ਬੌਲੀਵੁੱਡ ਅਤੇ ਹੁਣ ਹਾਲੀਵੁੱਡ ‘ਚ ਕੰਮ ਕਰ ਰਹੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਭਾਰਤ ਅਤੇ ਅਮਰੀਕਾ ਦੋਵਾਂ ‘ਚ ਆਪਣੇ ਕੰਮ ‘ਚ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਉਸ ਦਾ ਕਹਿਣਾ ਹੈ ਕਿ ਉਹ ਕੇਵਲ ਇਕ ਦੇਸ਼ ‘ਚ ਨਹੀਂ, ਬਲਕਿ ਦੁਨੀਆ ਭਰ ‘ਚ ਕੰਮ ਕਰਨਾ ਚਾਹੁੰਦੀ ਹੈ। ਪ੍ਰਿਯੰਕਾ ਨੇ ਟਾਕ ਸ਼ੋਅ ‘ਦ ਵਿਊ’ ‘ਚ ਕਿਹਾ, ”ਮੈਂ (ਬੌਲੀਵੁੱਡ) ‘ਚ ਹੁਣ ਵੀ ਕੰਮ ਕਰ ਰਹੀ ਹਾਂ। ਦੋ ਮਹਾਂਦੀਪ, ਕੇਵਲ ਇਕ ਦੇਸ਼ ਨਾਲ ਖੁਸ਼ ਨਹੀਂ ਹਾਂ, ਮੈਨੂੰ ਪੂਰੀ ਦੁਨੀਆ ਚਾਹੀਦੀ ਹੈ।” ਪ੍ਰਿਯੰਕਾ ਹੁਣ ਨਿਊਯਾਰਕ ‘ਚ ਅਮਰੀਕਾ ਟੀ.ਵੀ. ਸ਼ੋਅ ‘ਕਵਾਂਟਿੰਕੋ’ ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ‘ਚ ਕਾਫ਼ੀ ਰੁੱਝੀ ਹੋਈ ਹੈ।
ਪ੍ਰਿਯੰਕਾ ਨੇ ਕਿਹਾ, ”ਆਪਣੇ ਦੇਸ਼ ਨੂੰ ਛੱਡਣਾ ਅਤੇ ਪੂਰੀ ਤਰ੍ਹਾਂ ਦੂਜੇ ਦੇਸ਼ ‘ਚ ਜਾਣਾ, ਬਹੁਤ ਮੁਸ਼ਕਿਲ ਹੁੰਦਾ ਹੈ ਅਤੇ ਮੈਂ ਇੱਥੇ ਇਕੱਲੀ ਹਾਂ, ਮੇਰੇ ਕੋਲ ਮੇਰਾ ਪਰਿਵਾਰ ਨਹੀਂ ਹੈ, ਮੇਰੇ ਦੋਸਤ ਵੀ ਨਹੀਂ ਹਨ। ਹਾਲਾਂਕਿ ਮੇਰੇ ਸਹਿਯੋਗੀ ਹਮੇਸ਼ਾ ਮੈਨੂੰ ਸਹਿਜ ਮਹਿਸੂਸ ਕਰਾਉਣ ‘ਚ ਮੇਰੀ ਮਦਦ ਕਰਦੇ ਰਹਿੰਦੇ ਹਨ। ਜਦੋ ਵੀ ਦੀਵਾਲੀ ਜਾਂ ਫ਼ਿਰ ਛੁੱਟੀਆਂ ਹੁੰਦੀਆਂ ਹਨ ਤਾਂ ਉਹ ਹਮੇਸ਼ਾ ਮੇਰੇ ਲਈ ਉਸ ਦਿਨ ਨੂੰ ਖਾਸ ਬਣਾ ਦਿੰਦੇ ਹਨ।”











