ਮੈਂ ਫ਼ਿਰ ਕੈਨੇਡਾ ਆਇਆ-7

walia-big-1-300x95ਪੱਤਰਕਾਰੀ ਦਾ ਸ਼ੌਂਕ ਪੁਰਾਣਾ ਸੀ। ਸਰਕਾਰੀ ਕਾਲਜ ਮਲੇਰਕੋਟਲਾ ਵਿੱਚ ਪੜ੍ਹਦੇ ਸਮੇਂ ਅਖਬਾਰਾਂ ਵਿੱਚ ਲਿਖਣ ਅਤੇ ਨਾਮ ਛਪਾਉਣ ਵਿੱਚ ਵਾਹਵਾ ਦਿਲਚਸਪੀ ਹੁੰਦੀ ਸੀ। ਮੇਰੇ ਵਾਂਗ ਹੀ ਅਮਰ ਸਿੰਘ ਭੁੱਲਰ ਵੀ ਅਜਿਹਾ ਹੀ ਸ਼ੌਂਕ ਪਾਲਦਾ ਸੀ। ਅਮਰ ਸਿੰਘ ਭੁੱਲਰ ਅੱਜਕਲ੍ਹ ਟਰਾਂਟੋ ਤੋਂ ਨਿਕਲਦੇ ‘ਹਮਦਰਦ’ ਅਖਬਾਰ ਦਾ ਸੰਪਾਦਕ ਹੈ ਅਤੇ ਹਮਦਰਦ ਟੀ. ਵੀ. ਦਾ ਵੀ ਮਾਲਕ ਹੈ। ਅਸੀਂ ਦੋਵੇਂ ਖਬਰਾਂ ਲਿਖ ਕੇ ‘ਨਵਾਂ ਜ਼ਮਾਨਾ’ ਨੂੰ ਜਾਂ ‘ਅਕਾਲੀ ਪੱਤ੍ਰਿਕਾ’ ਨੂੰ ਭੇਜ ਦਿੰਦੇ ਸਾਂ। ਪੱਤਰਕਾਰੀ ਵਾਂਗ ਹੀ ਸਾਹਿਤ ਵਿੱਚ ਦਿਲਚਸਪਖੀ ਸੀ। ਸਾਹਿਤ ਵਿੱਚ ਦਿਲਚਸਪੀ ਤਾਂ ਸਕੂਲ ਪੱਧਰ ਤੋਂ ਹੀ ਸੀ। ਗਾਂਧੀ ਸਕੂਲ ਅਹਿਮਦਗੜ੍ਹ ਦੀ ਸਾਹਿਤ ਸਭਾ ਦਾ ਮੈਂ ਪ੍ਰਧਾਨ ਸਾਂ। ਉਸੇ ਦਿਲਚਸਪੀ ਕਾਰਨ ਅਸੀਂ ਦੋਸਤਾਂ ਨੇ ਰਲ ਕੇ ਸ਼ਹੀਦ ਪਰਾਗ ਸਿੰਘ ਲਾਇਬ੍ਰੇਰੀ ਚਲਾਉਣੀ ਸ਼ੁਰੂ ਕੀਤੀ ਸੀ। ਜਿਸਦੀ ਸ਼ੁਰੂਆਤ ਸ਼ਹਿਰ ਦੇ ਆਜ਼ਾਦੀ ਘੁਲਾਟੀਏ ਸ਼ਹੀਦ ਪਰਾਗ ਸਿੰਘ ਦੇ ਨਾਮ ‘ਤੇ ਪ੍ਰੋ. ਅਮਰਜੀਤ ਸਿੰਘ ਪਰਾਗ ਅਤੇ ਬਾਲ ਆਨੰਦ ਆਈ. ਐਫ਼. ਐਸ. ਵਰਗੇ ਬੁੱਧੀਜੀਵੀਆਂ ਨੇ ਕੀਤੀ ਸੀ। ਸਕੂਲ ਵਾਂਗ ਮੈਂ ਕਾਲਜ ਸਾਹਿਤ ਸਭਾ ਦਾ ਜਰਨਲ ਸਕੱਤਰ ਸਾਂ। ਹਰਨੇਕ ਕਲੇਰ ਅਤੇ ਮੀਤ ਖੱਟੜਾ ਵੱਲੋਂ ਚਲਾਏ ਜਾ ਰਹੇ ਦੋ ਮਾਸਿਕ ‘ਪਰਿੰਦਾ’ ਪੱਤਰ ਦਾ ਸਹਿਯੋਗੀ ਬਣ ਗਿਆ ਸਾਂ। ਕਾਲਜ ਵਿੱਚ ਮੇਰੀ ਨੇੜਤਾ ਡਾ. ਆਤਮ ਹਮਰਾਹੀ ਨਾਲ ਹੋ ਗਈ ਸੀ। ਜਦੋਂ ਮੇਰੀ ਬੀ. ਏ. ਹੋਈ ਉਧਰ ਡਾ. ਹਮਰਾਹੀ ਦੀ ਬਦਲੀ ਸਰਕਾਰੀ ਕਾਲਜ ਲੁਧਿਆਣਾ ਦੀ ਹੋ ਗਈ। ਡਾ. ਆਤਮ ਹਮਰਾਹੀ ਦੀ ਪ੍ਰੇਰਨਾ ਸਦਕਾ ਹੀ ਮੈਂ ਐਮ. ਏ. ਪੰਜਾਬੀ ਵਿੱਚ ਦਾਖਲਾ ਲੈ ਲਿਆ ਸੀ। ਸਰਕਾਰੀ ਕਾਲਜ ਲੁਧਿਆਣਾ ਦਾ ਪੰਜਾਬੀ ਵਿਭਾਗ ਨਾਮੀ ਵਿਭਾਗ ਮੰਨਿਆ ਜਾਂਦਾ ਸੀ। ਪ੍ਰੋ. ਮਹਿੰਦਰ ਸਿੰਘ ਚੀਮਾ, ਡਾ. ਰਣਧੀਰ ਸਿੰਘ ਚੰਦ, ਡਾ. ਗੁਰਚਰਨ ਸਿੰਘ ਅਤੇ ਡਾ. ਜੋਗਿੰਦਰ ਸਿੰਘ ਆਦਿ ਪ੍ਰੋਫ਼ੈਸਰ ਸਨ। ਮੈਂ ਮਲੇਰਕੋਟਲਾ ਕਾਲਜ ਦੇ ਮੈਗਜ਼ੀਨ ਵਾਂਗ ਹੀ ਸਰਕਾਰੀ ਕਾਲਜ ਲੁਧਿਆਣਾ ਦੇ ਮੈਗਜ਼ੀਨ ‘ਸਤਲੁਜ’ ਦਾ ਸੰਪਾਦਕ ਬਣ ਗਿਆ ਸੀ। ਪਰ ਬੜੀ ਜਲਦੀ ਹੀ ਮੈਨੂੰ ਸਮਝ ਆ ਗਈ ਸੀ ਕਿ ਮੇਰਾ ਕਰਮ ਖੇਤਰ ਸਾਹਿਤ ਦੀ ਬਜਾਏ ਪੱਤਰਕਾਰੀ ਹੈ। ਭਾਵੇਂ ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਕਰਨ ਲੱਗ ਪਿਆ ਸਾਂ ਪਰ ਸਰਕਾਰੀ ਕਾਲਜ ਦੇ ਦੋਸਤਾਂ ਨਾਲ ਮੇਰਾ ਰਾਬਤਾ ਕਾਇਮ ਸੀ।ਵੈਨਕੂਵਰ ਦੀ ਇਸ ਵਾਰ ਦੀ ਫ਼ੇਰੀ ਨੇ ਸਰਕਾਰੀ ਕਾਲਜ ਦੀਆਂ ਯਾਦਾਂ ਨੂੰ ਇਕ ਵਾਰ ਫ਼ਿਰ ਤਾਜ਼ਾ ਕਰ ਦਿੱਤਾ ਸੀ। ਇਸ ਦਾ ਸਬੱਬ ਰਣਧੀਰ ਢਿੱਲੋਂ ਸੀ। 37 ਵਰ੍ਹਿਆਂ ਬਾਅਦ ਰਣਧੀਰ ਢਿੱਲੋਂ ਨੂੰ ਮਿਲਾਉਣ ਦਾ ਸਬੱਬ ਸਖਮੰਦਰ ਸਿੰਘ ਬਰਾੜ ਬਣਿਆ। ਰੈਡ ਐਫ਼. ਐਮ. ਰੇਡੀਓ ਦੇ ਸਟੂਡੀਓ ਤੋਂ ਬਾਹਰ ਆ ਕੇ ਮੈਂ ਬਰਾੜ ਸਾਹਿਬ ਨੂੰ ਕਿਹਾ ਕਿ ‘ਯਾਰ, ਚਾਹ ਪੀਣ ਨੂੰ ਚਿੱਤ ਕਰਦੈ’। ਉਹਨਾਂ ਆਪਣੇ ਇਕ ਦੋਸਤ ਨੂੰ ਫ਼ੋਨ ਕਰਕੇ ਕਿਹਾ ਕਿ ਅਸੀਂ ਚਾਹ ਪੀਣ ਆ ਰਹੇ ਹਾਂ। ਇਹ ਦੋਸਤ ਰਣਧੀਰ ਢਿੱਲੋਂ ਸੀ। ਗੱਲਾਂ ਗੱਲਾਂ ਵਿੱਚ ਪਤਾ ਲੱਗਾ ਕਿ ਰਣਧੀਰ ਵੀ ਐਮ. ਏ. ਪੰਜਬੀ ਵਿੱਚ ਮੇਰਾ ਜਮਾਤੀ ਸੀ। ਇਸ ਗੱਲ ਦੀ ਤਸਦੀਕ ਉਸ ਵੇਲੇ ਦੀ ਗਰੁੱਪ ਫ਼ੋਟੋ ਨੇ ਕਰ ਦਿੱਤੀ। ਇਸ ਫ਼ੋਟੋ ਵਿੱਚ ਅਸੀਂ ਗੁਰਇਕਬਾਲ ਤੂਰ ਸਮੇਤ ਕਈ ਦੋਸਤਾਂ ਨੂੰ ਪਹਿਚਾਣ ਲਿਆ ਸੀ। ਡਾ. ਆਤਮ ਹਮਰਾਹੀ ਅਤੇ ਮੈਡਮ ਦਾਦੀ ਸਮੇਤ ਸਾਰੇ ਪ੍ਰੋਫ਼ੈਸਰਾਂ ਨੂੰ ਯਾਦ ਕਰਦੇ ਹੋਏ ਸਰਕਾਰੀ ਕਾਲਜ ਲੁਧਿਆਣਾ ਦੇ ਕੁਝ ਦੋਸਤਾਂ ਨੇ ਸਮੇਤ ਢਿੱਲੋਂ ਦੇ ਘਰ ਡਿਨਰ ‘ਤੇ ਇਕੱਲੇ ਹੋਣ ਦਾ ਫ਼ੈਸਲਾ ਕੀਤਾ। ਉਂਝ 16 ਅਕਤੂਬਰ ਨੂੰ ਗੌਰਮਿੰਟ ਕਾਲਜ ਦੇ ਸਾਬਕਾ ਵਿਦਿਆਰਥੀਆਂ ਦੀ ਰੀ-ਯੂਨੀਅਨ ਹੋਣੀ ਸੀ ਪਰ ਉਸ ਸਮੇਂ ਤੱਕ ਮੇਰਾ ਰਹਿਣਾ ਸੰਭਵ ਨਹੀਂ ਸੀ ਕਿਉਂਕਿ ਮੈਂ ਕੈਲਗਰੀ ਅਤੇ ਐਡਮਿੰਟਨ ਦੇ ਪ੍ਰੋਗਰਾਮ ਬਣਾ ਚੁੱਕਾ ਸਾਂ।