ਪੱਛਮੀ ਬੰਗਾਲ ਕੋਲਾ ਘਪਲਾ ਮਾਮਲਾ : ED ਨੇ 4 ਸੂਬਿਆਂ ’ਚ ‘ਆਈ-ਪੈਕ’ ਦੇ ਟਿਕਾਣਿਆਂ ’ਤੇ ਮਾਰੇ ਛਾਪੇ

ਨਵੀਂ ਦਿੱਲੀ – ਪੱਛਮੀ ਬੰਗਾਲ ’ਚ ਕਥਿਤ ਕੋਲਾ ਘਪਲਾ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀਰਵਾਰ ਨੂੰ ਸਿਆਸੀ ਸਲਾਹਕਾਰ ਫਰਮ ਆਈ-ਪੈਕ ਦੇ ਅਧਿਕਾਰੀਆਂ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਸੰਚਾਰ ਇੰਚਾਰਜ ਵਿਜੇ ਨਾਇਰ ਨਾਲ ਜੁੜੇ ਕੰਪਲੈਕਸਾਂ ’ਤੇ ਛਾਪੇਮਾਰੀ ਕੀਤੀ। ਸਰਕਾਰੀ ਸੂਤਰਾਂ ਅਨੁਸਾਰ, ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਬੈਂਗਲੁਰੂ, ਹੈਦਰਾਬਾਦ, ਮੁੰਬਈ ਅਤੇ ਦਿੱਲੀ ’ਚ ਕੀਤੀ ਗਈ। ਬੈਂਗਲੁਰੂ ’ਚ ਆਈ-ਪੈਕ ਦੇ ਸਹਿ-ਸੰਸਥਾਪਕ ਅਤੇ ਡਾਇਰੈਕਟਰ ਰਿਸ਼ੀ ਰਾਜ ਸਿੰਘ ਦਾ ਕੰਪਲੈਕਸ ਅਤੇ ਮੁੰਬਈ ’ਚ ਵਿਜੇ ਨਾਇਰ ਦਾ ਕੰਪਲੈਕਸ ਵੀ ਜਾਂਚ ਦੇ ਘੇਰੇ ’ਚ ਸ਼ਾਮਲ ਹਨ।
ਇਸ ਮਾਮਲੇ ਦੇ ਸਬੰਧ ਵਿਚ ਈ. ਡੀ. ਦਾ ਦੋਸ਼ ਹੈ ਕਿ ਇਸ ਘਪਲੇ ’ਚ ਕਥਿਤ ਤੌਰ ’ਤੇ ਈਸਟਰਨ ਕੋਲਫੀਲਡਜ਼ ਲਿਮਟਿਡ ਦੀਆਂ ਖਾਨਾਂ ਤੋਂ ਚੋਰੀ ਕੀਤੇ ਗਏ ਕੋਲੇ ਨਾਲ ਜੁੜੇ ਹਵਾਲਾ ਫੰਡ ਦੇ ਲੱਗਭਗ 20 ਕਰੋੜ ਰੁਪਏ ਆਈ-ਪੈਕ ਤੱਕ ਪਹੁੰਚੇ। ਏਜੰਸੀ ਦਾ ਕਹਿਣਾ ਹੈ ਕਿ ਆਈ-ਪੈਕ ਨੇ ਹਵਾਲਾ ਲੈਣ-ਦੇਣ ’ਚ ਮਦਦ ਕੀਤੀ ਅਤੇ 2021 ਤੋਂ ਤ੍ਰਿਣਮੂਲ ਕਾਂਗਰਸ ਅਤੇ ਪੱਛਮੀ ਬੰਗਾਲ ਸਰਕਾਰ ਨੂੰ ਸਿਆਸੀ ਸਲਾਹਕਾਰ ਸੇਵਾਵਾਂ ਮੁਹੱਈਆ ਕੀਤੀਆਂ ਹਨ। ਈ. ਡੀ. ਅਨੁਸਾਰ, ਇਹ ਮਾਮਲਾ 2020 ’ਚ ਦਰਜ ਸੀ. ਬੀ. ਆਈ. ਦੀ ਐੱਫ. ਆਈ. ਆਰ. ਨਾਲ ਜੁੜਿਆ ਹੋਇਆ ਹੈ, ਜਿਸ ’ਚ ਆਸਨਸੋਲ ਅਤੇ ਆਸ-ਪਾਸ ਦੇ ਕੁਨੁਸਤੋਰੀਆ ਅਤੇ ਕਾਜੋਰਾ ਖੇਤਰਾਂ ਦੀਆਂ ਖਾਨਾਂ ਤੋਂ ਕੋਲੇ ਦੀ ਕਥਿਤ ਚੋਰੀ ਦਾ ਦੋਸ਼ ਹੈ।