ਬਠਿੰਡਾ : ਸ਼ਹਿਰ ਦੇ ਲਾਈਨ ਪਾਰ ਇਲਾਕੇ ਵਿਚ ਕਾਨੂੰਨ-ਵਿਵਸਥਾ ਦੀ ਹਕੀਕਤ ਬਿਆਨ ਕਰਦੀ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਇਕ ਦਰਜਨ ਤੋਂ ਵੱਧ ਨੌਜਵਾਨ ਦੂਜੀ ਧਿਰ ਦੇ ਨੌਜਵਾਨਾਂ ਨੂੰ ਸ਼ਰੇਆਮ ਬੇਰਹਿਮੀ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਹਮਲਾਵਰ ਗਾਲਾਂ ਕੱਢਦੇ ਹੋਏ ਲੱਤਾਂ-ਘਸੁੰਨਾਂ ਅਤੇ ਥੱਪੜਾਂ ਨਾਲ ਹਮਲਾ ਕਰ ਰਹੇ ਹਨ, ਜਦਕਿ ਆਲੇ-ਦੁਆਲੇ ਮੌਜੂਦ ਲੋਕ ਤਮਾਸ਼ਬੀਨ ਬਣੇ ਰਹੇ।
ਜਾਣਕਾਰੀ ਮੁਤਾਬਕ ਦੋਵਾਂ ਧਿਰਾਂ ਵਿਚਕਾਰ ਪਹਿਲਾਂ ਹੋਈ ਕੁੱਟਮਾਰ ਕਾਰਨ ਤਣਾਅ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਕ ਧਿਰ ਦੇ ਨੌਜਵਾਨਾਂ ਨੇ ਦੂਜੀ ਧਿਰ ਦੇ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਸੀ, ਜਿਸ ਦਾ ਬਦਲਾ ਲੈਣ ਲਈ ਵਿਰੋਧੀ ਧਿਰ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚੀ ਅਤੇ ਸ਼ਰੇਆਮ ਹਮਲਾ ਕਰ ਦਿੱਤਾ। ਸਥਾਨਕ ਸਰੋਤਾਂ ਅਨੁਸਾਰ, ਵਿਵਾਦ ਦੀ ਜੜ੍ਹ ਨਸ਼ਾ ਸਮੱਗਲਿੰਗ ਅਤੇ ਉਸ ਨਾਲ ਜੁੜੇ ਪੈਸਿਆਂ ਦਾ ਲੈਣ-ਦੇਣ ਹੈ। ਦੋਵੇਂ ਧਿਰਾਂ ਇਲਾਕੇ ’ਚ ਨਸ਼ੇ ਦੀ ਵਿਕਰੀ ਅਤੇ ਵਸੂਲੀ ਦੇ ਧੰਦੇ ਨਾਲ ਜੁੜੀਆਂ ਦੱਸੀਆਂ ਜਾ ਰਹੀਆਂ ਹਨ। ਇਲਾਕੇ ਦੀ ਮਾਲਕੀ ਅਤੇ ਕਮਾਈ ਦੀ ਵੰਡ ਨੂੰ ਲੈ ਕੇ ਚੱਲ ਰਿਹਾ ਤਣਾਅ ਆਖਰਕਾਰ ਹਿੰਸਕ ਝੜਪ ’ਚ ਬਦਲ ਗਿਆ, ਜਿਸ ਨੇ ਸ਼ਹਿਰ ਦੀ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਸੁਖਬੀਰ ਬਾਦਲ ਨੇ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ
ਵੀਡੀਓ ਵਾਇਰਲ ਹੋਣ ਤੋਂ ਬਾਅਦ ਰਾਜਨੀਤਕ ਹਲਕਿਆਂ ’ਚ ਵੀ ਹਲਚਲ ਮਚ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀਡੀਓ ਸਾਂਝੀ ਕਰਦੇ ਹੋਏ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਦੋਸ਼ ਲਗਾਇਆ ਕਿ ਸੂਬੇ ’ਚ ਗੈਂਗਸਟਰਾਂ ਅਤੇ ਨਸ਼ਾ ਸਮੱਗਲਰਾਂ ਵਿਚਕਾਰ ਗਹਿਰੀ ਗੰਢਤੁੱਪ ਹੈ ਅਤੇ ਸੱਤਾਧਿਰ ਦੇ ਨੇਤਾਵਾਂ ਦੀ ਸ਼ਹਿ ’ਤੇ ਇਹ ਗੈਰ-ਕਾਨੂੰਨੀ ਕਾਰੋਬਾਰ ਵਧ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਬਠਿੰਡਾ ’ਚ ਨਸ਼ਾ ਸਮੱਗਲਰਾਂ ਵਿਚਕਾਰ ਆਪਣੇ-ਆਪਣੇ ਮਾਲਕੀ ਖੇਤਰ ਨੂੰ ਲੈ ਕੇ ਸ਼ਰੇਆਮ ਹੋਈ ਗੈਂਗਵਾਰ ਸਰਕਾਰ ਦੇ ਦਾਅਵਿਆਂ ਦੀ ਹਕੀਕਤ ਬੇਨਕਾਬ ਕਰਦੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਸਿਰਫ ਦਿਖਾਵਟੀ ਸਾਬਤ ਹੋ ਰਹੀ ਹੈ।
ਉੱਧਰ, ਪੁਲਸ ਨੇ ਵਾਇਰਲ ਵੀਡੀਓ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਲਾਕੇ ’ਚ ਤਣਾਅ ਨੂੰ ਦੇਖਦੇ ਹੋਏ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।