ਸੋ, ਨਿਸਚਿਤ ਦਿਨ ਅਸੀਂ ਗੌਰਮਿੰਟ ਕਾਲਜ ਨਾਲ ਸਬੰਧਤ ਕੁਝ ਦੋਸਤ ਰਣਧੀਰ ਢਿੱਲੋਂ ਦੇ ਘਰ ਇਕੱਠੇ ਹੋਏ। ਇਹਨਾਂ ਵਿੱਚ ਮਲੇਰਕੋਟਲੇ ਕਾਲਜ ਵਿੱਚ ਮੇਰੇ ਨਾਲ ਪੜ੍ਹਦਾ ਮੇਰਾ ਜਮਾਤੀ ਪ੍ਰਿਥੀਪਾਲ ਸਿੰਘ ਸੋਹੀ ਵੀ ਸੀ, ਜੋ ਗੌਰਮਿੰਟ ਕਾਲਜ ਲੁਧਿਆਣਾ ਵਿੱਚ ਨਾ ਸਿਰਫ਼ ਰਾਜਨੀਤੀ ਦਾ ਪ੍ਰੋਫ਼ੈਸਰ ਰਿਹਾ ਸੀ, ਬਲਕਿ ਵਾਈਸ ਪ੍ਰਿੰਸੀਪਲ ਵੀ ਰਿਹਾ ਸੀ। ਮੋਹਨ ਗਿੱਲ, ਹਰਮਦ ਸਿੰਘ ਮਾਨ ਅਤੇ ਹਰਚੰਦ ਸਿੰਘ ਬਾਗੜੀ ਵੀ ਉਥੇ ਹਾਜ਼ਰ ਸਨ। ਢਿੱਲੋਂ ਦੀ ਬੇਸਮਿੰਟ ਵਿੱਚ 16 ਅਕਤੂਬਰ ਨੂੰ ਹੋਣ ਵਾਲੇ ਫ਼ੰਕਸ਼ਨ ਦੀ ਤਿਆਰੀ ਵਜੋਂ ਗਿੱਧੇ ਦੀ ਰਿਹੱਸਲ ਚੱਲ ਰਹੀ ਸੀ। ਬੜਾ ਨਿੱਘ ਭਰਿਆ ਮਾਹੌਲ ਸੀ। ਮੇਰੇ ਬਿਨਾਂ ਸਾਰੇ ਆਪੋ ਆਪਣੀਆਂ ਸਰਦਾਰਨੀਆਂ ਨਾਲ ਆਏ ਸਨ। ਯਾਦਾਂ, ਚੁਟਕਲੇ, ਠਹਾਕੇ ਅਤੇ ਪੰਜਾਬ ਦੀ ਸਿਆਸਤ ਦੀ ਚਰਚਾ ਕਰਦੇ ਹੋਏ ਸਮਾਂ ਉਡਾਰੀ ਮਾਰ ਗਿਆ ਸੀ। ਮਹਿਫ਼ਲ ਵਿੱਚ ਹਾਜ਼ਰ ਦੋਸਤ ਇਕ ਗੱਲ ‘ਤੇ ਸਹਿਮਤ ਸਨ ਕਿ ਜ਼ਿੰਦਗੀ ਦੇ ਹਰ ਪੜਾਅ ‘ਤੇ ਬੰਦਾ ਆਪਣੇ ਸਕੂਲ, ਕਾਲਜ ਅਤੇ ਯੂਨੀਵਰਸਿਟੀ ਨਾਲ ਜਜ਼ਬਾਤੀ ਤੌਰ ‘ਤੇ ਹਮੇਸ਼ਾ ਜੁੜਿਆ ਰਹਿੰਦਾ ਹੈ। ਉਸ ਵੇਲੇ ਦੀਆਂ ਯਾਦਾਂ ਬੰਦੇ ਨੂੰ ਸਕੂਨ ਦਿੰਦੀਆਂ ਹਨ। ਹੋਰ ਜਿਊਣ ਦਾ ਹੌਸਲਾ ਦਿੰਦੀਆਂ ਹਨ। ਤਾਰੋ ਤਾਜ਼ਾ ਕਰਦੀਆਂ ਹਨ। ਇਸ ਮਹਿਫ਼ਲ ਵਿੱਚੋਂ ਤਰੋ ਤਾਜ਼ਾ ਹੋ ਕੇ ਮੈਂ ਹਰਚੰਦ ਸਿੰਘ ਬਾਗੜੀ ਦੀ ਕਾਰ ਵਿੱਚ ਬੈਠ ਗਿਆ ਅਤੇ ਬਾਗੜੀ ਸਾਹਿਬ ਨੇ ਆਪਣੀ ਕਾਰ ਨੁੰ ਕੌਕੂਟਲਮ ਵੱਲ ਪਾ ਲਿਆ।
