ਬਿਹਾਰ ਦੇ ਨਵੇਂ CM ਸਮਰਾਟ ਚੌਧਰੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ‘ਵਿਕਸਿਤ ਬਿਹਾਰ’ ਦੇ ਵਿਜ਼ਨ ‘ਤੇ ਚਰਚਾ

ਨੈਸ਼ਨਲ ਡੈਸਕ : ਬਿਹਾਰ ਦੀ ਸਿਆਸਤ ‘ਚ ਹੋਏ ਵੱਡੇ ਉਲਟਫੇਰ ਤੋਂ ਬਾਅਦ ਸੂਬੇ ਦੇ ਨਵੇਂ ਮੁੱਖ ਮੰਤਰੀ ਸਮਰਾਟ ਚੌਧਰੀ ਅੱਜ ਦਿੱਲੀ ਦੌਰੇ ‘ਤੇ ਪਹੁੰਚੇ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਅੱਜ ਰਾਜਧਾਨੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਅਹਿਮ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕਰਦੇ ਹੋਏ ਸਮਰਾਟ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੇ ‘ਵਿਕਸਿਤ ਭਾਰਤ’ ਅਤੇ ‘ਸਮਰੱਥ ਬਿਹਾਰ’ ਦੇ ਵਿਜ਼ਨ ‘ਤੇ ਪ੍ਰਧਾਨ ਮੰਤਰੀ ਤੋਂ ਮਾਰਗਦਰਸ਼ਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਸਨੇਹ ਅਤੇ ਸਹਿਯੋਗ ਬਿਹਾਰ ਦੀ ਪ੍ਰਗਤੀ ਨੂੰ ਨਵੀਂ ਗਤੀ ਪ੍ਰਦਾਨ ਕਰ ਰਿਹਾ ਹੈ।
ਆਪਣੇ ਦਿੱਲੀ ਦੌਰੇ ਦੌਰਾਨ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਬਿਹਾਰ ਇੰਚਾਰਜ ਸੰਸਦ ਮੈਂਬਰ ਵਿਨੋਦ ਤਾਵੜੇ ਵੀ ਮੌਜੂਦ ਸਨ। ਸਿਆਸੀ ਹਲਕਿਆਂ ਵਿੱਚ ਇਸ ਮੁਲਾਕਾਤ ਨੂੰ ਬਿਹਾਰ ਦੇ ਭਵਿੱਖੀ ਵਿਕਾਸ ਅਤੇ ਸੰਗਠਨਾਤਮਕ ਮਜ਼ਬੂਤੀ ਦੇ ਨਜ਼ਰੀਏ ਤੋਂ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਿਹਾਰ ਵਿੱਚ ਹਾਲ ਹੀ ‘ਚ ਵੱਡਾ ਸਿਆਸੀ ਫੇਰਬਦਲ ਦੇਖਣ ਨੂੰ ਮਿਲਿਆ ਹੈ। ਨੀਤੀਸ਼ ਕੁਮਾਰ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਹ ਰਾਜ ਸਭਾ ਚਲੇ ਗਏ ਹਨ। ਇਸ ਤੋਂ ਬਾਅਦ ਸਮਰਾਟ ਚੌਧਰੀ ਨੂੰ ਬਿਹਾਰ ਦਾ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਹੈ। ਦੱਸ ਦੇਈਏ ਕਿ ਸਮਰਾਟ ਚੌਧਰੀ ਨੀਤੀਸ਼ ਕੁਮਾਰ ਦੇ ਕਾਰਜਕਾਲ ਦੌਰਾਨ ਡਿਪਟੀ ਸੀ. ਐੱਮ. ਵਜੋਂ ਸੇਵਾਵਾਂ ਨਿਭਾ ਰਹੇ ਸਨ।