ਮੈਂ ਫ਼ਿਰ ਕੈਨੇਡਾ ਆਇਆ-7

walia-bigਅੱਜ ਮੇਰਾ ਵੈਨਕੂਵਰ ਵਿੱਚ ਆਖਰੀ ਦਿਨ ਸੀ। ਸ਼ਾਮ 7.30 ਵਜੇ ਦੀ ਫ਼ਲਾਈਟ ‘ਤੇ ਮੈਂ ਸੈਕਸਟੂਨ ਜਾਣਾ ਸੀ। ਪਿਛਲੀ ਰਾਤ ਸਖਮੰਦਰ ਸਿੰਘ ਬਰਾੜ ਭਗਤਾ ਭਾਈ ਕਾ ਨਾਲ ਮੈਂ ਮਿਸ਼ਨ ਚੱਲਿਆ ਗਿਆ ਸੀ। ਵਧੀਆ ਨਿੱਘ ਭਰੀ ਮਹਿਮਾਨ ਨਿਵਾਜੀ ਸੀ ਬਰਾੜ ਪਰਿਵਾਰ ਦਾ ਧੰਨਵਾਦ ਕਰਕੇ ਮੈਂ ਸਖਮੰਦਰ ਸਿੰਘ ਬਰਾੜ ਨਾਲ ਪੰਜਾਬ ਭਵਨ ਲਈ ਰਵਾਨਾ ਹੋ ਗਿਆ। ਆਪਣੇ ਵਿਦਿਆਰਥੀ ਦੇ ਵਾਹਵਾ ਜ਼ੋਰ ਦੇਣ ‘ਤੇ ਮੈਂ ਕੁਝ ਚਿਰ ਲਈ ਐਬਸਫ਼ੋਰਡ ਰੁਕਣ ਦਾ ਫ਼ੈਸਲਾ ਕੀਤਾ। ਚਰਨਜੀਤ ਨਾਮ ਦਾ ਇਹ ਵਿਦਿਆਰਥੀ ਮੇਰੇ ਕੋਲ ਪੀ. ਐਚ. ਡੀ. ਕਰਦਾ ਕਰਦਾ ਵਿਆਹ ਕਰਵਾ ਕੇ ਕੈਨੇਡਾ ਆ ਵੱਸਿਆ ਸੀ। ਮੇਰੀ 2009 ਦੀ ਕੇਨੇਡਾ ਫ਼ੇਰੀ ਸਮੇਂ ਇਹ ਸਰੀ ਰਹਿੰਦਾ ਸੀ, ਫ਼ਿਰ ਆਪਣੀ ਭੈਣ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਬੁਲਾਉਣ ਖਾਤਰ ਸੈਕਸਾਟੂਨ ਚਲਾ ਗਿਆ ਅਤੇ ਉਥੋਂ ਅੱਗੇ ਵਿਨੀਪੈਗ ਦਾ ਗੇੜਾ ਲਾ ਕੇ ਕਈ ਵਰ੍ਹਿਆਂ ਬਾਅਦ ਮੁੜ ਬ੍ਰਿਟਿਸ਼ ਕੋਲੰਬੀਆ ਆ ਕੇ ਰਹਿਣ ਲੱਗਾ ਸੀ। ਐਬਸਫ਼ੋਰਡ ਵਿਖੇ ਪੱਤਰਕਾਰੀ ਦੇ ਸੁਪਨੇ ਨੂੰ ਕਿਸੇ ਕੋਨੇ ਵਿੱਚ ਦਬਾਅ ਕੇ ਟਰੱਕ ਚਲਾਉਣ ਲੱਗ ਪਿਆ ਸੀ। ਉਸ ਕੋਲ ਘੰਟਾ ਡੇਢ ਘੰਟਾ ਬਿਤਾ ਕੇ ਅਸੀਂ ਸੁੱਖੀ ਬਾਠ ਦੇ ਬਣਾਏ ਪੰਜਾਬ ਭਵਨ ਵੱਲ ਚੱਲ ਪਏ ਸਾਂ।
ਪੰਜਾਬ ਭਵਨ ਵਿਖੇ ਗਜ਼ਲਗੋ ਮਹਿਮਾ ਸਿੰਘ ਤੂਰ ਅਤੇ ਹਰੀ ਸਿੰਘ ਤਰਤਲਾ ਦੀਆਂ ਕਿਤਾਬਾਂ ਰਿਲੀਜ਼ ਹੋਣੀਆਂ ਸਨ।
ਜਦੋਂ ਅਸੀਂ ਸੁੱਖੀ ਬਾਠ ਵੱਲੋਂ ‘ਸਟੂਡੀਓ’ ਦੇ ਨਵੇਂ ਰੂਪ ‘ਪੰਜਾਬ ਭਵਨ’ ਜਿਸਦਾ 2 ਅਕਤੂਬਰ ਨੂੰ ਉਦਘਾਟਨ ਹੋਇਆ ਸੀ, ਪਹੁੰਚੇ ਤਾਂ ਉਸ ਸਮੇਂ ਪੰਜਾਬ ਭਵਨ ‘ਚ ਕਾਫ਼ੀ ਚਹਿਲ ਪਹਿਲ ਸੀ। ਜਦੋਂ ਮੈਂ ਪੰਜਾਬ ਭਵਨ ਵਿੱਚ ਦਾਖਲ ਹੋਇਆ ਤਾਂ ਮੇਰੀ ਨਜ਼ਰ ਗੁਲੂ ਦਿਆਲ ‘ਤੇ ਪਈ। ਉਧਰ ਮੈਨੂੰ ਵੇਖ ਕੇ ਗੁਲੂ ਦਿਆਲ ਵੀ ਬੜੇ ਉਤਸ਼ਾਹ ਨਾਲ ਮੇਰੇ ਵੱਲ ਆਈ। ਜਗਰਾਉਂ ਨਾਲ ਸਬੰਧਤ ਗੁਲੂ ਦਿਆਲ ਅੱਜਕਲ੍ਹ ਕੈਲੇਫ਼ੋਰਨੀਆ ਦੇ ਫ਼ਰੀਮਾਂਟ ਵਿੱਚ ਅਧਿਆਪਕ ਹੈ। ਗੁਲੂ ਦਿਆਲ ਦਾ ਕਿੱਤਾ ਭਾਵੇਂ ਅਧਿਆਪਨ ਹੈ ਪਰ ਸ਼ੌਂਕ ਵਜੋਂ ਲੇਖਿਕਾ ਹੈ, ਕਵਿੱਤਰੀ ਹੈ। ਫ਼ੇਸਬੁੱਕ ‘ਤੇ ਲਗਾਤਾਰ ਆਪਣੀਆਂ ਕਵਿਤਾਵਾਂ ਨਾਲ ਸਾਝ ਪਾਉਣਾ ਵੀ ਉਸਦਾ ਸ਼ੌਂਕ ਹੈ। 2 ਅਕਤੂਬਰ ਨੂੰ ਪਾਈ ਗੁਲੂ ਦੀ ਪੋਸਟ ਮੈਨੂੰ ਵਾਹਵਾ ਚੰਗੀ ਲੱਗੀ ਸੀ। ਉਸਨੇ ਲਿਖਿਆ ਸੀ:
ਮੈਂ ਤੈਨੂੰ ਤੇਰੇ ਵਾਂਗ ਮਿਲਾਂਗਾ
ਫ਼ਿਰ ਤੂੰ ਮੇਰੇ ਵਾਂਗ
ਦੋਹੇ ਗੁੰਮ ਜਾਵਾਂਗੇ
ਕੌਣ ਚੁੱਕੇ ਇਹ ਭਾਰ
‘ਮੈਂ’ ਤੇ ‘ਤੂੰ’ ਦਾ
ਗੁਲੂ ਦਿਆਲ ਮੇਰੇ ਸਾਥੀ ਪ੍ਰੋਫ਼ੈਸਰ ਦਰਸ਼ਨ ਸਿੰਘ ਦੀ ਰਿਸ਼ਤੇਦਾਰ ਹੋਣ ਕਾਰਨ ਵੀ ਸਾਡੀ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ। ਅਸੀਂ ਪਹਿਲੀ ਵਾਰ 2009 ਵਿੱਚ ਡਾ. ਦਰਸ਼ਨ ਸਿੰਘ ਬੈਂਸ ਵੱਲੋਂ ਕਰਵਾਈ ਗਈ ਪਹਿਲੀ ਪੰਜਾਬੀ ਵਰਲਡ ਕਾਨਫ਼ਰੰਸ ਵਿੱਚ ਮਿਲੇ ਸਾਂ। ਉਸ ਵੇਲੇ ਉਸ ਨਾਲ ਉਸਦੀ ਇਕ ਹੋਰ ਰਿਸ਼ਤੇਦਾਰ ਵੀ ਸੀ। ਮੇਰੇ ਚੇਤਿਆਂ ਵਿੱਚੋਂ ਉਸਦੀ ਯਾਦ ਅਜੇ ਪੂਰੀ ਤਰ੍ਹਾਂ ਕਿਰੀ ਨਹੀਂ ਸੀ। ਪੰਜਾਬ ਭਵਨ ਵਿੱਚ ਉਸਨੂੰ ਵੇਖ ਕੇ ਮੈਂ ਉਸਦਾ ਨਾਂ ਯਾਦ ਕਰਨ ਦੀ ਕੋਸ਼ਿਸ਼ ਕਰਨ ਲੱਗਾ।
‘ਮੈਂ ਡਾ. ਸਿੱਧੂ, ਪਹਿਚਾਣਿਆਂ, ਆਪਾਂ ਟਰਾਂਟੋ ਮਿਲੇ ਸੀ’ ਡਾ. ਸਿੱਧੂ ਨੇ ਆਪਣੀ ਜਾਣ ਪਹਿਚਾਣ ਕਰਵਾਉਂਦੇ ਹੋਏ ਕਿਹਾ। ਇੰਨੇ ਵਿੱਚ ਸੁਰਿੰਦਰ ਪਾਲ ਕੌਰ ਬਰਾੜ, ਇੰਦਰਜੀਤ ਕੌਰ ਸਿੱਧੂ ਅਤੇ ਹਰਕੀਰਤ ਕੌਰ ਚਹਿਲ ਵੀ ਸਾਡੀ ਵਾਰਤਾਲਾਪ ਵਿੱਚ ਆ ਸ਼ਾਮਲ ਹੋਈਆਂ। ‘ਤੁਸੀਂ ਬਹੁਤ ਬੇਬਾਕੀ ਨਾਲ ਲਿਖਦੇ ਹੋ’ ਮੈਨੇਂ ਇੰਦਰਜੀਤ ਕੌਰ ਸਿੱਧੂ ਦੀ ਪ੍ਰਸੰਸਾ ਕੀਤੀ। ਇੰਦਰਜੀਤ ਕੌਰ ਸਿੱਧੂ ਨੇ ਮੈਨੂੰ ਆਪਣੀ ਕਿਤਾਬ ‘ਇਹ ਵੀ ਇਤਹਿਾਸ ਹੈ’ ਭੇਂਟ ਕੀਤੀ ਸੀ। ਉਸਦੇ ਹਵਾਲੇ ਨਾਲ ਹੀ ਮੈਂ ਇਹ ਟਿੱਪਣੀ ਕੀਤੀ ਸੀ। ਮੈਨੂੰ ਲੱਗਦਾ ਹੈ ਕਿ ਸਾਹਿਤਕ ਇਕੱਠਾਂ ਵਿੱਚ ਲੇਖਕ ਜੋ ਕਿਤਾਬਾਂ ਇਕ-ਦੂਜੇ ਨੂੰ ਭੇਂਟ ਕਰਦੇ ਹਨ, ਉਸਦੀ ਪੂਰੀ ਕਦਰ ਕਰਨੀ ਚਾਹੀਦੀ ਹੈ। ਪੜ੍ਹਨਾ ਅਤੇ ਫ਼ਿਰ ਉਸ ਬਾਰੇ ਲਿਖਣਾ ਜਾਂ ਟਿੱਪਣੀ ਕਰਨਾ ਚੰਗੀ ਆਦਤ ਹੈ। ਪੰਜਾਬ ਭਵਨ ਦੇ ਉਦਘਾਟਨ ਵਾਲੇ ਦਿਨ ਮੈਨੂੰ ਕਈ ਲੇਖਕ ਮਿੱਤਰਾਂ ਵੱਲੋਂ ਕਿਤਾਬਾਂ ਭੇਂਟ ਕੀਤੀਆਂ ਗਈਆਂ ਸਨ। ਜਿਹਨਾਂ ਵਿੱਚੋਂ ਸੁਰਿੰਦਰਪਾਲ ਕੌਰ ਬਰਾੜ ਨੇ ‘ਟੁਕੜਾ ਟੁਕੜਾ ਜ਼ਿੰਦਗੀ’, ਹਰਕੀਰਤ ਕੌਰ ਚਹਿਲ ਨੇ ‘ਪਰੀਆਂ ਸੰਗ ਪਰਵਾਜ਼’, ਸੁਖਮੰਦਰ ਸਿੰਘ ਬਰਾੜ ਨੇ ‘ਪਿੰਡ ਦੀ ਸੱਥ’ ਅਤੇ ਗੁਰਭਜਨ ਗਿੰਲ ਨੇ ‘ਮਿਰਗਾਵਲੀ’ ਆਦਿ ਕਿਤਾਬਾਂ ਨੂੰ ਮੈਂ ਭਾਵੇਂ ਚੰਗੀ ਤਰ੍ਹਾਂ ਕੀਲ ਲਾ ਕੇ ਨਹੀਂ ਪੜ੍ਹ ਸਕਿਆ ਸਾਂ ਪਰ ਵਕਤ ਮਿਲਣ ‘ਤੇ ਪੰਛੀ ਝਾਤ ਜ਼ਰੂਰ ਮਾਰ ਲਈ ਸੀ। ਹਰਕੀਰਤ ਕੌਰ ਚਹਿਲ ਦੀ ਕਿਤਾਬ ‘ਪਰੀਆਂ ਸੰਗ ਪਰਵਾਜ਼’ ਵਿੱਚੋਂ ਪਹਿਲੀ ਕਹਾਣੀ ‘ਪੁਨਰ ਜਨਮ’ ਵੀ ਪੜ੍ਹ ਲਈ ਸੀ। ਨਵੀਂ ਕਹਾਣੀਕਾਰਾ ਹਰਕੀਰਤ ਚਹਿਲ ਦੀ ਵੀ ਪ੍ਰਸੰਸਾ ਕਰਨੀ ਬਣਦੀ ਸੀ। ਸੋ ਉਸਨੂੰ ਵੀ ਪ੍ਰਸੰਸਾ ਭਰੇ ਲਹਿਜੇ ਨਾਲ ਬੋਲਦੇ ਹੋਏ ਚੰਗਾ ਲਿਖਣ ਦੀ ਕਾਮਨਾ ਕੀਤੀ। ਉਸ ਵੇਲੇ ਮੈਨੂੰ ਹਰਕੀਰਤ ਕੌਰ ਚਹਿਲ ਨੇ ਦੱਸਿਆ ਕਿ ਉਹ ਮੇਰੇ ਸ਼ਹਿਰ ਅਹਿਮਦਗੜ੍ਹ ਦੇ ਲਾਗਲੇ ਪਿੰਡ ਖੇੜੇ ਦੀ ਰਹਿਣ ਵਾਲੀ ਸੀ ਜੋ ਮੇਰੇ ਵਾਂਗ ਹੀ ਪੰਜਾਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਵਿਦਿਆਰਥਣ ਰਹੀ ਸੀ। ਕੈਨੇਡਾ ਆਉਣ ਤੋਂ ਪਹਿਲਾਂ ਉਹ ਪਟਿਆਲਾ ਦੇ ਪ੍ਰਸਿੱਧ ਬੁੱਢਾ ਦਲ ਸਕੂਲ ਦੇ ਯੂਨੀਅਰ ਵਿੰਗ ਦੀ ਪ੍ਰਿੰਸੀਪਲ ਰਹੀ ਸੀ। ਮੇਰੀ ਉਸ ਸਕੂਲ ਨਾਲ ਇਸ ਕਰਕੇ ਜਜ਼ਬਾਤੀ ਸਾਂਝ ਸੀ ਕਿਉਂਕਿ ਮੇਰੇ ਬੱਚੇ ਵੀ ਉਸੇ ਸਕੂਲ ਵਿੱਚ ਪੜ੍ਹੇ ਸਨ। ਖੈਰ, ਹਾਜ਼ਰ ਲੇਖਿਕਾਵਾਂ ਨਾਲ ਯਾਦਗਾਰੀ ਤਸਵੀਰ ਖਿਚਵਾਉਣ ਤੋਂ ਬਾਅਦ ਮੈਂ ਕਾਵਿੰਦਰ ਚਾਂਦ ਦੇ ਕਮਰੇ ਵੱਲ ਵਧਿਆ।
