ਸਵਾਦ

kahaniya-300x150ਕਬੀਲਦਾਰੀ ਦਾ ਮਤਲਬ ਹੈ “ਕਬੀਲੇ ਦੀ ਦਾਰੀ” ਭਾਵ ਕਬੀਲੇ/ਭਾਈਚਾਰੇ ਦੀ ਨੌਕਰੀ/ਸੇਵਾ । ਹਰ ਬਾਲ-ਬੱਚੇਦਾਰ ਵਿਅਕਤੀ ਨੂੰ ਅਸੀਂ ਕਬੀਲਦਾਰ ਦਾ ਦਰਜਾ ਦੇ ਦਿੰਦੇ ਹਾਂ ਅਤੇ ਉਸ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਭਾਈਚਾਰੇ ਦੇ ਹਰੇਕ ਛੋਟੇ-ਵੱਡੇ ਪਰਿਵਾਰਿਕ ਅਤੇ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋਵੇ, ਰੌਣਕ ਨੂੰ ਵਧਾਵੇ ਅਤੇ ਲੋੜ ਪੈਣ ਤੇ ਪਰਿਵਾਰ ਵਾਲਿਆਂ ਦਾ ਹੱਥ ਵੀ ਵੰਡਾਵੇ।
ਨੌਕਰੀ ਤੇ ਪੰਜ ਦਿਨ ਮੱਥਾ ਮਾਰਨ ਤੋਂ ਬਾਦ ਇਸ ਹਫ਼ਤੇ ਦੇ ਬਚਦੇ ਮੇਰੇ ਦੋ ਦਿਨ ਕਬੀਲਦਾਰ ਹੋਣ ਦੇ ਨਾਤੇ ਭਾਈਚਾਰੇ ਦੇ ਲੇਖੇ ਲੱਗੇ ਸਨ । ਸ਼ਨਿਚਰਵਾਰ ਇੱਕ ਨਜ਼ਦੀਕੀ ਰਿਸ਼ਤੇਦਾਰ ਦਾ ਗ੍ਰਹਿ-ਪ੍ਰਵੇਸ਼ ਸੀ ਅਤੇ ਅੱਜ ਸ਼ਾਮ ਨੂੰ ਇੱਕ ਦੂਰ ਦੀ ਰਿਸ਼ਤੇਦਾਰੀ ਵਿੱਚ ਵਿਆਹ ਦੀ ‘ਰਿਸੈਪਸ਼ਨ’ ਪਾਰਟੀ ਸੀ । ਯੂਬਾ ਸਿਟੀ ਤੋਂ ਵਿਆਹ ਵਾਲੇ ਪਰਿਵਾਰ ਦੇ ਮੈਂਬਰ ਅਤੇ ਕੁਝ ਗਿਣੇ-ਚੁਣੇ ਰਿਸ਼ਤੇਦਾਰ ਕੱਲ੍ਹ ਹੀ ਵੈਨਕੂਵਰ (ਕਨੇਡਾ) ਤੋਂ ਲੜਕੀ ਵਿਆਹ ਕੇ ਲਿਆਏ ਸਨ । ਸ਼ਕਲ-ਸੂਰਤ ਵਲੋਂ ਮੁੰਡੇ ਤੇ ਭਾਂਵੇਂ ਬਾਬੇ ਦੀ ਫ਼ੁੱਲ ਕਿਰਪਾ ਨਹੀਂ ਸੀ ਅਤੇ ਕੁਝ ਸਿਆਣੀ ਉਮਰ ਦਾ ਵੀ ਜਰੂਰ ਸੀ ਪਰ ਨੌਕਰੀ ਸੁਹਣੀ ਤੇ ਲੱਗਾ ਸੀ । ਇਸ ਤੋਂ ਇਲਾਵਾ ਪਰਿਵਾਰ ਦੀ ਕੁਝ ਖੇਤੀਬਾੜੀ ਵੀ ਸੀ । ਕੁੱਲ ਮਿਲਾ ਕੇ ਹਾਣ-ਪ੍ਰਵਾਣ ਲਈ ‘ਵਾਹਵਾ ਵਧੀਆ’ ਵਰ-ਘਰ ਸੀ । ਜੇ ਆਸ-ਪਾਸ ਦੇ ਇਲਾਕੇ ਵਿੱਚ ਢੁੱਕਵਾਂ ਜੋੜ ਨਾ ਮਿਲੇ ਤਾਂ ਕਨੇਡਾ ਜਾਂ ਇੰਗਲੈਂਡ ਵਿੱਚ ਰਿਸ਼ਤੇ ਇਥੇ ਆਮ ਹੀ ਹੁੰਦੇ ਹਨ। ਬਹੁਤੀ ਵਾਰ ਜਿਹਨਾ ਵਾਸਤੇ ਇੰਡੀਆ ਦੀ ਟਿਕਟ ਲੈਣੀ ਖੂਹ ‘ਚ ਛਾਲ਼ ਮਾਰਨ ਦੇ ਬਰਾਬਰ ਹੈ, ਕਨੇਡਾ ਜਾਂ ਇੰਗਲੈਂਡ ਉਹਨਾ ਦੀ ਛੇਕੜਲੀ ਆਸ ਹੋ ਨਿਬੜਦੇ ਹਨ।
ਡਾਕਟਰ ਦੀ ਕਰੜੀ ਤਾੜਨਾ ਦੇ ਬਾਵਜੂਦ ਵੀ ਮੈਂ ਐਤਵਾਰ ਦਾ ਸ਼ਾਹ-ਵੇਲਾ ਆਲੂਆਂ ਵਾਲੇ ਪਰੌਂਠਿਆਂ ਤੋਂ ਬਗੈਰ ਕਦੇ ਘੱਟ ਹੀ ਜਾਣ ਦਿੱਤਾ ਸੀ । ਪਰੌਂਠਿਆਂ ਦੇ ਸਵਾਦ ਲਈ ਉਮਰ ਦੇ ਦੋ-ਚਾਰ ਸਾਲਾਂ ਦਾ ਸੌਦਾ ਮਹਿੰਗਾ ਨਹੀਂ ਸੀ ਲਗਦਾ। ਭਾਂਡਾ-ਟੀਂਡਾ ਸਾਂਭ ਰਾਸ਼ਨ-ਪਾਣੀ ਲੈਣ ਲਈ ਪਤਨੀ ਸਟੋਰ ਨੂੰ ਤੁਰ ਗਈ ਸੀ ਅਤੇ ਮੈਂ ਘਰ ਦੇ ਆਲੇ-ਦੁਆਲੇ ਦੇ ਨਿੱਕੇ-ਮੋਟੇ ਕੰਮ ਮੁਕਾ ਚਾਹ ਦਾ ਪਿਆਲਾ ਲੈ ਕੰਪਿਊਟਰ ਅੱਗੇ ਆ ਬੈਠਾ ਸਾਂ । ਸ਼ਾਮ ਨੂੰ ਪਾਰਟੀ ਤੋਂ ਲੇਟ ਆ ਹੋਣਾ ਸੀ ਅਤੇ ਇਹੀ ਕੁਝ ਪਲ ਬਚੇ ਸਨ ਮੇਰੇ ‘ਵੀਕਐਂਡ’ ਦੇ। ਦੋਸਤਾਂ ਮਿੱਤਰਾਂ ਨਾਲ ਸੰਪਰਕ ਵਾਸਤੇ ਈ-ਮੇਲ ਮੇਰਾ ਪਸੰਦੀਦਾ ਸਾਧਨ ਸੀ । ਮੇਰਾ ‘ਲੈਪਟਾਪ’ ਮੇਰਾ ਡਾਕੀਆ, ਅਖ਼ਬਾਰ, ਗੀਤ-ਸੰਗੀਤ ਦਾ ਸੋਮਾ ਅਤੇ ਦਰਜਨ ਕੁ ਹੋਰ ਸੁੱਖ-ਸਾਧਨਾ ਦਾ ਸ੍ਰੋਤ ਹੈ ।
