ਪਿੰਡ ਦੀ ਸੱਥ ਵਿੱਚੋਂ (ਕਿਸ਼ਤ-220)

main-news-300x150ਨਾਥੇ ਅਮਲੀ ਨੂੰ ਸੱਥ ਵੱਲ ਆਉਂਦਾ ਵੇਖ ਕੇ ਪ੍ਰੀਤੇ ਨਹਿੰਗ ਕਾ ਲੱਛੂ ਬਾਬੇ ਦਸੌਂਧਾ ਸਿਉਂ ਨੂੰ ਕਹਿੰਦਾ, ”ਕਿਉਂ ਬਈ ਬਾਬਾ! ਔਧਰ ਆਵਦੇ ਪਿੱਛੇ ਨਾਥੇ ਅਮਲੀ ਵੱਲ ਝਾਤੀ ਮਾਰ ਕੇ ਵੇਖ ਕਿਮੇਂ ਤੁਰਦਾ ਜਿਮੇਂ ਲਾਂਗੜਿਆ ਵਿਆ ਗਧਾ ਇੱਟਾਂ ਲੈ ਕੇ ਭੱਠੇ ‘ਚੋਂ ਨਿਕਲਦਾ ਹੁੰਦਾ। ਮੈਨੂੰ ਤਾਂ ਲਗਦਾ ਕਿੱਤੇ ਸੁੱਖੋ ਨੇ ਨਾ ਦੁੜਮੜੀ ਲਾ ‘ਤੀ ਹੋਵੇ। ਇਹ ਤਾਂ ਕਦੇ ਇਉਂ ਤੁਰਦਾ ਵੇਖਿਆ ਈ ਨ੍ਹੀ।”
ਸੁੱਖੋ ਨਾਥੇ ਅਮਲੀ ਦੇ ਘਰਵਾਲੀ ਦਾ ਨਾਂ ਹੋਣ ਕਰ ਕੇ ਹੀ ਲੱਛੂ ਨੇ ਉਹਦਾ ਨਾਂ ਲਿਆ ਸੀ।
ਬਾਵੇ ਕਵੀਸ਼ਰ ਦਾ ਮੁੰਡਾ ਪ੍ਰੀਤੇ ਨਹਿੰਗ ਦੀ ਗੱਲ ਸੁਣ ਕੇ ਕਵੀਸ਼ਰੀ ‘ਚ ਕਹਿੰਦਾ, ”ਮੈਨੂੰ ਤਾਂ ਇਉਂ ਲਗਦਾ ਜਿਮੇਂ ‘ਹੋਵੇ ਗਿੱਟੇ ‘ਤੇ ਰਸੌਲ਼ੀ, ਤਾਹੀਉਂ ਤੁਰੇ ਹੌਲੀ ਹੌਲੀ’। ਖੱਬੀ ਲੱਤ ਦੱਬ ਕੇ ਜੇ ਤੁਰਦੈ। ਬਾਕੀ ਆਏ ਨੂੰ ਬਾਬਾ ਤੂੰ ਪੁੱਛੀਂ ਸਾਨੂੰ ਤਾਂ ਖੱਟਰ ਝੋਟੀ ਆਂਗੂੰ ਡੇਲੇ ਕੱਢ ਕੇ ਪਊ। ਤੈਨੂੰ ਨ੍ਹੀ ਕੁਸ ਕਹਿਣਾ। ਨਾਲੇ ਪਹਿਲਾਂ ਈ ਨਾ ਗੱਲ ਛੇੜ ਲੀਂ। ਪਹਿਲਾਂ ਕੋਈ ਹੋਰ ਗੱਲ ਕਰੀਂ। ਹੌਲੀ ਹੌਲੀ ਆਨੇ ਆਲੀ ਥਾਂ ‘ਤੇ ਲੈ ਕੇ ਆਈਂ ਫ਼ੇਰ ਬਣੂ ਗੱਲ। ਫ਼ੇਰ ਵੇਖੀਂ ਕਿਮੇਂ ਰੇਲੋ ਮਾਈ ਦੇ ਗਲੋਟੇ ਆਂਗੂੰ ਉੱਧੜਦਾ।”
ਏਨੇ ਚਿਰ ਨੂੰ ਅਮਲੀ ਢੀਚਕ ਜਾ ਮਾਰਦਾ ਸੱਥ ਵਾਲੇ ਥੜ੍ਹੇ ‘ਤੇ ਬਾਬੇ ਦਸੌਂਧਾ ਸਿਉਂ ਕੋਲ ਇਉਂ ਆ ਕੇ ਬਹਿ ਗਿਆ ਜਿਮੇਂ ਵਿਹੜੇ ‘ਚੋਂ ਕੋਈ ਲੱਸੀ ਲੈਣ ਆਇਆ ਗੰਦੋਲੀ ਨਾਲ ਲੱਗ ਕੇ ਬਹਿ ਗਿਆ ਹੋਵੇ।
ਹੋਰ ਤਾਂ ਕੋਈ ਬੋਲਿਆ ਨਾ, ਮਾਹਲੇ ਨੰਬਰਦਾਰ ਨੇ ਪਾਇਆ ਫ਼ਿਰ ਭਰਿੰਡਾਂ ਦੇ ਖੱਖਰ ‘ਚ ਹੱਥ। ਅਮਲੀ ਨੂੰ ਕਹਿੰਦਾ, ”ਕਿਉਂ ਬਈ ਨਾਥਾ ਸਿਆਂ! ਕੀ ਗੱਲ ਗੱਡੀ ਲੇਟ ਫ਼ੇਟ ਹੋਈ ਫ਼ਿਰਦੀ ਐ। ਨਾਲੇ ਅੱਜ ਕਿਮੇਂ ਲੰਗ ਜੀ ਕੱਢ ਕੇ ਤੁਰਦੈਂ ਜਿਮੇਂ ਡਹਾ ਪਾਏ ਤੋਂ ਗਾਂ ਤੁਰਦੀ ਹੁੰਦੀ ਐ। ਕੋਈ ਸੱਟ ਫ਼ੇਟ ਵੱਜ ਗੀ ?”
ਸੀਤਾ ਮਰਾਸੀ ਟਿੱਚਰ ‘ਚ ਹੱਸ ਕੇ ਕਹਿੰਦਾ, ”ਗੱਡੀ ਪੈਂਚਰ ਹੋ ਗੀ ਕਰ ਕੇ ਲੇਟ ਐ ਨੰਬਰਦਾਰਾ। ਡਹਿਕ ਜੀ ਮਾਰ ਕੇ ਤੁਰਦਾ ਨ੍ਹੀ ਵੇਖਿਆ ਤੂੰ, ਜਿਮੇਂ ਵੱਡਾ ਟੈਰ ਪੈਂਚਰ ਹੋਏ ਤੋਂ ਟਰੈਗਟ ਤਾਂਹ ਠਾਂਹ ਜੇ ਹੋ ਹੋ ਬੁੜ੍ਹਕ ਬੁੜ੍ਹਕ ਜੇ ਤੁਰਦਾ ਹੁੰਦਾ। ਨਾਲੇ ਇਹ ਗੱਲ ਕੀਹਨੇ ਕਹੀ ਸੀ ਬਈ ਸੁੱਖੋ ਨੇ ਦਾਗ ਕੇ ਤਾਂ ਨ੍ਹੀ ਕਿਤੇ ਛੱਡ ‘ਤਾ?”
ਬਾਬਾ ਦਸੌਂਧਾ ਸਿਉਂ ਕਹਿੰਦਾ, ”ਕੀ ਗੱਲਾਂ ਕਰਦੇਂ ਐਂ ਯਾਰ ਤੁਸੀਂ। ਅਮਲੀ ਕਿਤੇ ਕੋਈ ਢੱਠਾ ਝੋਟਾ ਦਾਗ ਦੇਣ ਨੂੰ। ਇਉਂ ਨਾ ਕਹੋ ਯਾਰ ਗੁੱਸਾ ਕਰੂਗਾ ਬਈ ਮੈਨੂੰ ਡੰਗਰ ਪਸੂ ਕਹਿੰਦੇ ਐ। ਫ਼ਿਰ ਵੀ ਆਪਣੀ ਸੱਥ ਦੀ ਸ਼ਾਨ ਐ। ਨਾਲੇ ਇਹਦੇ ਬਿਨਾਂ ਸਰਦਾ ਨ੍ਹੀ। ਜਿੱਦੇਂ ਅਮਲੀ ਸੱਥ ‘ਚ ਆਉਂਦਾ ਨ੍ਹੀ ਓੱਦਣ ਕਿਮੇਂ ਇਉਂ ਚੁੱਪ ਜਾ ਕਰ ਕੇ ਬੈਠੇ ਹੁੰਨੇਂ ਐ ਜਿਮੇਂ ਭਾਂਡਿਆਂ ਆਲੀ ਹੱਟ ‘ਚ ਚੋਰੀ ਹੋਈ ਤੋਂ ਬਾਣੀਆ ਰੁੱਸੇ ਬਾਂਦਰ ਆਂਗੂੰ ਬੈਠਾ ਹੁੰਦਾ।”
ਸੀਤਾ ਮਰਾਸੀ ਬਾਬੇ ਨੂੰ ਕਹਿੰਦਾ, ”ਓੱਦਣ ਤਾਂ ਬਾਬਾ ਇਹਨੇ ਗੁੱਸਾ ਨਾ ਕੀਤਾ ਜਿੱਦੇਂ ਭਾਨੇ ਸਰਦਾਰੇ ਕੀ ਬੁੜ੍ਹੀ ਨੂੰ ਅਧਰੰਗ ਦਾ ਦੌਰਾ ਪਿਆ ਸੀ ਤੇ ਇਹਨੇ ਡੱਬੀ ‘ਚੋਂ ਫ਼ੀਮ ਕੱਢ ਕੇ ਚਾਹ ‘ਚ ਘੋਲ ਕੇ ਦੇ ‘ਤੀ ਸੀ। ਬੁੜ੍ਹੀ ਸਕਿੰਟਾਂ ‘ਚ ਈ ਤਾਂਗੇ ਆਲੇ ਧੰਨੇ ਦੇ ਘੋੜੇ ਅਰਗੀ ਹੋ ਗੀ ਸੀ। ਬੁੜ੍ਹੀ ਤੰਦਰੁਰਸ ਹੋ ਗੀ ਵੇਖ ਕੇ ਬਾਬਾ ਉੱਤਮ ਸਿਉਂ ਇਹਨੂੰ ਨਾਥੇ ਨੂੰ ਕਹਿੰਦਾ ‘ਵਾਹ ਓ ਸਾਨ੍ਹਾਂ ਤੇਰੇ। ਵਾਹ ਓਏ ਢੱਠਿਆ। ਜੇ ਅੱਜ ਤੂੰ ਕਿਤੇ ਲਾਮ੍ਹ ਲੂਮ੍ਹ ਨੂੰ ਗਿਆ ਹੁੰਦਾ ਤਾਂ ਬੁੜ੍ਹੀ ਆਲਾ ਤਾਂ ਬਸਕੀਟੂ ਬੋਲ ਗਿਆ ਸੀ’। ਹੁਣ ਤੂੰ ਆਪ ਈ ਵੇਖ ਲਾ ਬਈ ਸਾਨ੍ਹ ਤੇ ਢੱਠਾ ਡੰਗਰ ਪਸੂ ਈ ਹੁੰਦੇ ਐ। ਉਦੋਂ ਤਾਂ ਇਹਨੇ ਗੁੱਸਾ ਕੀਤਾ ਨਾ। ਹੁਣ ਤਾਂ ਤੂੰ ਇਹਨੂੰ ਐਮੇਂ ਝੰਮਲਾਉਣ ਆਲੀ ਗੱਲ ਕਰਦੈਂ।”
ਚੁੱਪ ਕਰਿਆ ਬੈਠਾ ਗੱਲਾਂ ਸੁਣੀ ਜਾਂਦਾ ਨਾਥਾ ਅਮਲੀ ਬਾਬੇ ਵੱਲ ਇਸ਼ਾਰਾ ਕਰ ਕੇ ਕਹਿੰਦਾ, ”ਕਿਉਂ ਬਾਬਾ! ਹੁਣ ਮੈਂ ਵੀ ਬੋਲ ਪਾਂ ਕਿ ਨਾ?”
ਬਾਬਾ ਦਸੌਂਧਾ ਸਿਉਂ ਅਮਲੀ ਨੂੰ ਕਹਿੰਦਾ, ”ਹਜੇ ਹੋਰ ਸੁਣ ਲਾ ਇੰਨ੍ਹਾਂ ਦੀਆਂ। ਫ਼ੇਰ ਤੈਨੂੰ ਵੀ ਦਿੰਨੇ ਆਂ ਥਾਪੀ।”
ਬੁੱਘਰ ਦਖਾਣ ਬਾਬੇ ਨੂੰ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਬਾਹਲ਼ੀ ਕਰੜੀ ਥਾਪੀ ਨਾ ਕਿਤੇ ਬਾਬਾ ਦੇ ਦੀਂ। ਲਗਾਮਾਂ ਥੋੜੀਆਂ ਜੀਆਂ ਖਿੱਚ ਕੇ ਈ ਰੱਖੀਂ ਨਹੀਂ ਤਾਂ ਇਹ ਬਾਹਲਾ ਈ ਗਾਹਾਂ ਨੰਘ ਜਾਂਦਾ ਹੁੰਦਾ।”
ਮਾਹਲਾ ਨੰਬਰਦਾਰ ਕਹਿੰਦਾ, ”ਗਾਹਾਂ ਨੰਘਣ ਨੂੰ ਇਹ ਕਿਤੇ ਬਾਡਰ ਟੱਪ ਜੂ ਬਈ ਪਾਕਸਤਾਨ ‘ਚ ਜਾ ਵੜੂ। ਅੱਜ ਤਾਂ ਜਿਹੋ ਜੀ ਮਰਜੀ ਥਾਪੀ ਦੇ ਦੇ ਦਸੌਂਧਾ ਸਿਉਂ, ਅੱਜ ਨ੍ਹੀ ਇਹਤੋਂ ਬਹੁਤਾ ਤੁਰ ਹੁੰਦਾ। ਬਾਡਰ ਤਾਂ ਇਹ ਕਿੱਥੋਂ ਚੀਨ ਆਲਾ ਟੱਪ ਜੂ। ਲੰਗੜਾਅ ਕੇ ਜੇ ਤਾਂ ਇਉਂ ਤੁਰਦਾ ਜਿਮੇਂ ਨਿਹਾਲੇ ਚੋਰ ਨੂੰ ਨਾਲ ਦੇ ਚੋਰਾਂ ਨੇ ਕੁੱਟ ਕੁੱਟ ਕੇ ਇਉਂ ਤੁਰਨ ਲਾ ‘ਤਾ ਸੀ ਜਿਮੇਂ ਸੁਰਜਨ ਬੁੜ੍ਹਾ ਗਿੱਟੇ ਨੂੰ ਮੋਚ ਆਈ ਤੋਂ ਤੁਰਦਾ ਸੀ।”
ਜੱਗੇ ਕਾਮਰੇਡ ਨੇ ਨਿਹਾਲੇ ਚੋਰ ਦਾ ਨਾਂਅ ਸੁਣ ਕੇ ਕੰਨ ਇਉਂ ਚੁੱਕ ਲਏ ਜਿਵੇਂ ਸੁੱਤਾ ਪਿਆ ਬੰਦਾ ਸੁਪਨੇ ‘ਚ ਡਰ ਕੇ ਉੱਠ ਖੜ੍ਹਾ ਹੋਵੇ ਕਿਉਂਕਿ ਨਿਹਾਲਾ ਚੋਰ ਦੂਰ ਦੂਰ ਤਕ ਮੰਨਿਆ ਤੱਨਿਆਂ ਚੋਰ ਗਿਣਿਆ ਹੋਇਆ ਸੀ।
ਜੱਗਾ ਕਾਮਰੇਡ ਮਾਹਲੇ ਨੰਬਰਦਾਰ ਤੋਂ ਨਿਹਾਲੇ ਚੋਰ ਦੀ ਗੱਲ ਸੁਣਨ ਲਈ ਨੰਬਰਦਾਰ ਨੂੰ ਕਹਿੰਦਾ,
”ਕਿਉਂ ਨੰਬਰਦਾਰਾ! ਤੈਨੂੰ ਨਿਹਾਲੇ ਚੋਰ ਬਾਰੇ ਪਤੈ ਬਈ ਕਿਮੇਂ ਚੋਰੀ ਕਰਦਾ ਸੀ?”
ਜੱਗੇ ਕਾਮਰੇਡ ਦੀ ਗੱਲ ਸੁਣ ਕੇ ਨਾਥੇ ਅਮਲੀ ਨੇ ਵੀ ਮਾਰਿਆ ਫ਼ਿਰ ਫ਼ੁੰਕਾਰਾ, ”ਚੋਰੀ ਕਿਮੇਂ ਕਰੀਦੀ ਹੁੰਦੀ ਐ। ਘਰ ਆਲੇ ਅਗਲੇ ਸੌਂ ਜਾਂਦੇ ਐ, ਸੁੱਤੇ ਪਿਆਂ ਤੋਂ ਚੱਕ ਕੇ ਸਮਾਨ ਚੋਰ ਡੰਡੀ ਪੈਂਦੇ ਐ, ਹੋਰ ਕਿਤੇ ਉਨਾਂ ਕੋਲੇ ਕੋਈ ਯਾਦੂ ਟੂਣਾਂ ਤਾਂ ਨ੍ਹੀ ਹੁੰਦਾ ਬਈ ਜੀਹਦੇ ਘਰੇ ਚੋਰੀ ਕਰਨੀ ਹੁੰਦੀ ਐ ਉਹਦੇ ਘਰੋਂ ਸਮਾਨ ਫ਼ੂਕ ਮਾਰ ਕੇ ਪਿੰਡੋਂ ਬਾਹਰ ਲੈ ਆਉਂਦੇ ਐ। ਜਾਹ ਓਏ ਜੱਗ ਸਿਆਂ। ਤੂੰ ਵੀ ਪੱਕਾ ਈ ਕਾਮਰੇਟ ਐਂ।”
ਸੀਤਾ ਮਰਾਸੀ ਮਾਹਲੇ ਨੰਬਰਦਾਰ ਨੂੰ ਕਹਿੰਦਾ, ”ਇਹਦੀ ਕੀ ਕਹਾਣੀ ਐ ਨੰਬਰਦਾਰਾ ਨਿਹਾਲੇ ਦੀ, ਤੈਨੂੰ ਤਾਂ ਪਤਾ ਈ ਹੋਣੈ?”
ਨਾਥਾ ਅਮਲੀ ਮਰਾਸੀ ਨੂੰ ਉੱਖੜੀ ਕੁਹਾੜੀ ਵਾਂਗੂੰ ਭੱਜ ਕੇ ਪਿਆ, ”ਇਹਨੂੰ ਕੀ ਪਤਾ ਨੰਬਰਦਾਰ ਨੂੰ। ਮੈਂ ਦੱਸਦਾਂ ਤੈਨੂੰ ਜੀਹਦੇ ਘਰੇ ਨਿਹਾਲਾ ਚੋਰੀ ਕਰਨ ਆਇਆ ਸੀ। ਹੋਰ ਤਾਂ ਨਿਹਾਲੇ ਨੂੰ ਕੋਈ ਟੂੰਮ ਛੱਲਾ ਥਿਆਇਆ ਨਾ, ਕੰਜਰ ਦਾ ਪੁੱਤ ਕਿੱਲੇ ‘ਤੇ ਟੰਗਿਆ ਦੁੱਧ ਆਲਾ ਡੋਲੂ ਈ ਲਾਹ ਕੇ ਲੈ ਗਿਆ। ਤੜਕੇ ਨੂੰ ਸਾਰਾ ਟੱਬਰ ਚਾਹ ਨੂੰ ਇਉਂ ਝਾਕੇ ਜਿਮੇਂ ਬਨੇਰੇ ‘ਤੇ ਟੁੱਕ ਦੀ ਬੁਰਕੀ ਲਈ ਬੈਠੇ ਕਾਂ ਵੱਲ ਕਤੂਰਾ ਝਾਕਦਾ ਹੁੰਦਾ। ਇਹ ਜਿਹੜਾ ਨਿਹਾਲਾ ਚੋਰ ਸੀ ਕਾਮਰੇਟਾ, ਇਨ੍ਹਾਂ ਦਾ ਪੰਜਾਂ ਛੀਆਂ ਜਾਣਿਆਂ ਦਾ ਟੋਲਾ ਸੀ। ਜਦੋਂ ਇਨ੍ਹਾਂ ਨੇ ਚੋਰੀ ਕਰਨ ਜਾਣਾ ਤਾਂ ਸਾਰਿਆਂ ਨੇ ‘ਕੱਠਿਆਂ ਨੇ ਈ ਜਾਣਾ। ਕੇਰਾਂ ਇਹ ਨਿਹਾਲਾ ਤੇ ਤਿੰਨ ਜਾਣੇ ਇਹਦੇ ਨਾਲ ਦੇ ਹੋਰ। ਇਨ੍ਹਾਂ ਤਿੰਨਾਂ ਨੇ ਰਸੂਲਪੁਰ ਮੱਲ੍ਹੇ ਕਿਸੇ ਵਿਆਹ ਆਲੇ ਘਰੇ ਭਾਈ ਚੋਰੀ ਕਰ ਲੀ। ਕੁੜੀ ਦਾ ਸੀ ਵਿਆਹ। ਤੜਕੇ ਨੂੰ ਅਗਲਿਆਂ ਦੇ ਘਰੇ ਜੰਨ ਆਉਣੀ ਸੀ। ਇਨ੍ਹਾਂ ਨੇ ਨਿਹਾਲੇ ਅਰਗਿਆਂ ਨੇ ਜਾ ਪਾੜ ਲਾਇਆ ਅਗਲਿਆਂ ਦੇ। ਜਿੰਨਾਂ ਵੀ ਵਿਆਹ ਦਾ ਕੋਈ ਟੂੰਮ ਛੱਲਾ ਸੀ ਘਰੇ, ਸਾਰਾ ਈ ਚੋਰੀ ਕਰ ਲਿਆਏ। ਚੋਰੀ ਕੀਤਾ ਸਾਰਾ ਸਮਾਨ ਨਿਹਾਲੇ ਕੋਲੇ। ਨਿਹਾਲੇ ਨੇ ਬੇਈਮਾਨੀ ਨਾਲ ਚੋਰੀ ਦੀਆਂ ਟੂੰਮਾਂ ‘ਚੋਂ ‘ਮਾਮੇ ਮੁਰਕੀਆਂ’ ਕੱਢ ਕੇ ਅੱਡ ਲਕੋ ਲੀਆਂ। ਜਦੋਂ ਬਰਾਬਰ-ਬਰਾਬਰ ਕਰ ਕੇ ਸਮਾਨ ਵੰਡਣ ਲੱਗੇ ਤਾਂ ਉਨ੍ਹਾਂ ‘ਚੋਂ ਇੱਕ ਚੋਰ ਨਿਹਾਲੇ ਨੂੰ ਕਹਿੰਦਾ ‘ਮਾਮੇ ਮੁਰਕੀਆਂ ਕਿੱਧਰ ਗਈਆਂ। ਕੁੜੀ ਦੇ ਵਿਆਹ ਦੀਆਂ ਟੂੰਮਾਂ ‘ਚ ਤਾਂ ਮਾਮੇ ਮੁਰਕੀਆਂ ਵੀ ਲਾਜਮੀਂ ਹੁੰਦੀਐਂ, ਉਹ ਕਿੱਥੇ ਐ’? ਅਕੇ ਨਿਹਾਲਾ ਕਹਿੰਦਾ ‘ਵੱਸ ਆਹੀ ਟੂੰਮ ਛੱਲਾ ਆਪਣੇ ਕੋਲ। ਮਾਮੇ ਮੁਰਕੀਆਂ ਨ੍ਹੀ ਆਪਾਂ ਨੂੰ ਥਿਆਈਆਂ’। ਉਨ੍ਹਾਂ ‘ਚ ਨੰਬਰਦਾਰਾ ਕਹਿੰਦੇ ਇੱਕ ਚੋਰ ਬੜਾ ਸਿਆਣਾ ਸੀ। ਉਹਨੇ ਸਕੀਮ ਲਾਈ ਤੇ ਨਿਹਾਲੇ ਨੂੰ ਕਹਿੰਦਾ ‘ਆਪਾਂ ਇਸ ਗੱਲ ਦੀ ਦਰਾਫ਼ਤ ਕਰੀਏ ਬਈ ਮਾਮੇ ਮੁਰਕੀਆਂ ਸੀ ਕੁ ਨਹੀਂ’। ਅਕੇ ਨਿਹਾਲਾ ਬੋਲਿਆ ‘ਇਹ ਗੱਲ ਦਾ ਕਿਮੇਂ ਪਤਾ ਲੱਗੂ ਫ਼ਿਰ’? ਉਨ੍ਹਾਂ ਤਿੰਨਾਂ ਚਾਰਾਂ ਨੇ ਸਕੀਮ ਬਣਾਈ ਬਈ ਆਪਾਂ ਵਿਆਹ ਆਲਿਆਂ ਦੇ ਘਰੇ ਲੰਗਰ ਪਾਣੀ ਛਕਣ ਛਕਾਉਣ ਦੇ ਬਹਾਨੇ ਪਤਾ ਕਰ ਲਾਂ ਗੇ। ਉਹ ਚਾਰੇ ਜਾਣੇ ਭੰਡ ਬਣ ਕੇ ਕੁੜੀ ਦੇ ‘ਨੰਦਾ ਆਲੇ ਦਿਨ ਤੋਂ ਅਗਲੇ ਦਿਨ ਵਿਆਹ ਆਲੇ ਘਰੇ ਜਾ ਵੜੇ। ਘਰੇ ਵੜਣ ਸਾਰ ਭੰਡ ਚੋਰਾਂ ਨੇ ਆਵਦਾ ਗਾਉਣ ਵਜਾਉਣ ਸ਼ੁਰੂ ਕਰ ‘ਤਾ। ਅਕੇ ਉਨ੍ਹਾਂ ਦਾ ਬੁੜ੍ਹਾ ਨਿਹਾਲੇ ਅਰਗਿਆਂ ਨੂੰ ਕਹਿੰਦਾ, ਤੁਸੀਂ ਲੰਗਰ ਪ੍ਰਸ਼ਾਦਾ ਛਕ ਲੋ ਤੇ ਜਾਉ’। ਜਦੋਂ ਨਿਹਾਲੇ ਨੇ ਘਰ ਆਲੇ ਬੁੜ੍ਹੇ ਤੋਂ ਢਿੱਲੇ ਜੇ ਮੂੰਹ ਇਹ ਗੱਲ ਸੁਣੀ ਤਾਂ ਉਨ੍ਹਾਂ ‘ਚ ਜਿਹੜਾ ਸਿਆਣਾ ਚੋਰ ਸੀ, ਉਹਨੇ ਘਰ ਆਲੇ ਬੁੜ੍ਹੇ ਨੂੰ ਪੁੱਛਿਆ ‘ਕੀ ਗੱਲ ਪ੍ਰਭਾ ਘਰ ‘ਚ ਵਾਘਰੂ ਨੇ ਖੁਸ਼ੀਆਂ ਬਖਸ਼ੀਐਂ, ਖੁਸ਼ੀ ਖੁਸ਼ੀ ਸ਼ਗਨ ਲੱਗੇ ਐ, ਤੁਸੀਂ ਉਦਾਸ-ਉਦਾਸ ਕਿਉਂ ਐ’? ਅਕੇ ਬੁੜ੍ਹਾ ਕਹਿੰਦਾ ‘ਕੱਲ੍ਹ ਕੁੜੀ ਦਾ ਵਿਆਹ ਹੋ ਕੇ ਹਟਿਆ ਤੇ ਪਰਸੋਂ ਰਾਤ ਨੂੰ ਕੁੜੀ ਦੇ ਵਿਆਹ ਦੀਆਂ ਸਾਰੀਆਂ ਟੂੰਮਾਂ ਚੋਰ ਚੋਰੀ ਕਰ ਕੇ ਲੈ ਗਏ। ਆਹ ਗੱਲ ਐ ਭਾਈ। ਚੱਲੋ ਕੁੜੀ ਤਾਂ ਸੁੱਖ ਨਾਲ ਬਾਰੋਂ ਉੱਠ ਖੜ੍ਹੀ ਪਰ ਟੂੰਮਾਂ ਦਾ ਬਹੁਤ ਦੁੱਖ ਹੋਇਆ’। ਅਕੇ ਉਹ ਸਿਆਣੇ ਚੋਰ ਨੇ ਘਰ ਆਲਿਆਂ ਨੂੰ ਪੁੱਛਿਆ ਬਈ ਟੂੰਮਾਂ ‘ਚ ਕੀ ਕੀ ਸਮਾਨ ਲੈ ਗੇ ਫ਼ਿਰ ਚੋਰ। ਅਕੇ ਬੁੜ੍ਹਾ ਟੂੰਮਾਂ ਗਣਿਆਉਣ ਲੱਗ ਪਿਆ। ਇੱਕ ਤਾਂ ਪ੍ਰਾਹੁਣੇ ਦਾ ਕੜਾ ਸੀ, ਕੁੜੀ ਦੀ ਸੱਸ ਦੀਆਂ ਵਾਲੀਆਂ, ਕੁੜੀ ਦੇ ਸਹੁਰੇ ਦਾ ਕੜਾ। ਪ੍ਰਾਹੁਣੇ ਦੀਆਂ ਭੈਣਾਂ ਦੀਆਂ ਤਵੀਤੀਆਂ। ਪ੍ਰਾਹੁਣੇ ਦੇ ਮਾਮੇ ਫ਼ੁੱਫ਼ੜਾਂ ਦੀਆਂ ਛਾਪਾਂ ਤੇ ਕੁੜੀ ਦੀਆਂ ਮਾਮੇ ਮੁਰਕੀਆਂ’। ਬੁੜ੍ਹੇ ਦੇ ਮੂੰਹੋਂ ਮਾਮੇ ਮੁਰਕੀਆਂ ਚੋਰੀ ਹੋਈਆਂ ਸੁਣ ਕੇ ਸਿਆਣਾ ਚੋਰ ਨਿਹਾਲੇ ਦੇ ਮੋਢੇ ‘ਤੇ ਹੱਥ ਮਾਰ ਕੇ ਕਹਿੰਦਾ ‘ਸੁਣ ਲਾ ਨਿਹਾਲਿਆ ਚੋਰਾਂ ਦੀਆਂ ਗੱਲਾਂ,  ਚੋਰ ਮਾਮੇ ਮੁਰਕੀਆਂ ਵੀ ਲੈ ਗੇ। ਕੰਜਰ ਦੇ ਪੁੱਤਾਂ ਨੇ ਉਹ ਭੋਰਾ ਕੁ ਟੂੰਮ ਮਨ੍ਹੀ ਛੱਡੀ ਉਹ ਵੀ ਲੈ ਗੇ’। ਅਕੇ ਘਰ ਆਲਿਆਂ ਨਾਲ ਏਨੀ ਗੱਲ ਕਰਕੇ ਚੋਰਾਂ ਨੇ ਪਿੰਡੋਂ ਬਾਹਰ ਜਾ ਕੇ ਨਿਹਾਲਾ ਢਾਹ ਲਿਆ ਜਿਮੇਂ ਦਾਗ ਦੇਣ ਵੇਲੇ ਸਾਨ੍ਹ ਢਾੲ੍ਹੀਦਾ ਹੁੰਦਾ। ਕਹਿੰਦੇ ਕੱਢ ਕਿੱਥੇ ਐ ਮਾਮੇ ਮੁਰਕੀਆਂ। ਕਢਾ ਲੀਆਂ ਸਰੀਕਾਂ ਨੇ ਮਾਮੇ ਮੁਰਕੀਆਂ। ਇਉਂ ਨਿਹਾਲੇ ਚੋਰ ਨਾਲ ਹੋਈ। ਕਹਿੰਦੇ ਐਡਾ ਚਲਾਕ ਬੰਦਾ ਸੀ, ਚੋਰੀ ਕੀਤੇ ਸਮਾਨ ‘ਚੋਂ ਵੀ ਚੋਰੀ ਕਰ ਜਾਂਦਾ ਸੀ। ਦੂਰ ਦੂਰ ਤਕ ਮਸ਼ਾ ਹੂਰ ਸੀ ਨਿਹਾਲਾ ਚੋਰ।”
ਅਮਲੀ ਤੋਂ ਨਿਹਾਲੇ ਚੋਰ ਦੀ ਗੱਲ ਸੁਣ ਕੇ ਸੀਤਾ ਮਰਾਸੀ ਕਹਿੰਦਾ,
”ਇੱਕ ਗੱਲ ਦੀ ਨ੍ਹੀ ਅਮਲੀਆ ਯਾਰ ਸਮਝ ਆਈ। ਬਈ ਜਦੋਂ ਵਿਆਹ ਆਲੇ ਘਰ ਆਲਿਆ ਦੇ ਬੁੜ੍ਹੇ ਦੇ ਸਾਹਮਣੇ ਨਿਹਾਲੇ ਦੇ ਨਾਲ ਦੇ ਚੋਰ ਨੇ ਨਿਹਾਲੇ ਨੂੰ ਕਿਹਾ ਬਈ ‘ਸੁਣ ਲਾ ਨਿਹਾਲਿਆ ਚੋਰਾਂ ਦੀਆਂ ਗੱਲਾਂ, ਚੋਰ ਮਾਮੇ ਮੁਰਕੀਆਂ ਵੀ ਲੈ ਗੇ। ਉਦੋਂ ਘਰ ਆਲੇ ਬੁੜ੍ਹੇ ਨੂੰ ਪਤਾ ਨ੍ਹੀ ਲੱਗਿਆ ਬਈ ਜੀਹਨੂੰ ਇਹ ਨਿਹਾਲਾ-ਨਿਹਾਲਾ ਕਹੀ ਜਾਂਦੈ, ਇਹੀ ਨਿਹਾਲਾ ਚੋਰ ਐ?”
