ਇਨਸਾਨ ਬਣਨ ਲਈ ਮੇਰੀ ਜਦੋ ਜਹਿਦ 1560

ਕਲਪਨਾ ਕਰੋ ਕਿ ਤੁਸੀਂ ਕਿਸੇ TV Drama Serial ‘ਚ ਇੰਨੇ ਡੂੰਘੇ ਖੁੱਭ ਜਾਓ ਕਿ ਤੁਹਾਨੂੰ ਇਹ ਚਿੰਤਾ ਸੌਣ ਹੀ ਨਾ ਦੇਵੇ ਕਿ ਕਹਾਣੀ ‘ਚ ਚੀਜ਼ਾਂ ਅੱਗੋਂ ਕਿਵੇਂ ਵਾਪਰਣਗੀਆਂ! ਰੋਜ਼ਾਨਾ ਦੀ ਜ਼ਿੰਦਗੀ ਦੇ ਨਾਟਕਾਂ ‘ਚ, ਅਸੀਂ ਸਾਰੇ ਖ਼ੁਦ ਨੂੰ ਜਿੰਨਾ ਚਾਹੀਦਾ ਹੈ ਉਸ ਤੋਂ ਕਿਤੇ ਵੱਧ ਫ਼ਸਾ ਲੈਂਦੇ ਹਾਂ। ਅਸੀਂ ਉਨ੍ਹਾਂ ਪ੍ਰਕਿਰਿਆਵਾਂ ਬਾਰੇ ਚਿੰਤਤ ਹੁੰਦੇ ਹਾਂ ਜਿਨ੍ਹਾਂ ਨੂੰ ਅਸੀਂ ਬਿਲਕੁਲ ਵੀ ਪ੍ਰਭਾਵਿਤ ਨਹੀਂ ਕਰ ਸਕਦੇ। ਅਸੀਂ ਲਹਿਰਾਂ ਨੂੰ ਮੋੜਨ ਦੀ ਕੋਸ਼ਿਸ਼ ‘ਚ ਊਰਜਾ ਬਰਬਾਦ ਕਰਦੇ ਹਾਂ। ਅਸੀਂ ਬ੍ਰਹਮ ਪ੍ਰਮਾਤਮਾ ਅਤੇ ਕੁਦਰਤੀ ਸ਼ਾਂਤੀ ‘ਚ ਲੋੜੀਂਦਾ ਵਿਸ਼ਵਾਸ ਨਹੀਂ ਦਿਖਾਉਂਦੇ। ਹੁਣ, ਕੁਝ ਸਥਿਤੀਆਂ ਹਨ ਜਿਨ੍ਹਾਂ ‘ਤੇ ਤੁਸੀਂ ਸਕਾਰਾਤਮਕ ਪ੍ਰਭਾਵ ਪਾ ਸਕਦੇ ਹੋ – ਅਤੇ ਕੁਝ ਅਜਿਹੀਆਂ ਵੀ ਜਿਨ੍ਹਾਂ ਨੂੰ ਦੂਰੋਂ ਦੇਖਣਾ ਹੀ ਬਿਹਤਰ ਹੈ। ਅੰਤਰ ਤੋਂ ਜਾਣੂ ਰਹੋ, ਅਤੇ ਆਪਣੀ ਊਰਜਾ ਨੂੰ ਸਮਝਦਾਰੀ ਨਾਲ ਵਰਤੋ।

ਕੀ ਤੁਸੀਂ ਹਮੇਸ਼ਾ ਸਹੀ ਕੰਮ ਕਰਦੇ ਹੋ? ਬਿਲਕੁਲ ਨਹੀਂ। ਤੁਸੀਂ ਆਖ਼ਿਰਕਾਰ ਇੱਕ ਮਨੁੱਖ ਹੀ ਹੋ। ਕੀ ਤੁਸੀਂ ਕਈ ਵਾਰ ਪਾਗਲ ਸਿੱਟਿਆਂ ‘ਤੇ ਅੱਪੜ ਜਾਂਦੇ ਹੋ? ਕੁਦਰਤੀ ਤੌਰ ‘ਤੇ। ਪਰ, ਫ਼ਿਰ, ਅਸੀਂ ਸਾਰੇ ਅਜਿਹਾ ਕਰਦੇ ਹਾਂ। ਮਨੁੱਖ ਗ਼ਲਤੀਆਂ ਦਾ ਪੁਤਲਾ ਹੈ, ਭੁੱਲਣਹਾਰ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਸਾਡੇ ‘ਚੋਂ ਕੁਝ ਸੰਪੂਰਣ ਹੋਣ ਦਾ ਦਿਖਾਵਾ ਕਰਨ ‘ਚ ਬਿਹਤਰ ਹਨ। ਤੁਸੀਂ ਆਪਣਾ ਹੱਥ ਖੜ੍ਹਾ ਕਰਨ ਅਤੇ ਇਹ ਕਹਿਣ ਤੋਂ ਨਹੀਂ ਡਰਦੇ: “ਮੈਥੋਂ ਗ਼ਲਤੀ ਹੋ ਗਈ ਹੈ,” ਜਦੋਂ ਤੁਸੀਂ ਜਾਣਦੇ ਹੋਵੋ ਕਿ ਇੰਝ ਹੋਇਆ ਹੈ। ਤਾਂ ਫ਼ਿਰ ਅੱਜ ਆਪਣਾ ਦੂਜਾ ਹੱਥ ਖੜ੍ਹਾ ਕਰਨ ਤੋਂ ਨਾ ਡਰੋ ਅਤੇ ਕਹੋ: “ਮੈਂ ਹਰ ਗੱਲ ਬਾਰੇ ਸਹੀ ਨਹੀਂ ਹੋ ਸਕਦਾ, ਪਰ ਮੈਂ ਇਸ ਬਾਰੇ ਮੈਂ ਬਿਲਕੁਲ ਸਹੀ ਹਾਂ।” ਕਿਉਂਕਿ ਇੱਕ ਪ੍ਰਮੁੱਖ ਮਾਮਲੇ ‘ਚ ਤੁਸੀਂ ਹੁਣ ਸਹੀ ਹੋ।

ਆਪਣੀ ਮੰਜ਼ਿਲ ਚੁਣਨ ਦਾ ਸਮਾਂ ਕਿਸ਼ਤੀ ‘ਚ ਚੜ੍ਹਨ ਤੋਂ ਪਹਿਲਾਂ ਹੁੰਦੈ। ਆਪਣੇ ਹਥਿਆਰ ਨਾਲ ਨਿਸ਼ਾਨਾ ਸੇਧਣ ਦਾ ਸਮਾਂ ਗੋਲੀ ਚਲਾਉਣ ਤੋਂ ਪਹਿਲਾਂ ਹੁੰਦੈ। ਸੋਚਣ ਦਾ ਸਮਾਂ ਬੋਲਣ ਤੋਂ ਪਹਿਲਾਂ। ਤੁਹਾਨੂੰ ਅਸਲ ‘ਚ ਇਸ ਬਾਰੇ ਯਾਦ ਦਿਵਾਉਣ ਦੀ ਜ਼ਰੂਰਤ ਨਹੀਂ ਪੈਂਦੀ। ਜਾਂ ਘੱਟੋ ਘੱਟ, ਆਮ ਤੌਰ ‘ਤੇ ਨਹੀਂ ਪੈਂਦੀ। ਤੁਸੀਂ ਆਪਣੀ ਕਿਸੇ ਬੇਵਕੂਫ਼ ਚੋਣ ਦੇ ਨਤੀਜਿਆਂ ਦੇ ਭਾਰ ਹੇਠ ਦੱਬੇ ਜਾਣ ਨਾਲੋਂ ਆਪਣੇ ਵਿਕਲਪਾਂ ਨੂੰ ਤੋਲਣਾ ਪਸੰਦ ਕਰਦੇ ਹੋ। ਆਮ ਤੌਰ ‘ਤੇ ਤੁਹਾਡਾ ਸੰਜਮ ਰੱਖਣਾ ਸਹੀ ਹੁੰਦੈ। ਹਾਲਾਂਕਿ, ਕਈ ਵਾਰ, ਤੁਸੀਂ ਜਲਦੀ ਅਤੇ ਫ਼ੈਸਲਾਕੁੰਨ ਢੰਗ ਨਾਲ ਕੰਮ ਕਰਨ ਦੀ ਇੱਛਾ ‘ਚ ਵਹਿ ਜਾਂਦੇ ਹੋ। ਇਹੀ ਤੁਸੀਂ ਇਸ ਵਕਤ ਮਹਿਸੂਸ ਕਰ ਰਹੇ ਹੋ। ਖ਼ੁਦ ਦੀ ਕਾਬਲੀਅਤ ‘ਚ ਭਰੋਸਾ ਰੱਖੋ।

ਜੇਕਰ ਤੁਹਾਡੇ ਕੋਲ ਕੋਈ ਸੁਪਨਾ ਹੀ ਨਹੀਂ ਤਾਂ ਤੁਸੀਂ ਆਪਣੇ ਸੁਪਨੇ ਨੂੰ ਸਾਕਾਰ ਕਿਵੇਂ ਕਰੋਗੇ? ਸੱਚਮੁੱਚ ਕਿਵੇਂ! ਸਾਡੀਆਂ ਕਲਪਨਾਵਾਂ, ਕਈ ਢੰਗਾਂ ਨਾਲ, ਸਾਡੀ ਸਭ ਤੋਂ ਮਹੱਤਵਪੂਰਣ ਸੰਪਤੀ ਹਨ। ਉਹ ਸਾਨੂੰ ਨਿਰਾਸ਼ ਅਤੇ ਪਰੇਸ਼ਾਨ ਕਰ ਸਕਦੀਆਂ ਹਨ ਖ਼ਾਸ ਕਰ ਕੇ ਜਦੋਂ ਸਾਨੂੰ ਇਹ ਅਹਿਸਾਸ ਹੋ ਜਾਵੇ ਕਿ ਅਸੀਂ ਕਦੇ ਵੀ ਉਨ੍ਹਾਂ ਨੂੰ ਹਕੀਕਤ ਦਾ ਜਾਮਾ ਨਹੀਂ ਪਹਿਨਾ ਸਕਦੇ; ਪਰ ਉਹ ਸਾਨੂੰ ਦਿਲਾਸਾ ਵੀ ਦੇ ਸਕਦੀਆਂ ਨੇ ਜੇਕਰ ਅਸੀਂ ਮੁਸੀਬਤ ਦੇ ਸਮੇਂ ‘ਚ ਵੀ ਉਨ੍ਹਾਂ ਨਾਲ ਜੁੜੇ ਰਹੀਏ। ਕਿਸੇ ਵੀ ਕਿਸਮ ਦੀ ਉਮੀਦ ਬਿਲਕੁਲ ਵੀ ਉਮੀਦ ਨਾ ਹੋਣ ਨਾਲੋਂ ਕਿਤੇ ਬਿਹਤਰ ਹੈ – ਅਤੇ ਇਸ ਸਦਾ ਬਦਲਦੀ ਦੁਨੀਆਂ ‘ਚ, ਸਾਡੇ ‘ਚੋਂ ਕੋਈ ਨਹੀਂ ਜਾਣਦਾ ਕਿ ਕੀ ਸੰਭਵ ਹੈ ਅਤੇ ਕੀ ਨਹੀਂ। ਤੁਹਾਡੇ ਕੋਲ ਹੁਣ ਇੱਕ ਵੱਡਾ ਵਿਚਾਰ ਹੈ। ਇਹ ਬਹੁਤ ਦੂਰ ਦੀ ਗੱਲ ਹੋ ਸਕਦੀ ਹੈ ਪਰ ਅਸੰਭਵ ਨਹੀਂ।

ਅਸੀਂ ਮਨੁੱਖ ਅਜੀਬ ਵਿਰੋਧਾਭਾਸਾਂ ਨਾਲ ਭਰੇ ਹੋਏ ਹਾਂ। ਉਦਾਹਰਣ ਵਜੋਂ, ਅਸੀਂ ਆਜ਼ਾਦੀ ਦੀ ਕਦਰ ਕਰਨ ਅਤੇ ਨਿੱਜੀ ਪਸੰਦ ਨੂੰ ਮਹੱਤਵ ਦੇਣ ਦਾ ਦਾਅਵਾ ਕਰਦੇ ਹਾਂ। ਫ਼ਿਰ ਵੀ ਅਸੀਂ ਨਿਯਮਾਂ ਅਨੁਸਾਰ ਖੇਡਣ ਦੀ ਲਗਭਗ ਜਨੂੰਨੀ ਮਜਬੂਰੀ ਤੋਂ ਪੀੜਤ ਹਾਂ। ਸਾਡੇ ਜੀਵਣ ਦੇ ਮੂਲ ‘ਚ ਇਹ ਭਾਵਨਾ ਇੰਨੀ ਡੂੰਘਾਈ ਨਾਲ ਚੱਲਦੀ ਰਹਿੰਦੀ ਹੈ ਕਿ ਅਸੀਂ ਸਿਰਫ਼ ਪਾਬੰਦੀਆਂ ਨੂੰ ਸਵੀਕਾਰ ਹੀ ਨਹੀਂ ਕਰਦੇ, ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ। ਪਰ ਇਨ੍ਹਾਂ ‘ਚੋਂ ਕੋਈ ਵੀ ਚੀਜ਼ ਤੁਹਾਡੇ ਵਲੋਂ ਸਹਿਮਤੀ ਦੇ ਰਵੱਈਏ ਨੂੰ ਅਪਨਾਉਣ ਨੂੰ ਜਾਇਜ਼ ਨਹੀਂ ਠਹਿਰਾਉਂਦੀ। ਕੋਈ ਵੀ ਤੁਹਾਡੇ ਅਧਿਕਾਰ ਨੂੰ ਓਦੋਂ ਤਕ ਕਮਜ਼ੋਰ ਨਹੀਂ ਕਰ ਸਕਦਾ, ਜਦੋਂ ਤਕ ਤੁਸੀਂ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿੰਦੇ। ਅਤੇ ਜੇਕਰ ਤੁਸੀਂ ਦ੍ਰਿੜ ਰਹੋ ਤਾਂ ਤੁਸੀਂ ਹਾਲੇ ਵੀ ਮਹਾਨ ਰੁਤਬੇ ਅਤੇ ਪ੍ਰਭਾਵ ਦਾ ਆਨੰਦ ਮਾਣ ਸਕਦੇ ਹੋ।