ਟਵਿੱਟਰ ‘ਤੇ ਛਾਏ ਮਨਮੋਹਨ ਸਿੰਘ, ਜਾਣੋ ਕੀ ਰਿਹਾ ਕਾਰਨ

6ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਨੋਟਬੰਦੀ ਨੂੰ ਕਦੇ ਨਾ ਭੁੱਲਣ ਵਾਲਾ ਮਾੜਾ ਪ੍ਰਬੰਧ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਆਯੋਜਿਤ ਲੁੱਟ ਅਤੇ ਕਾਨੂੰਨੀ ਭੁੱਲ ਹੈ। ਰਾਜ ਸਭਾ ‘ਚ 10 ਮਿੰਟ ਤਕ ਭਾਸ਼ਣ ਦੇਣ ਦੇ ਬਾਅਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਟਵਿੱਟਰ ‘ਤੇ ਟ੍ਰੈਂਡ ਕਰਨ ਲੱਗੇ। ਬਹੁਤ ਦੇਰ ਤਕ ਲੋਕਾਂ ਨੇ ਉਨ੍ਹਾਂ ਦੇ ਭਾਸ਼ਣ ਦੀ ਸ਼ਲਾਘਾ ‘ਚ ਟਵੀਟ ਅਤੇ ਰੀਟਵੀਟ ਕੀਤੇ।
ਰਾਜ ਸਭਾ ‘ਚ ਉਨ੍ਹਾਂ ਨੇ ਕਿਹਾ, ‘ਪੀ. ਐੱਮ. ਨੇ ਕਿਹਾ ਕਿ 50 ਦਿਨ ਤਕ ਉਡੀਕ ਕਰੋ ਪਰ ਗਰੀਬਾਂ ਲਈ 50 ਦਿਨ ਬਹੁਤ ਨੁਕਸਾਨ ਦੇਣ ਵਾਲੇ ਹਨ। ਨੋਟਬੰਦੀ ਕਾਰਨ 60-65 ਲੋਕਾਂ ਦੀ ਜਾਨ ਚਲੀ ਗਈ ਹੈ।’ ਮਨਮੋਹਨ ਸਿੰਘ ਨੇ ਕਿਹਾ, ‘ਮੈਂ ਪੀ. ਐੱਮ. ਕੋਲੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ ਕਿਸੇ ਅਜਿਹੇ ਦੇਸ਼ ਬਾਰੇ ਦੱਸ ਸਕਦੇ ਹਨ, ਜਿੱਥੇ ਲੋਕਾਂ ਨੇ ਆਪਣੇ ਪੈਸੇ ਜਮ੍ਹਾ ਕਰਾਏ ਪਰ ਉਹ ਉਸ ਨੂੰ ਕਢਵਾਉਣ ‘ਚ ਸਮਰਥ ਨਾ ਹੋਣ।’ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਨੁਕਸਾਨ ਪਹੁੰਚਿਆ ਹੈ। ਅਸੀਂ ਨੋਟਬੰਦੀ ਖਿਲਾਫ ਨਹੀਂ ਹਾਂ ਪਰ ਲੋਕਾਂ ਨੂੰ ਹੋ ਰਹੀਆਂ ਮੁਸ਼ਕਿਲਾਂ ਦਾ ਹੱਲ ਜ਼ਰੂਰੀ ਹੈ। ਹਰ ਦਿਨ ਨਵਾਂ ਨਿਯਮ ਬਣਾਉਣਾ ਸਹੀ ਨਹੀਂ ਹੈ। ਪੀ. ਐੱਮ. ਓ. ਫੈਸਲੇ ਨੂੰ ਲਾਗੂ ਕਰਨ ‘ਚ ਅਸਫਲ ਰਿਹਾ। ਸਰਕਾਰ ਦੇ ਇਸ ਫੈਸਲੇ ਕਾਰਨ ਸਾਡੇ ਦੇਸ਼ ਦੇ ਲੋਕਾਂ ਦਾ ਕਰੰਸੀ ਅਤੇ ਬੈਂਕਿੰਗ ਸਿਸਟਮ ‘ਚ ਵਿਸ਼ਵਾਸ ਘੱਟ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦਾ ਅਸਰ ਅਰਥਵਿਵਸਥਾ ‘ਤੇ ਪਵੇਗਾ ਅਤੇ ਵਿਕਾਸ ਦਰ 2 ਫੀਸਦੀ ਤਕ ਡਿੱਗ ਸਕਦੀ ਹੈ।
ਜੇਤਲੀ ਨੇ ਦਿੱਤਾ ਜਵਾਬ
ਵਿੱਤ ਮੰਤਰੀ ਅਰੁਣ ਜੇਤਲੀ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਚਰਚਾ ਲਈ ਉਤਸੁਕ ਨਹੀਂ ਹੈ ਅਤੇ ਉਹ ਚਰਚਾ ਤੋਂ ਭੱਜਣ ਦਾ ਕਾਰਨ ਤਿਆਰ ਕਰ ਰਹੇ ਹਨ। ਜੇਤਲੀ ਨੇ ਸਾਬਕਾ ਪ੍ਰਧਾਨ ਮੰਤਰੀ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ, ਜਿਸ ‘ਚ ਉਨ੍ਹਾਂ ਨੇ ਵਿਕਾਸ ਦਰ ਡਿੱਗਣ ਦੀ ਗੱਲ ਕਹੀ ਸੀ। ਉਨ੍ਹਾਂ ਨੇ ਕਿਹਾ ਕਿ ਛੋਟੀ ਅਤੇ ਲੰਬੀ ਮਿਆਦ ‘ਚ ਨੋਟਬੰਦੀ ਦਾ ਅਰਥਵਿਵਸਥਾ ‘ਤੇ ਬਹੁਤ ਚੰਗਾ ਪ੍ਰਭਾਵ ਪਵੇਗਾ। ਵਿਰੋਧੀ ਧਿਰ ਅਣ-ਉਚਿਤ ਸ਼ਰਤਾਂ ਰੱਖ ਰਹੀ ਹੈ, ਜਿਸ ਦੀ ਅਗਵਾਈ ‘ਚ ਚੱਲੀ ਸਰਕਾਰ ‘ਚ 2-ਜੀ ਵਰਗੇ ਘਪਲੇ ਹੋਏ, ਅੱਜ ਕਾਲੇ ਧਨ ਖਿਲਾਫ ਕਾਰਵਾਈ ਉਨ੍ਹਾਂ ਨੂੰ ਵੱਡੀ ਗਲਤੀ ਲੱਗ ਰਹੀ ਹੈ।