ਪੰਜਾਬ ਕੇਸਰੀ ਗਰੁੱਪ ਵਿਰੁੱਧ ਕੀਤੀ ਕਾਰਵਾਈ ‘ਆਪ’ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ : ਡਾ. ਚੀਮਾ

ਜਲੰਧਰ – ਕੇਜਰੀਵਾਲ ਤੇ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਕੇਸਰੀ ਗਰੁੱਪ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਸਰਕਾਰ ਦੀ ਬੁਖਲਾਹਟ ਦੀ ਨਿਸ਼ਾਨੀ ਹੈ। ਸਰਕਾਰ ਆਜ਼ਾਦ ਮੀਡੀਆ ਨੂੰ ਦਬਾਉਣਾ ਚਾਹੁੰਦੀ ਹੈ ਪਰ ਇਹ ਉਸ ਦੀ ਗਲਤਫਹਿਮੀ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਹੀ।
ਡਾ. ਚੀਮਾ ਨੇ ਕਿਹਾ ਕਿ ਮਾਨ ਸਰਕਾਰ ਵਿਰੋਧੀ ਧਿਰਾਂ ਤੇ ਖਾਸ ਕਰ ਕੇ ਅਕਾਲੀ ਦਲ ਵਿਰੁੱਧ ਬਦਲਾਖੋਰੀ ਦੀ ਨੀਤੀ ਅਪਣਾ ਰਹੀ ਹੈ। ਕੇਜਰੀਵਾਲ ਤੇ ਮੁੱਖ ਮੰਤਰੀ ਨੂੰ ਪਤਾ ਲੱਗ ਚੁੱਕਾ ਹੈ ਕਿ ਜੇ ਕੋਈ ਸਾਨੂੰ ਚੋਣਾਂ ’ਚ ਵੱਟੋ-ਵੱਟ ਪਾ ਸਕਦਾ ਹੈ, ਉਹ ਅਕਾਲੀ ਦਲ ਹੀ ਹੈ ਤੇ ਇਸੇ ਕਰਕੇ ਪਾਰਟੀ ਦੀ ਲੀਡਰਸ਼ਿਪ ਵਿਰੁੱਧ ਸਰਕਾਰ ਕਾਰਵਾਈ ਕਰਨ ’ਚ ਲੱਗੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੱਤਾ ’ਚ ਆ ਕੇ ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਚੀਕਾਂ ਕਢਵਾ ਦੇਵੇਗਾ ਅਤੇ ਮੁੜ ਕੇ ਇਹ ‘ਨਾਲਾਇਕ ਟੋਲੀ’ ਕਿਸੇ ਵੱਲ ਵੀ ਮੂੰਹ ਕਰਨ ਦੀ ਹਿੰਮਤ ਨਹੀਂ ਕਰੇਗੀ।
ਸਾਬਕਾ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ’ਚ ਸੂਬੇ ’ਚ ਵਿਕਾਸ ਕੰਮਾਂ ਲਈ ਇਕ ਵੀ ਇੱਟ ਨਹੀਂ ਲੱਗੀ ਜਦਕਿ ਸਰਕਾਰ ਝੂਠਾ ਪ੍ਰਚਾਰ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾ ਰਿਹਾ ਹੈ। ਦਿੱਲੀ ਵਾਲੇ ਲੁਟੇਰਿਆਂ ਨੇ ਚਾਰ ਸਾਲਾਂ ’ਚ ਸੂਬੇ ਨੂੰ ਲੁੱਟ ਲਿਆ ਹੈ। ਸੂਬੇ ਨੂੰ ਪੈਰ ਸਿਰ ਕਰਨ ਲਈ ਸਖਤ ਕਦਮ ਚੁੱਕਣੇ ਪੈਣਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਲੋਕ ਦਿੱਲੀ ਦੇ ਲੁਟੇਰਿਆਂ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਉਨ੍ਹਾਂ ਦੀ ਮੰਡਲੀ ਨੂੰ ਬੁਰੀ ਤਰ੍ਹਾਂ ਹਰਾਉਣਗੇ, ਕਿਉਂਕਿ ਇਨ੍ਹਾਂ ਨੇ ਕੋਈ ਵੀ ਕਦਮ ਸੂਬੇ ਦੀ ਭਲਾਈ ਲਈ ਨਹੀਂ ਚੁੱਕਿਆ। ਚੋਣਾਂ ’ਚ ਵੋਟਾਂ ਮੰਗਣ ਆਉਣ ’ਤੇ ਲੋਕ ‘ਆਪ’ ਵਾਲਿਆਂ ਨੂੰ ਪਿੰਡਾਂ ’ਚੋਂ ਭਜਾਉਣਗੇ ਅਤੇ ਇਹ ਪਿੰਡਾਂ ’ਚ ਵੜਨ ਦਾ ਜਿਗਰਾ ਨਹੀਂ ਕਰਨਗੇ।