ਵੈੱਬ ਡੈਸਕ : ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਦੇ ਉਭਰਦੇ ਨੇਤਾ ਖੁਸ਼ਬਾਜ਼ ਸਿੰਘ ਜਟਾਣਾ ਦੀ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਹੋਈ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਬਾਜਵਾ ਨੇ ਜਟਾਣਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖੁਸ਼ਬਾਜ਼ ਦੇ ਸਫ਼ਰ ਨੂੰ ਇੱਕ ਵਿਦਿਆਰਥੀ ਨੇਤਾ ਤੋਂ ਲੈ ਕੇ ਇੱਕ ਪ੍ਰਤੀਬੱਧ ਸਿਆਸੀ ਆਵਾਜ਼ ਵਜੋਂ ਉਭਰਦੇ ਹੋਏ ਬਹੁਤ ਨੇੜਿਓਂ ਦੇਖਿਆ ਸੀ। ਉਨ੍ਹਾਂ ਨੇ ਇਸ ਘਟਨਾ ਨੂੰ ਬੇਹੱਦ ਦਿਲ ਕੰਬਾਊ ਦੱਸਦਿਆਂ ਕਿਹਾ ਕਿ ਇੱਕ ਨੌਜਵਾਨ ਅਤੇ ਹੋਣਹਾਰ ਜੀਵਨ ਦਾ ਇੰਨੀ ਜਲਦੀ ਖ਼ਤਮ ਹੋ ਜਾਣਾ ਪਾਰਟੀ ਲਈ ਇੱਕ ਵੱਡਾ ਘਾਟਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇੱਕ ਸਮਰਪਿਤ ਅਤੇ ਚੜ੍ਹਦੀ ਕਲਾ ਵਾਲਾ ਆਗੂ ਗੁਆ ਦਿੱਤਾ ਹੈ। ਉਨ੍ਹਾਂ ਨੇ ਇਸ ਮੁਸ਼ਕਲ ਘੜੀ ਵਿੱਚ ਵਿਛੜੇ ਆਗੂ ਦੇ ਪਰਿਵਾਰ, ਦੋਸਤਾਂ ਅਤੇ ਸਮਰਥਕਾਂ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ।















