਦੇ ਮੀਡੀਆ ਸੈੱਲ ਤੋਂ ਲੈ ਕੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਤੱਕ ਸਭ ਕੁਝ ਬਦਲਣ ਦੀ ਉਮੀਦ ਹੈ।