ਇਕ ਵਧੀਆ ਸ਼ਾਇਰ ਅਤੇ ਖੂਬਸੂਰਤ ਇਨਸਾਨ ਕਾਵਿੰਦਰ ਚਾਂਦ ਮੇਰੇ ਚੰਗੇ ਦੋਸਤਾਂ ਵਿੱਚੋਂ ਹੈ ਜੋ ਅੱਜਕਲ੍ਹ ਪੰਜਾਬ ਭਵਨ ਦੀ ਦੇਖ-ਰੇਖ ਕਰ ਰਿਹਾ ਹੈ। ਅਜੇ ਅਸੀਂ ਪਟਿਆਲੇ ਦੀਆਂ ਯਾਦਾਂ ਤਾਜ਼ਾ ਕਰ ਹੀ ਰਹੇ ਸਾਂ ਕਿ ਗੁਰਵਿੰਦਰ ਧਾਲੀਵਾਲ ਨੇ ਮੰਚ ‘ਤੇ ਆਉਣ ਦਾ ਸੱਦਾ ਦਿੱਤਾ। ਮੈਂ ਮੰਚ ਵੱਲ ਜਾਂਦੇ ਹੋਏ ਪਿੱਛੇ ਲੱਗੇ ਫ਼ਲੈਕਸ ਨੂੰ ਪੜ੍ਹ ਰਿਹਾ ਸੀ ਜਿਸ ਉਤੇ ਲਿਖਿਆ ਸੀ ‘ਸਾਹਿਤ ਸਭਾ ਮੁੱਢਲੀ, ਐਬਟਸਫ਼ੋਰਡ’। ਮਤਲਬ ਕਿ ਇਹ ਸਮਾਗਮ ‘ਸਾਹਿਤ ਸਭਾ ਮੁੱਢਲੀ ਐਬਸਫ਼ੋਰਡ’ ਵੱਲੋਂ ਆਯੋਿਜਤ ਕੀਤਾ ਜਾ ਰਿਹਾ ਸੀ। ਇਸ ਤੋਂ ਇਹ ਅਰਥ ਵੀ ਸਪਸ਼ਟ ਸੀ ਕਿ ਇਹ ਸਾਹਿਤ ਸਭਾ ਮੁੱਢਲੀ ਹੈ ਅਤੇ ਇਸ ਤੋਂ ਵੀ ਕੋਈ ਹੋਰ ਸਾਹਿਤ ਸਭਾ ਐਬਸਫ਼ੋਰਡ ਵਿਖੇ ਕੰਮ ਕਰ ਰਹੀ ਹੈ। ਸਾਹਿਤਕਾਰਾਂ ਵਿੱਚ ਧੜੇਬੰਦੀ ਹੋਣਾ ਕੋਈ ਨਵੀਂ ਗੱਲ ਨਹੀਂ ਹੈ। ਹਰ ਸ਼ਹਿਰ ਵਿੱਚ ਕਈ ਕਈ ਸਾਹਿਤ ਸਭਾਵਾਂ ਅਤੇ ਲੇਖਕ ਮੰਚ ਬਣੇ ਹੋਏ ਹਨ। ਵੈਨਕੂਵਰ ਜਾਂ ਪੰਜਾਬੀਆਂ ਦੀ ਵੱਸੋਂ ਵਾਲੇ ਸ਼ਹਿਰ ਸਰੀ ਵਿੱਚ ਵੀ ਲੇਖਕਾਂ ਦੀਆਂ ਸੱਤ ਅੱਠ ਸਭਾਵਾਂ ਕਾਰਜਸ਼ੀਲ ਹਨ। ਇਹਨਾਂ ਵਿੱਚ ਕੇਂਦਰੀ ਲੇਖਕ ਸਭਾ ਉਤਰੀ ਅਮਰੀਕਾ, ਵੈਨਕੂਵਰ ਵਿੱਚਾਰ ਮੰਚ, ਸਾਹਿਤ ਸਭਾ ਸਰੀ ਅਤੇ ਕਲਮੀ ਪਰਵਾਜ਼ ਮੰਚ ਤੋਂ ਇਲਾਵਾ ਵੀ ਵੱਖ-ਵੱਖ ਨਾਵਾਂ ਥੱਲੇ ਲੇਖਕਾਂ ਦੇ ਧੜੇ ਕੰਮ ਕਰ ਰਹੇ ਹਨ। ਕੇਂਦਰੀ ਲੇਖਕ ਸਭਾ ਉਤਰੀ ਅਮਰੀਕਾ ਵਿੱਚ ਚਰਨ ਵਿਰਦੀ ਅਤੇ ਪ੍ਰਿਤਪਾਲ ਗਿੱਲ ਸਰਗਰਮ ਹਨ। ਇੰਦਰਜੀਤ ਧਾਮੀ ਅਤੇ ਕ੍ਰਿਸ਼ਨ ਭਨੋਟ ਸਾਹਿਤ ਸਭਾ ਸਰੀ ਨੂੰ ਚਲਾ ਰਹੇ ਹਨ। ਕਲਮੀ ਪਰਵਾਜ਼ ਮੰਚ ਲਈ ਮਨਜੀਤ ਕੰਗ, ਜਸਮਲਕੀਤ, ਸਰਿੰਦਰਪਾਲ ਬਰਾੜ ਅਤੇ ਇੰਦਰਜੀਤ ਕੌਰ ਸਿੱਧੂ ਆਦਿ ਸਰਗਰਮ ਹਨ। ਇਸੇ ਤਰ੍ਹਾਂ ਜਦੋਂ ਵੀ ਕੋਈ ਸਾਹਿਤਕ ਅਤੇ ਸਭਿਆਚਾਰਕ ਸ਼ਖਸੀਅਤ ਸਰੀ ਜਾਂ ਵੈਨਕੂਵਰ ਆਉਂਦੀ ਹੈ ਤਾਂ ਜਰਨੈਲ ਆਰਟਸ ਵੱਲੋਂ ਸਮਾਗਮ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਨਦੀਮ ਪਰਮਾਰ, ਅਜਮੇਰ ਰੋਡੇ ਅਤੇ ਜੈਤੇਗ ਸਿੰਘ ਆਨੰਤ ਆਦਿ ਸਾਹਿਤਕਾਰ ਆਪੋ ਆਪਣੀ ਥਾਂ ਸਰਗਰਮ ਵੇਖੇ ਜਾਂਦੇ ਰਹੇ ਹਨ। ਪ੍ਰਸਿੱਧ ਨਾਵਲਕਾਰ ਜਰਨੈਲ ਸ਼ੇਖਾ, ਮੋਹਨ ਗਿੱਲ ਅਤੇ ਕਾਵਿੰਦਰ ਚਾਂਦ ਆਦਿ ਮਿੱਤਰ ਵੈਨਕੂਵਰ ਵਿੱਚਾਰ ਮੰਚ ਨੂੰ ਬਾਖੂਬੀ ਚਲਾ ਰਹੇ ਹਨ। ਪੰਜਬ ਭਵਨ ਬਣਨ ਨਾਲ ਹੁਣ ਇਹਨਾਂ ਸਾਰੀਆਂ ਸਭਾਵਾਂ ਅਤੇ ਮੰਚਾਂ ਨੂੰ ਇਕ ਸਾਂਝਾ ਮੰਚ ਮਿਲ ਗਿਆ ਹੈ। ਹੁਣ ਇਹਨਾਂ ਵਿੱਚ ਆਪਸੀ ਰਾਬਤਾ ਹੋਰ ਵਧਣ ਦੀ ਸੰਭਾਵਨਾ ਹੈ। ਇਸ ਸਮਾਗਮ ਵਿੱਚ ਭਰਵੀਂ ਹਾਜ਼ਰੀ ਮੇਰੀ ਇਸ ਗੱਲ ਦੀ ਗਵਾਹੀ ਭਰਦੀ ਆ ਰਹੀ ਸੀ।
‘ਮੰਚ’ ਉਤੇ ਮਹਿਮਾ ਸਿੰਘ ਤੂਰ ਅਤੇ ਹਰੀ ਸਿੰਘ ਤਾਤਲਾ ਤੋਂ ਇਲਾਵਾ ਗੁਰਭਜਨ ਗਿੱਲ, ਸੁੱਖੀ ਬਾਠ, ਗੁਰਵਿੰਦਰ ਧਾਲੀਵਾਲ ਅਤੇ ਮੈਂ ਬੈਠੇ ਸਾਂ। ਪ੍ਰੋਗਰਾਮ ਸ਼ੁਰੂ ਹੋਏ ਅਜੇ ਅੱਧਾ ਘੰਟਾ ਹੀ ਹੋਇਆ ਸੀ ਕਿ ਸਾਡੇ ਨਾਲ ਮੰਚ ਉਤੇ ਰਾਏ ਅਜ਼ੀਜ਼ਉਲਾ ਖਾਂ ਵੀ ਆ ਸ਼ਾਮਲ ਹੋਏ। ਰਾਏ ਅਜ਼ੀਜ਼ਵੁਲਾ ਖਾਂ ਰਾਏਕੋਟ ਰਿਆਸਤ ਦੇ ਨਵਾਬ ਰਾਏ ਕੱਲਾ ਦੀ ਨੌਵੀਂ ਪੀੜ੍ਹੀ ਵਿੱਚੋਂ ਹਨ। ਜਦੋਂ ਸ੍ਰੀ ਗੁਰੌ ਗੋਬਿੰਦ ਸਿੰਘ ਮਾਛੀਵਾੜੇ ਤੋਂ ਰਾਏਕੋਟ ਦੀ ਜੂਹ ਵਿੱਚ ਪੁੱਜੇ ਸਨ ਤਾਂ ਉਹਨਾਂ ਰਾਏ ਕੱਲਾ ਦੀਆਂ ਮੱਝਾਂ ਦੇ ਪਾਲੀ ਨੂਰਾ ਮਾਹੀ ਨੂੰ ਮਿਲੇ ਸਨ। ਗੁਰੂ ਜੀ ਨੇ ਉਸਨੂੰ ਮੱਝ ਚੋ ਕੇ ਗੰਗਾਸਾਗਰ ਵਿੱਚ ਦੁੱਧ ਲਿਆਉਣ ਲਈ ਕਿਹਾ ਸੀ। ਨੂਰਾ ਮਾਹੀ ਤੋਂ ਰਾਏ ਕੱਲਾ ਨੂੰ ਗੁਰੂ ਜੀ ਦੀ ਆਮਦ ਬਾਰੇ ਪਤਾ ਲੱਗਿਆ ਸੀ। ਰਾਏ ਕੱਲਾ ਨੇ ਔਰੰਗਜ਼ੇਬ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੂੰ ਹਰ ਕਿਸਮ ਦਾ ਸਹਿਯੋਗ ਦਿੱਤਾ ਸੀ। ਨੂਰਾ ਮਾਹੀ ਨੂੰ ਸਰਹਿੰਦ ਭੇਜ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦਾ ਪਤਾ ਲਗਾਇਆ ਸੀ। ਗੁਰੂ ਜੀ ਨੇ ਜਾਂਦੇ ਹੋਏ ਰਾਏ ਪਰਿਵਰ ਨੂੰ ਕੀਮਤੀ ਗੰਗਾ ਸਾਗਰ ਦੀ ਬਖਸ਼ਿਸ਼ ਕੀਤੀ ਸੀ। ਅੱਜਕਲ੍ਹ ਗੰਗਾਸਾਗਰ ਰਾਏ ਅਜ਼ੀਜਉਲਾ ਖਾਂ ਕੋਲ ਹੈ। ਰਾਏ ਸਾਹਿਬ ਪਾਕਿਸਤਾਨ ਪਾਰਲੀਮੈਂਟ ਦੇ ਮੈਂਬਰ ਵੀ ਰਹੇ ਹਨ। ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਕਾਰਨ ਅਤੇ ਰਾਏ ਕੱਲਾ ਵੱਲੋਂ ਗੁਰੂ ਸਾਹਿਬ ਨੂੰ ਸਤਿਕਾਰ ਵਿਖਾਉਣ ਦੇ ਇਵਜ਼ ਵਿੱਚ ਅੱਜ ਵੀ ਪੂਰੀ ਕੌਮ ਰਾਏ ਪਰਿਵਾਰ ਨੂੰ ਪੂਰਾ ਸਤਿਕਾਰ ਦਿੰਦੀ ਹੈ।
ਸਟੇਜ ਦੀ ਕਾਰਵਾਈ ਚਲਾ ਰਹੇ ਗੁਰਵਿੰਦਰ ਧਾਲੀਵਾਲ ਨੇ ਵਾਰ ਵਾਰ ਸਾਹਿਤਕਾਰਾਂ ਨੂੰ ਮੰਚ ‘ਤੇ ਬੁਲਾ ਕੇ ਮਹਿਮਾ ਸਿੰਘ ਤੂਰ ਅਤੇ ਹਰੀ ਸਿੰਘ ਤਾਤਲਾ ਦੀ ਕਿਤਾਬਾਂ ਬਾਰੇ ਬੋਲਣ ਲਈ ਸੱਦਾ ਦੇਣਾ ਸ਼ੁਰੂ ਕੀਤਾ। ਨਦੀਮ ਪਰਮਾਰ ਨੇ ਗਜ਼ਲ ਬਾਰੇ ਵਿਸਥਾਰ ਪੂਰਵਕ ਵਿੱਚਾਰ ਰੱਖੇ। ਉਸਤਾਦ ਗਜ਼ਲਗੋ ਗੁਰਦਰਸ਼ਨ ਬਾਦਲ ਨੇ ਵੀ ਨਦੀਮ ਪਰਵਾਰ ਵਾਂਗ ਗਜ਼ਲ ਲਿਖਣ ਦੇ ਗੁਰ ਦੱਸੇ। ਕ੍ਰਿਸ਼ਨ ਭਨੋਟ ਨੇ ਮਹਿਮਾ ਸਿੰਘ ਤੂਰ ਦੀਆਂ ਗਜ਼ਲਾਂ ਬਾਰੇ ਆਪਣੇ ਵਿੱਚਾਰ ਰੱਖੇ। ਹਰੀ ਸਿੰਘ ਤਾਤਲਾ ਨੇ ਆਪਣੇ ਹੀ ਅੰਦਾਜ਼ ਵਿੱਚ ਆਪਸੀ ਰਚਨਾ ਬਾਰੇ ਗੱਲ ਕੀਤੀ। ਮਹਿਮਾ ਸਿੰਘ ਤੂਰ ਨੇ ਆਪਣੀ ਕਿਤਾਬ ਵਿੱਚੋਂ ਪੰਜ ਗਜ਼ਲਾਂ ਸੁਣਾਈਆਂ। ‘ਮੰਚ’ ਉਤੇ ਹਾਜ਼ਰ ਸ਼ਖਸੀਅਤਾਂ ਨੇ ਕਿਤਾਬਾਂ ਰਿਲੀਜ਼ ਕੀਤੀਆਂ। ਗੁਰਭਜਨ ਗਿੱਲ ਤੋਂ ਬਾਅਦ ਰਾਏ ਅਜ਼ੀਜ਼ਉਲਾ ਖਾਂ ਨੂੰ ਬੋਲਣ ਦਾ ਸੱਦਾ ਦਿੱਤਾ ਗਿਆ। ਉਹਨਾਂ ਨੇ ਆਪਣੇ ਭਾਸ਼ਣ ਦੀ ਸੁਰ ਆਪਣੇ ਵੰਸ਼ਜ਼ਾਂ ਵੱਲੋਂ ਗੁਰੂ ਗੋਬਿੰਦ ਸਿੰਘ ਨਾਲ ਨਿਭਾਈ ਵਫ਼ਾ ਦੇ ਹਵਾਲੇ ਨਾਲ ਰਾਏਕੋਟ ਰਿਆਸਤ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾ ਨੇ ਦੋਵੇਂ ਦੇਸ਼ਾਂ ਵਿੱਚ ਸ਼ਾਂਤੀ ਦੀ ਕਾਮਨਾ ਕੀਤੀ। ਮੈਨੂੰ ਪ੍ਰਧਾਨਗੀ ਭਾਸ਼ਣ ਦੇਣ ਲਈ ਬੁਲਾਇਆ ਗਿਆ। ਮੈਂ ਹੱਸਦੇ ਹੋਏ ਕਿਹਾ ਕਿ ਜਿਸ ਬੰਦੇ ਨੇ ਕਦੇ ਸ਼ਾਇਰੀ ਨਹੀਂ ਕੀਤੀ, ਉਸਨੁੰ ਗਜ਼ਲਾਂ ਦੀ ਕਿਤਾਬ ਬਾਰੇ ਬੋਲਣ ਲਈ ਕਿਹਾ ਗਿਆ ਹੈ। ਮੈਂ ਦਸਿਆ ਕਿ ਕਿਸੇ ਸਮੇਂ ਮੈਂ ਵੀ ਗਜ਼ਲ ਲਿਖਦਾ ਸਾਂ ਅਤੇ ਉਹ ਗਜ਼ਲਾਂ ਭਾਸ਼ਾ ਵਿਭਾਗ ਦੇ ਰਸਾਲੇ ਵਿੱਚ ਛਪਣ ਲਈ ਭੇਜਦਾ ਸਾਂ। ਅਕਸਰ ਮੈਨੂੰ ਗਜ਼ਲ ਭੇਜਣ ਲਈ ਧੰਨਵਾਦ ਪਰ ਅਸੀਂ ਇਸਨੂੰ ਛਾਪਣ ਦੀ ਖੁਸ਼ੀ ਨਹੀਂ ਲੈ ਸਕਦੇ, ਵਰਗੀ ਇਬਾਰਤ ਵਾਲੀ ਚਿੱਠੀ ਮਿਲਦੀ ਸੀ। ਇਕ ਵਾਰ ਅਜਿਹੀ ਹੀ ਚਿੱਠੀ ਨਾਲ ਵਾਪਸ ਆਈ ਗਜ਼ਲ ਨੂੰ ਮੇਰੇ ਮਿੰਤਰ ਸਵਿਤੋਜ ਨੇ ਹਰਜਿੰਦਰ ਪਾਲ ਸਿੰਘ ਵਾਲੀਆ ਦੀ ਥਾਂ ਹਰਜਿੰਦਰ ਵਾਲੀਆ ਲਿਖਕੇ ਮੁੜ ਉਸੇ ਸੰਪਾਦਕ ਨੂੰ ਭੇਜ ਦਿੱਤਾ ਸੀ। ਹਫ਼ਤੇ ਬਾਅਦ ਉਸੇ ਸੰਪਾਦਕ ਦਾ ਜਵਾਬ ਆਇਆ ਸੀ ‘ਪਿਆਰੀ ਬੀਬੀ ਹਰਜਿੰਦਰ ਵਾਲੀਆ ਤੇਰੀ ਗਜ਼ਲਮਿਲੀ ਇਸਨੂੰ ਅਗਲੇ ਅੰਕ ਵਿੱਚ ਛਾਪਣ ਦੀ ਖੁਸ਼ੀ ਲੈ ਰਹੇ ਹਾਂ।’ ਇਉਂ ਮੈਂ ਹਰਜਿੰਦਰ ਪਾਲ ਸਿੰਘ ਵਾਲੀਆ ਤੋਂ ਹਰਜਿੰਦਰ ਵਾਲੀਆ ਬਣ ਗਿਆ ਸੀ। ਇਉਂ ਹਲਕੀਆਂ-ਫ਼ੁਲਕੀਆਂ ਗੱਲਾਂ ਕਰਦੇ ਹੋਏ ਮੈਂ ਦੋਵੇਂ ਪੰਜਾਬਾਂ ਵਿੱਚ ਸ਼ਾਂਤੀ ਦੀ ਗੱਲ ਕੀਤੀ। ਮੈਂ ਕਿਹਾ ਕਿ ਦੋਵੇਂ ਪੰਜਾਬ ਸ਼ਾਂਤੀ ਚਾਹੁੰਦੇ ਹਨ। ਆਮ ਲੋਕ ਸ਼ਾਂਤੀ ਚਾਹੁੰਦੇ ਹਨ। ਸਰਕਾਰਾਂ ਅਤੇ ਮੀਡੀਆ ਕੁਝ ਹੋਰ ਕਹਿੰਦਾ ਹੈ। ਸਾਨੁੰ ਕਲਮਾਂ ਵਾਲਿਆਂ ਨੂੰ ਤਾਂ ਸ਼ਾਂਤੀ ਅਤੇ ਮੁਹੱਬਤ ਦੀ ਗੱਲ ਕਰਨੀ ਚਾਹੀਦੀ ਹੈ। ਮੇਰੀ ਗੱਲ ਨੂੰ ਭਰਪੂਰ ਹੁੰਗਾਰਾ ਮਿਲਿਆ। ਸੁੱਖੀ ਬਾਠ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਉਂ ਇਹ ਪ੍ਰੋਗਰਾਮ ਸਮਾਪਤ ਹੋਇਆ। ਚਾਹ ਦੇ ਕੱਪ ‘ਤੇ ਰਾਏ ਅਜ਼ੀਜ਼ਉਲਾ ਖਾਂ ਨੇ ਮੈਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਅਤੇ ਮੇਰੇ ਵੱਲੋਂ ਅਜਿਹਾ ਮੋਹ ਭਰਿਆ ਸੱਦਾ ਦਿੰਤਾ ਗਿਆ। ਮੈਨੂੰ ਮਿਲਣ ਮਾਸਟਰ ਅਮਰੀਕ ਸਿੰਘ, ਕੈਲ ਰੰਗੀ ਅਤੇ ਕਈ ਹੋਰ ਦੋਸਤ ਪਹੁੰਚ ਚੁੱਕੇ ਸਨ। ਸੁੱਖੀ ਬਾਠ ਮੈਨੂੰ ਯਾਦ ਕਰਵਾ ਰਿਹਾ ਸੀ ਕਿ ਢਾਈ ਘੰਟੇ ਬਾਅਦ ਮੇਰੀ ਸੈਕਸਾਟੂਨ ਲਈ ਫ਼ਲਾਈਟ ਸੀ। ਉਧਰ ਦੋਸਤਾਂ ਦੀਆਂ ਪਿਆਰ ਭਰੀਆਂ ਗੱਲਾਂ ਮੈਨੂੰ ਕੁਝ ਵਕਤ ਹੋਰ ਰੁਕਣ ਲਈ ਸੰਕੇਤ ਕਰ ਰਹੀਆਂ ਸਨ।
ਮੈਂ ਤੁਹਾਨੂੰ ਏਅਰਪੋਰਟ ਤੱਕ ਛੱੜ ਕੇ ਆਵਾਂ, ਡਾ. ਸਿੱਧੂ ਨੇ ਬੜੇ ਅਪਣੱਤ ਨਾਲ ਕਿਹਾ।
ਥੈਂਕਸ ਡਾ. ਸਿੱਧੂ, ਮੈਂ ਜਵਾਬ ਦਿੰਦਾ ਹਾਂ।
ਮੈਨੂੰ ਏਅਰਪੋਰਟ ‘ਤੇ ਛੱਡਣ ਲਈ ਕੈਲ ਰੰਗੀ ਰਿਚਮੰਡ ਤੋਂ ਆਇਆ ਸੀ। ਮਾਸਟਰ ਅਮਰੀਕ ਸਿੰਘ ਦੀ ਇੱਛਾ ਵੀ ਉਥੇ ਤੱਕ ਨਾਲ ਜਾਣ ਦੀ ਸੀ। ਕੈਲ ਰੰਗੀ ਨੇ ਸੁਖਮੰਦਰ ਸਿੰਘ ਬਰਾੜ ਦੀ ਕਾਰ ਵਿੱਚੋਂ ਮੇਰਾ ਸਮਾਨ ਕੱਢ ਕੇ ਆਪਣੀ ਕਾਰ ਵਿੱਚ ਟਿਕਾ ਦਿੱਤਾ ਸੀ। ਮੈਂ ਮਾਸਟਰ ਅਮਰੀਕ ਨੁੰ ‘ਜਿੱਤ ਦਾ ਮੰਤਰ’ ਦੀ ਕਾਪੀ ਦਿੰਦੇ ਹੋਏ ਕਿਹਾ ਕਿ ਹੋਰ ਕਾਪੀਆਂ ਕਸਿੇ ਮਿੱਤਰ ਦੇ ਹੱਥ ਭੇਜ ਦੇਵਾਂਗਾ।’ ਉਸਦੀ ਇੱਛਾ ਮੇਰੀ ਕਿਤਾਬ ‘ਜਿੱਤ ਦੇ ਮੰਤਰ’ ਦੀਆਂ ਕੁਝ ਕਾਪੀਆਂ ਮਿੱਤਰਾਂ ਦੋਸਤਾਂ ਵਿੱਚ ਵੰਡਣ ਦੀ ਸੀ।
ਹਾਜ਼ਰ ਮਿੱਤਰ ਦੋਸਤਾਂ ਤੋਂ ਵਿਦਾ ਲੈ ਕੇ ਮੈਂ ਕੈਲ ਰੰਗੀ ਨਾਲ ਏਅਰਪੋਰਟ ਲਈ ਰਵਾਨਾ ਹੋਇਆ। ਰਸਤੇ ਵਿੱਚ ਕੈਲ ਰੰਗੀ ਨੇ ਦੋ ਬਰਗਰ ਪੈਕ ਕਰਵਾਏ ਤਾਂ ਕਿ ਮੈਂਰਸਤੇ ਵਿੱਚ ਖਾ ਸਕਾਂ। ਦੋਸਤਾਂ ਦਾ ਅਜਿਹਾ ਅੰਦਾਜ਼ ਮੈਨੂੰ ਅਕਸਰ ਭਾਵੁਕ ਕਰ ਦਿੰਦਾ ਹੈ। ਰੰਗੀ ਮੈਨੂੰ ਸਕਿਊਰਟੀ ਚੈਕ ਤੱਕ ਛੱਡ ਕੇ ਵਾਪਸ ਗਿਆ। ਜਦੋਂ ਮੈਂ ਸਕਿਊਰਟੀ ਚੈਕ ਤੋਂ ਬਾਅਦ ਗੇਟ ਕੋਲ ਪੁੱਜਾ ਤਾਂ ਪਤਾ ਲੱਗਾ ਫ਼ਲਾਈਟ ਤਿੰਨ ਘੰਟੇ ਦੇਰੀ ਨਾਲ ਜਾਵੇਗੀ। ਇੱਥੇ ਅਜਿਹਾ ਵੀ ਹੁੰਦਾ ਹੈ। ਇਹ ਸੋਚ ਕੇ ਮੇਰੇ ਚਿਹਰੇ ‘ਤੇ ਮੁਸਕਰਾਹਟ ਫ਼ੈਲ ਗਈ।