ਬਾਬਾ ਦਸੌਂਧਾ ਸਿਉਂ ਮਰਾਸੀ ਦੀ ਗੱਲ ਸੁਣ ਕੇ ਟਿੱਚਰ ‘ਚ ਮੁਸ਼ਕਣੀਆਂ ਹੱਸ ਕੇ ਕਹਿੰਦਾ, ”ਟੂੰਮਾਂ ਦੇ ਨਸ਼ਕਾਨ ‘ਚ ਬੁੜ੍ਹੇ ਦਾ ਡਮਾਕ ਕੰਮ ਛੱਡੀ ਬੈਠਾ ਹੋਣੈ ਜਿਮੇਂ ਇੰਜਨ ਦੀ ਇਓਜਲ ਖਰਾਬ ਹੋਏ ਤੇਲ ਚੱਲਣੋ ਹਟ ਜਾਂਦੀ ਐ। ਓਮੇਂ ਬੁੜ੍ਹੇ ਨੂੰ ਨਹੀਂ ਸੁੱਝੀ ਹੋਣੀ। ਸਾਰਾ ਟੱਬਰ ਤਾਂ ਬਰਫ਼ ਲੱਗਿਆ ਪਿਆ ਸੀ ਬਈ ਇਹ ਹੋ ਕੀ ਗਿਆ।”
ਅਮਲੀ ਕਹਿੰਦਾ, ”ਤੇਰੇ ਨਾਲ ਦਾ ਹੋਣੈ ਬੁੜ੍ਹਾ। ਜਿਮੇਂ ਤੈਨੂੰ ਨ੍ਹੀ ਪਤਾ ਲੱਗਿਆ ਸੀ ਜਦੋਂ ਆਪਣੋਂ ਪਿੰਡੋਂ ਬਾਹਰਲੇ ਮਰਾਸੀ ਦਵਾਲੀ ਲੈ ਕੇ ਤਿੱਤਰ ਹੋਏ ਸੀ।”
ਏਨੇ ਚਿਰ ਨੂੰ ਸੱਥ ਦੇ ਸਾਹਮਣੇ ਗੀਰੋ ਕੇ ਰੇਸ਼ਮ ਦੇ ਮੁੰਡੇ ਦੇ ਵਿਆਹ ‘ਚ ਲੜਾਈ ਦਾ ਰੌਲਾ ਪੈਣ ਲੱਗ ਪਿਆ। ਲੋਕ ਕੋਠਿਆਂ ‘ਤੇ ਚੜ੍ਹ-ਚੜ੍ਹ ਵੇਖਣ ਬਈ ਕੀ ਹੋ ਗਿਆ। ਰੌਲਾ ਸੁਣ ਕੇ ਨਾਥਾ ਅਮਲੀ ਕਹਿੰਦਾ, ”ਕਿਤੇ ਇਨ੍ਹਾਂ ਦੀਆਂ ਵੀ ਮਾਮੇ ਮੁਰਕੀਆਂ ਤਾਂ ਨ੍ਹੀ ਚੋਰੀ ਹੋ ਗੀਆਂ?”
ਲਾਲਾ ਲਾਲਾ ਸੁਣ ਕੇ ਸੱਥ ਵਾਲੇ ਸਾਰੇ ਰੇਸ਼ਮ ਕੇ ਘਰ ਨੂੰ ਚੱਲ ਪਏ ਤੇ ਵੇਂਹਦਿਆਂ ਵੇਂਹਦਿਆਂ ਸੱਥ ਖਾਲੀ ਹੋ ਗਈ।