ਇਸਲਾਮਾਬਾਦ: ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਾਕਿਸਤਾਨ ਤਹਿਰੀਕ-ਏ-ਇੰਸਾਫ਼ (ਪੀਟੀਆਈ) ਦੇ ਪ੍ਰਮੁੱਖ ਇਮਰਾਨ ਖਾਨ ਨੂੰ ਰਾਹਤ ਦਿੰਦਿਆਂ ਇੱਕ ਵਕੀਲ ਨੂੰ ਜੇਲ੍ਹ ਵਿੱਚ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਪੀਟੀਆਈ ਦੇ ਵਕੀਲ ਸਲਮਾਨ ਸਫਦਰ ਨੂੰ ‘ਨਿਆਂ ਮਿੱਤਰ’ (Amicus Curiae) ਵਜੋਂ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿੱਚ ਇਮਰਾਨ ਖਾਨ ਦੇ ਰਹਿਣ-ਸਹਿਣ ਦੀਆਂ ਮੌਜੂਦਾ ਸਥਿਤੀਆਂ ਬਾਰੇ ਇੱਕ ਰਿਪੋਰਟ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ।
ਚੀਫ਼ ਜਸਟਿਸ ਯਾਹੀਆ ਅਫ਼ਰੀਦੀ ਅਤੇ ਜਸਟਿਸ ਸ਼ਾਹਿਦ ਬਿਲਾਲ ਹਸਨ ਦੀ ਦੋ ਮੈਂਬਰੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਅਦਾਲਤ ਨੂੰ ਸਲਮਾਨ ਸਫਦਰ ‘ਤੇ ਪੂਰਾ ਭਰੋਸਾ ਹੈ। ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਵਕੀਲ ਨੂੰ ਜੇਲ੍ਹ ਦੇ ਬਾਹਰ ਇੰਤਜ਼ਾਰ ਨਾ ਕਰਨਾ ਪਵੇ ਅਤੇ ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਤੱਕ ਪੂਰੀ ਪਹੁੰਚ ਦਿੱਤੀ ਜਾਵੇ ਤਾਂ ਜੋ ਉਹ ਆਪਣਾ ਲਿਖਤੀ ਜਵਾਬ ਦਾਇਰ ਕਰ ਸਕਣ।
ਜ਼ਿਕਰਯੋਗ ਹੈ ਕਿ ਇਮਰਾਨ ਖਾਨ 5 ਅਗਸਤ 2023 ਤੋਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਲਾਖਾਂ ਦੇ ਪਿੱਛੇ ਹਨ। ਸੁਣਵਾਈ ਦੌਰਾਨ ਜਦੋਂ ਵਕੀਲ ਨੇ ਇਮਰਾਨ ਖਾਨ ਦੀ ਸਿਹਤ ਬਾਰੇ ਚਿੰਤਾ ਜਤਾਈ, ਤਾਂ ਜਸਟਿਸ ਅਫ਼ਰੀਦੀ ਨੇ ਸਪੱਸ਼ਟ ਕੀਤਾ ਕਿ ਰਿਪੋਰਟ ਦਾ ਦਾਇਰਾ ਸਿਰਫ਼ ਜੇਲ੍ਹ ਵਿੱਚ ਰਹਿਣ ਦੀਆਂ ਸਥਿਤੀਆਂ ਤੱਕ ਹੀ ਸੀਮਤ ਰਹੇਗਾ। ਅਦਾਲਤ ਨੇ ਵਕੀਲ ਲਤੀਫ਼ ਖੋਸਾ ਦੀ ਮੁਲਾਕਾਤ ਸਬੰਧੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 12 ਫਰਵਰੀ ਲਈ ਤੈਅ ਕੀਤੀ ਹੈ।