ਕੋਕੂਟਲਮ ਬ੍ਰਿਟਿਸ਼ ਕੋਲੰਬੀਆ ਦੇ ਗਰੇਟਰ ਵੈਨਕੂਵਰ ਦਾ ਛੇਵਾਂ ਵੱਡਾ ਸ਼ਹਿਰ ਹੈ। 2011 ਦੀ ਜਨਗਣਨਾ ਅਨੁਸਾਰ ਇਸ ਦੀ ਕੁੱਲ ਜਨਸੰਖਿਆ 126,840 ਸੀ। ਇਸ ਸ਼ਹਿਰ ਦੇ ਪ੍ਰਵਾਸੀਆਂ ਵਿੱਚੋਂ ਸਭ ਤੋਂ ਜ਼ਿਆਦਾ ਚੀਨੀ ਮੂਲ ਦੇ ਲੋਕ ਹਨ, ਜਿਹਨਾਂ ਦੀ ਗਿਣਤੀ 17.2 ਫ਼ੀਸਦੀ ਹੈ।2011 ਦੀ ਮਰਦਮਸੁਮਾਰੀ ਅਨੁਸਾਰ ਦੱਖਣੀ ਏਸ਼ੀਆ ਦੇ ਲੋਕਾਂ ਦੀ ਗਿਣਤੀ ਸਿਰਫ਼ 3.7 ਫ਼ੀਸਦੀ ਹੈ। ਹਰਚੰਦ ਸਿੰਘ ਬਾਗੜੀ ਨੇ ਇਸ ਸ਼ਹਿਰ ਵਿੱਚ ਆਪਣਾ ਘਰ ਬਣਾਇਆ ਹੋਇਆ ਹੈ। ਬਾਗੜੀ ਮੇਰੇ ਪੁਰਾਣੇ ਮਿੱਤਰਾਂ ਵਿੱਚੋਂ ਹਨ। 2009 ਵਿੱਚ ਐਡਮਿੰਟਨ ਵਿਖੇ ਐਲਬਰਟਾ ਦੀ ਅਸੈਂਬਲੀ ਵਿੱਚ ਇਹਨਾਂ ਦੀ ਇਕ ਕਿਤਾਬ ਜਾਰੀ ਕਰਨ ਤੋਂ ਪਹਿਲਾਂ ਮੈਂ ਇਕ ਵਾਰ ਇਹਨਾਂ ਦੀ ਕਿਤਾਬ ਉਤੇ ਅਹਿਮਦਗੜ੍ਹ ਵਿਖੇ ਪਰਚਾ ਪੜ੍ਹ ਚੁੱਕਿਆ ਸਾਂ। ਅਗਸਤ 2011 ਵਿੱਚ ਬਾਗੜੀ ਸਾਹਿਬ ਦਾ ਮਹਾਂ ਕਾਵਿ ‘ਕਿਸ ਬਿਧ ਮਿਲੀ ਆਜ਼ਾਦੀ’ ਸਰੀ ਵਿੱਚ ਰਿਲੀਜ਼ ਹੋਇਆ ਸੀ ਅਤੇ ਉਸ ਵਿੱਚ ਮੈਂ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਇਆ ਸੀ। ਮੇਰਾ ਹਰਚੰਦ ਸਿੰਘ ਬਾਗੜੀ ਨਾਲ ਵਾਅਦਾ ਸੀ ਕਿ ਇਕ ਦਿਨ ਲਹ. ਤੁਹਾਡੇ ਕੋਲ ਜ਼ਰੂਰ ਠਹਿਰਾਂਗਾ। ਸੋ ਅੱਜ ਉਹ ਵਾਅਦਾ ਪੁਗਾਉਣ ਚੱਲਿਆ ਸਾਂ। ਹਰਚੰਦ ਸਿੰਘ ਬਾਗੜੀ ਬੜਾ ਮਿਹਨਤੀ ਇਨਸਾਨ ਹੈ ਅਤੇ ਉਹ ਮਿਹਨਤ ਅਤੇ ਖੋਜ ਤੋਂ ਬਾਅਦ ਆਪਣੇ ਮਹਾਂ ਕਾਵਿ ਲਿਖ ਰਿਹਾ ਹੈ।
ਬਾਗੜੀ ਕੋਲ ਇਕ ਰਾਤ ਰਹਿਣ ਤੋਂ ਬਾਅਦ ਮੈਂ ਗੁਰਦੁਆਰਾ ਰਾਊਸ ਸਟਰੀਟ ਵੈਨਕੂਵਰ ਪਹੁੰਚਿਆ। ਇਹ ਗੁਰੂ ਘਰ ਸਭ ਤੋਂ ਪੁਰਾਣਾ ਹੈ। 22 ਜੁਲਾਈ 1906 ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਹੋਂਦ ਵਿੱਚ ਆਈ ਸੀ ਅਤੇ 1906 ਵਿੱਚ ਇਹ ਗੁਰਦੁਅਰਾ ਬਣਿਆ ਸੀ। ਇਸ ਬਾਰੇ ‘ਕਨੇਡੀਅਨ ਸਿੱਖਾਂ ਦਾ ਇਤਿਹਾਸ’ ਵਿੱਚ ਦਰਜ ਹੈ ਕਿ ਮਲਾਇਆ ਅਤੇ ਹਾਂਗਕਾਂਗ ਆਦਿ ਵਿੱਚ ਚੀਫ਼ ਖਾਲਸਾ ਦੀਵਾਨ ਦੀ ਤਰਜ਼ ਤੇ ਅਸੂਲਾਂ ਉਤੇ ਆਧਾਰਿਤ ਪਹਿਲਾਂ ਹੀ ਖਾਲਸਾ ਦੀਵਾਨ ਸੁਸਾਇਟੀਆਂ ਬਣ ਚੁੱਕੀਆਂ ਸਨ। ਕੈਨੇਡਾ ਵਿੱਚ ਆਉਣ ਵਾਲੇ ਪੰਜਾਬੀ ਇਹਨਾਂ ਮੁਲਕਾਂ ਵਿੱਚ ਹੁੰਦੇ ਹੋਏ ਇੱਥੇ ਪਹੁੰਚਦੇ ਸਨ। ਇਹਨਾਂ ਸਭ ਪੰਜਬੀਆਂ ਨੇ ਰਲ ਕੇ ਕੇਨੇਡਾ ਵਿੱਚ ਖਾਲਸਾ ਦੀਵਾਨ ਸੁਸਾਇਟੀ ਬਣਾਉਣ ਦਾ ਫ਼ੈਸਲਾ 22 ਜੁਲਾਈ 1906 ਵਾਲੇ ਇਕੱਠ ਵਿੱਚ ਕੀਤਾ। ਇਸ ਸੁਸਾਇਟੀ ਦੀ ਅਗਵਾਈ ਹੇਠ ਹੀ ਵੈਨਕੂਵਰ ਗੁਰਦੁਆਰਾ ਬਣਾਉਣ ਦਾ ਫ਼ੈਸਲਾ ਵੀ ਲਿਆ ਗਿਆ। ਗੁਰਦੁਆਰੇ ਦੀ ਇਮਾਰਤ ਜੋ 1866 ਸੈਕਿੰਡ ਵੈਸਟ ਐਵੇਨਿਊ ਵੈਨਕੂਵਰ ਵਿੱਚ ਉਸਾਰੀ ਗਈ, ਉਸ ਦਾ ਠੇਕਾ ਅਕਤੂਬਰ 1907 ਦੇ ਮੁਢਲੇ ਦਿਨਾਂ ਵਿੱਚ ਦਿੱਤਾ ਗਿਆ। ਅਕਤੂਬਰ 1907 ਦੇ ਅਖੀਰ ਵਿੱਚ ਗੁਰਦੁਆਰੇ ਦੀ ਨੀਂਹ ਰੱਖੀ ਗਈ। 19 ਜਨਵਰੀ 1908 ਨੁੰ ਇਸ ਗੁਰਦੁਆਰੇ ਦਾ ਉਦਘਾਟਨ ਕੀਤਾ ਗਿਆ।
ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਬੀ. ਸੀ. ਉਤਰੀ ਅਮਰੀਕਾ ਵਿੱਚ ਸਭ ਤੋਂ ਪੁਰਾਣੇ ਭਾਰਤ ਤੋਂ ਆਏ ਪੰਜਾੀਬ ਸਿੱਖਾਂ ਦੀ ਜਥੇਬੰਦੀ ਹੈ। ਖਾਲਸਾ ਦੀਵਾਨ ਸੁਸਾਇਟੀ ਦਾ ਇਤਿਹਾਸ ਪੰਜਾਬੀਆਂ, ਖਾਸ ਕਰਕੇ ਸਿੱਖਾਂ ਦਾ ਉਤਰੀ ਅਮਰੀਕਾ, ਕੈਨੇਡਾ ਨੂੰ ਆਉਣ, ਆ ਕੇ ਵੱਸਣ ਤੇ ਟਿਕਣ, ਟਿਕੇ ਰਹਿਣ ਲਈ ਘੋਲ, ਨਸਲਵਾਦ ਦੇ ਵਿਰੁੱਧ ਆਪਦੇ ਬਚਾਅ ਲਈ ਸੰਘਰਸ਼, ਟੱਬਰ ਮੰਗਾਉਣ ਤੇ ਹੋਰ ਭਾਰਤੀ ਪੰਜਾਬੀਆਂ ਨੂੰ ਇੱਥੇ ਆਉਣ ਦੀ ਖੁੱਲ੍ਹ ਲਈ ਜੱਦੋ-ਜਹਿਦ, ਰਹਿਣ ਦੇ ਮਿਆਰ ਨੂੰ ਉਚਾ ਕਰਕੇ ਸਫ਼ਲ ਜੀਵਨ ਜਿਊਣ ਦੀ ਕੋਸ਼ਿਸ਼, ਭਾਰਤ ਨੂੰ ਆਜ਼ਾਦ ਕਰਾਉਣ ਲਈ ਯੋਗਦਾਨ ਅਤੇ ਕੁਰਬਾਨੀ ਅਤੇ ਇੰਝ ਇਕ ਢੰਗ ਨਾਲ ਕੈਨੇਡਾ ਦੀ ਉਸਾਰੀ ਦਾ ਇਤਿਹਾਸ ਵੀ ਹੈ। ਇਹ ਕੈਨੇਡਾ ਦੇ ਸਮੁੱਚੇ ਇਤਿਹਾਸ ਦਾ ਇਕ ਮਹੱਤਵਪੂਰਨ ਅਤੇ ਅਹਿਮ ਕਾਂਡ ਹੈ। ਮੈਂ ਇਸ ਇਤਿਹਾਸਕ ਗੁਰੂ ਘਰ ਦੇ ਦਰਸ਼ਨ ਕਰਨਾ ਚਾਹੁੰਦਾ ਸਾਂ। ਇਹ ਨਹੀਂ ਕਿ ਇੱਥੇ ਮੈਂ ਪਹਿਲੀ ਵਾਰ ਆਇਆ ਸਾਂ। ਇੱਥੇ ਮੈਂ ਪਹਿਲਾਂ ਵੀ ਕਈ ਵਾਰ ਆਇਆ ਸਾਂ ਪਰ ਇਸ ਵਾਰ ਇੱਥੇ ਆਉਣ ਦੇ ਦੋ ਕਾਰਨ ਸਨ। ਇਕ ਇਸ ਗੁਰੂ ਘਰ ਦਾ ਅੱਗ ਨੇ ਬਹੁਤ ਨੁਕਸਾਨ ਕੀਤਾ ਸੀ ਅਤੇ ਮੈਂ ਗੁਰੂ ਘਰ ਦੀ ਨਵੀਂ ਇਮਾਰਤ ਦੇਖਣਾ ਚਾਹੁੰਦਾ ਸਾਂ। ਜਿਸ ਬਾਰੇ ਮੈਨੂੰ ਉਥੇ ਜਾ ਕੇ ਹੀ ਪਤਾ ਲੱਗਾ ਕਿ ਅਜੇ ਇਮਾਰਤ ਦੀ ਉਸਾਰੀ ਦੀ ਵਾਹਵਾ ਵਕਤ ਲੱਗੇਗਾ। ਦੂਜਾ ਕਾਰਨ ਇਸ ਗੁਰੂ ਘਰ ਦਾ ਹੈਡ ਗ੍ਰੰਥੀ ਭਾਈ ਹਰਵਿੰਦਰ ਪਾਲ ਸਿੰਘ ਸੀ, ਜੋ ਮੇਰੇ ਪਰਮ ਮਿੱਤਰਾਂ ਵਿੱਚੋਂ ਇਕ ਹੈ। ਗੁਰੂ ਘਰ ਦੀ ਸੇਵਾ ਤੋਂ ਪਹਿਲਾਂ ਉਹ ਅਧਿਆਪਨ ਦੇ ਕਿੱਤੇ ਨਾਲ ਸਬੰਧਤ ਸੀ। ਮੈਂ ਭਾਈ ਸਾਹਿਬ ਨੂੰ ਅਤੇ ਉਹਨਾ ਦੇ ਪਰਿਵਾਰ ਨੂੰ ਮਿਲਣਾ ਚਾਹੁੰਦਾ ਸੀ। ਭਾਈ ਹਰਵਿੰਦਰ ਪਾਲ ਸਿੰਘ ਦਾ ਘਰ ਵੀ ਗੁਰੂ ਘਰ ਦੀ ਚਾਰਦੀਵਾਰੀ ਵਿੱਚ ਹੀ ਸਥਿਤ ਹੈ। ਬਾਗੜੀ ਸਾਹਿਬ ਮੈਨੂੰ ਉਥੇ ਛੱਡ ਗਏ। ਅਸੀਂ ਚਾਹ ਦੇ ਕੱਪ ਪੀਂਦੇ ਜ਼ਿੰਦਗੀ ਦੀ ਕਿਤਾਬ ਤੇ ਪੁਰਾਣੇ ਵਰਕੇ ਫ਼ਲੋਲਣ ਲੱਗੇ।
ਇੱਥੇ ਬੈਠਿਆਂ ਅਜੇ ਇਕ ਦੋ ਘੰਟੇ ਹੀ ਬੀਤੇ ਸਨ ਕਿ ਕੈਲ ਰੰਗੀ ਦਾ ਫ਼ੋਨ ਆ ਗਿਆ। ਉਹ ਅਤੇ ਉਸਦਾ ਦੋਸਤ ਪਾਲ ਮੇਰਾ ਪਾਰਕਿੰਗ ਵਿੱਚ ਇੰਤਜ਼ਾਰ ਕਰ ਰਹੇ ਸਨ। ਕੁਲਦੀਪ ਸਿੰਘ ਰੰਗੀ ਜੋ ਕੈਨੇਡਾ ਜਾ ਕੇ ਕੈਲ ਰੰਗੀ ਹੋ ਗਿਆ ਸੀ, ਨਾਲ ਅਸੀਂ ਗੌਲਫ਼ ਕਲੱਬ ਚਲੇ ਗਏ। ਥੋੜ੍ਹੀ ਥੋੜ੍ਹੀ ਬਰਸਾਤ ਪੈ ਰਹੀ ਸੀ, ਠੰਡੀ ਠੰਡੀ ਹਵਾ ਰੁਮਕ ਰਹੀ ਸੀ। ਮੇਰੇ ਲਈ ਤਾਂ ਇਹ ਬੜਾ ਖੂਬਸੂਰਤ ਮੌਸਮ ਸੀ, ਭਾਵੇਂ ਗੋਰਿਆਂ ਨੂੰ ਹਮੇਸ਼ਾ ਧੁੱਪ ਪਸੰਦ ਹੁੰਦੀ ਹੈ। ਖੂਬਸੂਰਤ ਮੌਸਮ ਦਾ ਆਨੰਦ ਮਾਣਦੇ ਹੋਏ ਅਸੀਂ ਬੀਤੇ ਦੀਆਂ ਫ਼ਿਰਕੀਆਂ ਘੁੰਮਾਉਂਦੇ ਰਹੇ। ”ਰੰਗੀ ਸਾਹਿਬ ਮੈਨੂੰ ਰਵਿੰਦਰ ਗਿੱਲ ਦੇ ਘਰ ਛੱਡ ਆਓ।” ਰਵਿੰਦਰ ਗਿੱਲ ਨਾਲ ਸਾਡੀ ਪਰਿਵਾਰਕ ਸਾਂਝ ਹੈ। ਸੁਧਾਰ ਦੇ ਰਹਿਣ ਵਾਲੇ ਰਵਿੰਦਰ ਗਿੰਲ ਦਾ ਵੱਡਾ ਭਰਾ ਜੋ ਕਰਨਲ ਰਿਟਾਇਰਡ ਹੋਇਆ ਹੈ, ਮੇਰੇ ਨਾਲ ਮਲੇਰਕੋਟਲੇ ਕਾਲਜ ਵਿੱਚ ਹੁੰਦਾ ਸੀ। ਇਹਨਾਂ ਦਾ ਨਾਨਕਾ ਪਿੰਡ ਲੱਗਣ ਮੇਰੇ ਪਿੰਡ ਬੁਟਾਹਰੀ ਦੇ ਲਾਗੇ ਹੀ ਹੈ। ਦੋਹਾਂ ਨੂੰ ਸਰਹਿੰਦ ਨਹਿਰ ਜੋੜਦੀ ਹੈ। ਪਿਛਲੀਆਂ ਯਾਤਰਾਵਾਂ ਦੌਰਾਨ ਮੈਂ ਰਵਿੰਦਰ ਗਿੱਲ ਕੋਲ ਸੀ ਪਰ ਇਸ ਵਾਰ ਐਕਸੀਡੈਂਟ ਦੀ ਵਜ੍ਹਾ ਕਾਰਨ ਉਸਨੂੰ ਡਾਕਟਰਾਂ ਵੱਲੋਂ ਆਰਾਮ ਕਰਨ ਦੀ ਸਲਾਹ ਦਿੱਤੀ ਹੋਈ ਸੀ। ਮੈਂ ਰਵਿੰਦਰ ਅਤੇ ਸਾਰੇ ਪਰਿਵਾਰ ਨੂੰ ਮਿਲਣਾ ਚਾਹੁੰਦਾ ਸੀ ਕਿਉਂਕਿ ਅਗਲੇ ਹੀ ਦਿਨ ਮੈਂ ਸੈਕਸਾਟੂਨ ਲਈ ਰਵਾਨਾ ਹੋ ਜਾਣਾ ਸੀ। ਰਵਿੰਦਰ ਗਿੱਲ ਕਿਸੇ ਸਮੇਂ ਮਨਿੰਦਰ ਗਿੱਲ ਦੇ ਰੇਡੀਓ ਇੰਡੀਆ ਵਿੱਚ ਰੇਡੀਓ ਹੋਸਟ ਦੇ ਤੌਰ ‘ਤੇ ਕੰਮ ਕਰਦਾ ਸੀ ਅਤੇ ਅਖਬਾਰ ਵੀ ਕੱਢਦਾ ਰਿਹਾ ਸੀ। ਰੰਗੀ ਮੈਨੂੰ ਉਥੇ ਛੱਡ ਗਿਆ। ਅਜੇ ਮੈਂ ਹਾਲ ਚਾਲ ਪੁੱਛ ਹੀ ਰਿਹਾ ਸੀ ਕਿ ਉਥੇ ਮੇਰੇ ਪੁਰਾਣੇ ਮਿੱਤਰ ਦਹਿਲੀਜ਼ ਵਾਲੇ ਜਤਿੰਦਰ ਗਰਚੇ ਦਾ ਮਾਮਾ ਕੁਲਦੀਪ ਸਿੰਘ ਲਿੱਧੜ ਅਤੇ ਦਵਿੰਦਰ ਢਿੱਲੋਂ ਆ ਗਏ। ਇੱਧਰ ਉਧਰ ਦੀਆਂ ਗੱਲਾਂ ਹੋ ਰਹੀਆਂ ਸਨਕਿ ਰੰਗੀ ਮੈਨੂੰ ਲੈਣ ਆ ਗਿਆ ਕਿਉਂਕਿ ਅਸੀਂ 7-30 ਵਜੇ ਕਰਿਸਟਲ ਬੈਕੁੰਟ ਹਾਲ ਪਹੁੰਚਣਾ ਸੀ। ਉਥੇ ਪੰਜਾਬ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਦੀ ਨਾਈਟ ਮਨਾਈ ਜਾ ਰਹੀ ਸੀ, ਜਿੱਥੇ ਮੈਨੂੰ ਮੁੱਖ ਮਹਿਮਾਨ ਦੇ ਤੌਰ ਤੇ ਸੱਦਿਆ ਗਿਆ ਸੀ।ਪੰਜਾਬ ਯੂਨੀਵਰਸਿਟੀ ਅਲੂਮਨੀ ਮੀਟ ਕਾਰਨ ਹੀ ਮੈਂ ਇਕ ਦਿਨ ਲੇਟ ਜਾ ਰਿਹਾ ਸਾਂ। ਪ੍ਰਬੰਧਕਾਂ ਨੇ ਮੇਰੀ ਟਿਕਟ ਨੂੰ ਇਕ ਦਿਨ ਅੱਗੇ ਕਰਵਾ ਦਿੱਤਾ ਸੀ। ਉਹ ਚਾਹੁੰਦੇ ਸਨ ਕਿ ਮੈਂ ਇਸ ਮੌਕੇ ‘ਤੇ ਮੁੱਖ ਮਹਿਮਾਨ ਦੇ ਤੌਰ ‘ਤੇ ਭਾਸ਼ਣ ਦੇਵਾਂ। ਜਦੋਂ ਅਸੀਂ ਕਰਿਸਟਲ ਹਾਲ ਪਹੁੰਚੇ ਤਾਂ ਸਖਮੰਦਰ ਸਿੰਘ ਬਰਾੜ ਮੁੱਖ ਦੁਆਰ ਕੋਲ ਮੇਰਾ ਇੰਤਜ਼ਾਰ ਕਰ ਰਿਹਾ ਸੀ। ਹਾਲੇ ਹਾਲ ਦੇ ਅੰਦਰ ਦਾਖਲ ਵੀ ਨਹੀਂ ਹੋਏ ਸਾਂ ਕਿ ਏ. ਟੀ. ਐਸ. ਟੀ. ਵੀ. ਚੈਨਲ ਤੋਂ ਵਿਨੋਦ ਮਿਲਿਆ ਅਤੇ ਆਪਣੀ ਐਂਕਰ ਨੂੰ ਮੇਰੀ ਇੰਟਰਵਿਵੂ ਲਈ ਨੁਕਤੇ ਸਮਝਾਉਣ ਲੱਗਾ। ਉਥੇ ਹੀ ਮੈਨੂੰ ਗਾਇਕ ਰਾਜਦੀਪ ਸੇਖੋਂ ਅਤੇ ਕੁਝ ਹੋਰ ਦੋਸਤ ਮਿਲ ਗਏ। ਜਦੋਂ ਮੈਂ ਹਾਲ ਵਿੱਚ ਦਾਖਲ ਹੋਇਆ ਤਾਂ ਅਨੇਕਾਂ ਜਾਣੇ-ਪਛਾਣੇ ਚਿਹਰੇ ਉੱਡ ਕੇ ਮਿਲੇ। ਮੋਗੇ ਤੋਂ ਰਣਜੀਤ ਪੰਨੂ ਨੁੰ ਮੈਂ ਕਈ ਵਰ੍ਹੇ ਬਾਅਦ ਮਿਲਿਆ ਜੋ ਮੰਡੀ ਅਹਿਮਦਗੜ੍ਹ ਦੇ ਲਾਗੇ ਜੰਗੇੜੇ ਦਾ ਰਹਿਣ ਵਾਲਾ ਸੀ। ਉਹ ਮੇਰੇ ਪਿਆਰੇ ਮਿੱਤਰ ਰਾਜ ਜੰਡਾਲੀ ਵਾਲੇ ਦਾ ਜੀਜਾ ਹੈ। ਰਾਜ ਇਕ ਸੜਕ ਦੁਰਘਟਨਾ ਵਿੱਚ ਚੱਲ ਵੱਸਿਆ ਸੀ। ਥੋੜ੍ਹੀ ਦੂਰ ਪਿਕਸ ਵਾਲਾ ਚਰਨ ਗਿੱਲ ਮੇਰੀ ਇੰਤਜ਼ਾਰ ਕਰ ਰਿਹਾ ਸੀ। ਉਸ ਤੋਂ ਅਗਲੇ ਟੇਬਲ ‘ਤੇ ਭਾਸ਼ਾ ਵਿਭਾਗ ਪੰਜਾਬ ਦਾ ਸਾਬਕਾ ਡਾਇਰੈਕਟਰ ਰਛਪਾਲ ਸਿੰਘ ਬੈਠਾ ਸੀ। ਸੁੱਖੀ ਬਾਠ ਅਤੇ ਗੁਰਭਜਨ ਗਿੱਲ ਵੀ ਹਾਜ਼ਰ ਸਨ। ਹਾਲ ਵਿੱਚ ਖੂਬ ਚਹਿਲ ਪਹਿਲ ਸੀ। ਸਟੇਜ ‘ਤੇ ਗੀਤ ਸੰਗੀਤ ਚੱਲ ਰਿਹਾ ਸੀ। ਬੱਚੇ ਖੇਡ ਰਹੇ ਸਨ। ਔਰਤਾਂ ਗੱਲਾਂ ਵਿੱਚ ਮਗਨ ਸਨ। ਹਾਲ ਦੇ ਇਕ ਕੋਨੇ ਵਿੱਚਲੀ ਮਹਿਫ਼ਲ ਦਾ ਰੰਗ ਹੋਰ ਹੀ ਸੀ। ਇਸ ਤਰ੍ਹਾਂ ਦੇ ਮਾਹੌਲ ਵਿੱਚ ਰੇਡੀਓ ਰੈਡ ਐਫ਼. ਐਮ. ਦੇ ਐਂਕਬਰ ਅਤੇ ਪ੍ਰਸਿੱਧ ਹੋਸਟਲ ਹਰਰਿੰਦਰ ਥਿੰਦ ਨੁੰ ਕਿਹਾ ਗਿਆ ਕਿ ਉਹ ਮੇਰੀ ਜਾਣ-ਪਛਾਣ ਕਰਵਾਏ। ਥਿੰਦ ਤੋਂ ਬਾਅਦ ਮੈਨੂੰ ਸਟੇਜ ਤੇ ਆਉਣ ਦਾ ਸੱਤਾ ਦਿੱਤਾ ਗਿਆ। ਜ਼ਿਆਦਾ ਲੰਮੇ ਭਾਸ਼ਣ ਦਾ ਸਮਾਂ ਨਹੀਂ ਸੀ। ਮੈਂ ਅਲੂਮਨੀ ਐਸੋਸੀਏਸ਼ਨਾਂ ਵੱਲੋਂ ਕਰਵਾਏ ਜਾ ਰਹੇ ਅਜਿਹੇ ਪ੍ਰੋਗਰਾਮਾਂ ਦੀ ਮਹੱਤਤਾ ਬਾਰੇ ਦੱਸਦੇ ਹੋਏ ਇਕ ਦੋ ਹੋਰ ਨੁਕਤੇ ਸਾਂਝੇ ਕੀਤੇ। ਪ੍ਰਬੰਧਕਾਂ ਨੇ ਮੇਰੇ ਕੋਲੋਂ ਆਪਣੇ ਕੁਝ ਮੈਂਬਰਾਂ ਨੂੰ ਸਲਮਾਨਿਤ ਕਰਵਾਇਆ ਅਤੇ ਅੰਤ ਵਿੱਚ ਸਾਰਿਆਂ ਨੇ ਮੈਨੂੰ ਸਨਮਾਨ ਚਿੰਨ੍ਹ ਪ੍ਰਦਾਨ ਕੀਤਾ। ਇਉਂ ਵੈਨਕੂਵਰ ਵਿੱਚ ਇਹ ਦਿਨ ਮੇਰੇ ਲਈ ਇਕ ਯਾਦਗਰੀ ਦਿਨ ਹੋ ਨਿੱਬੜਿਆ।