ਈ-ਮੇਲ ਵਿੱਚ ਛੇ-ਸੱਤ ਚਿੱਠੀਆਂ ਆਈਆਂ ਸਨ ਅਤੇ ਉਹਨਾ ਵਿੱਚ ਇੱਕ ਚਿੱਠੀ ਜੋ ਮੇਰੇ ਇੱਕ ਬਹੁਤ ਨਜ਼ਦੀਕੀ ਦੋਸਤ ਦੀ ਫ਼ਰਿਜ਼ਨੋ ਤੋਂ ਵੀ ਆਈ ਸੀ । ਫ਼ਰਿਜ਼ਨੋ ਸਾਡੇ ਤੋਂ ਤਕਰੀਬਨ ਚਾਰ ਘੰਟੇ ਦਾ ਸਫ਼ਰ ਹੈ ਅਤੇ ਕਿਸੇ ਖਾਸ ਕੰਮ ਹੀ ਉਧੱਰ ਨੂੰ ਜਾ ਹੁੰਦਾ । ਇਸ ਕਰਕੇ ਸਾਲ ਵਿੱਚ ਇੱਕ-ਅੱਧੀ ਵਾਰ ਹੀ ਮਿਲਦੇ ਸਾਂ ਪਰ ਸਾਡੀ ਈ-ਮੇਲ ਤਕਰੀਬਨ ਰੋਜ਼ ਹੀ ਸਾਂਝੀ ਹੁੰਦੀ। ਇਸ ਚਿੱਠੀ ਵਿੱਚ ਦਰਜ਼ਨ ਦੇ ਕਰੀਬ ਫ਼ੋਟੋ ਵੀ ਨੱਥੀ ਸਨ । ਕੁਝ ਦਿਨ ਪਹਿਲਾਂ ਮੇਰੇ ਦੋਸਤ ਨੇ ਪਰਿਵਾਰ ਸਮੇਤ ਹਵਾਈ ਦੇ ਟਾਪੂਆਂ ਦੀ ਸੈਰ ਵਾਸਤੇ ਪਰਿਵਾਰ ਸਮੇਤ ਜਾਣਾ ਸੀ। ਫ਼ੋਟੋ ਨੱਥੀ ਦੇਖ ਕੇ ਮੇਰੇ ਮਨ ਵਿੱਚ ਖਿਆਲ ਆਇਆ ਕਿ ਜਰੂਰ ਹੀ ਹਵਾਈ ਦੀਆਂ ਫ਼ੋਟੋ ਹੋਣਗੀਆਂ । ਹਵਾਈ ਦੇ ਮਨਮੋਹਣੇ ਦ੍ਰਿਸ਼, ਝਰਨੇ ਅਤੇ ਪ੍ਰਸ਼ਾਂਤ ਮਹਾਂਸਾਗਰ ਦਾ ਸ਼ੀਸ਼ੇ ਵਰਗਾ ਸਾਫ਼ ਪਾਣੀ ਚੇਤੇ ਕਰਦਿਆਂ ਕੁਝ ਵਰ੍ਹੇ ਪਹਿਲਾਂ ਦਾ ਮੈਨੂੰ ਆਪਣਾ ਹਵਾਈ ਦਾ ਗੇੜਾ ਚੇਤੇ ਆ ਰਿਹਾ ਸੀ । ਇੱਕ ਸਰੂਰ ਜਿਹਾ ਖਿਆਲਾਂ ਵਿੱਚ ਉਭੱਰ ਆਇਆ ਅਤੇ ਮੇਰਾ ਮਸਾਲੇਦਾਰ ਚਾਹ ਦਾ ਕੱਪ ਹੋਰ ਵੀ ਸਵਾਦਲਾ ਜਿਹਾ ਹੋ ਗਿਆ ਸੀ । ਚਾਈਂ-ਚਾਈਂ ਪਹਿਲੀ ਫ਼ੋਟੋ ਖੋਲ੍ਹੀ ਅਤੇ ਫ਼ੋਟੋ ਦੇਖ ਕੇ ਚਾਹ ਦਾ ਭਰਿਆ ਹੋਇਆ ਘੁੱਟ ਸੰਘੋਂ ਉੱਤਰਨੋ ਜਵਾਬ ਦੇ ਗਿਆ। ਘਬਰਾਹਟ ਦੀ ਕਾਹਲੀ ਨਾਲ ਬਾਕੀ ਫ਼ੋਟੋ ਵੀ ਖੋਲ੍ਹੀਆਂ ਅਤੇ ਡੌਰ-ਭੌਰਾ ਜਿਹਾ ਹੋਇਆ ਮੈਂ ਫ਼ੋਟੋਆਂ ਨੂੰ ਘੂਰ ਰਿਹਾ ਸਾਂ। ਮੇਰੇ ਕੰਪਿਊਟਰ ਦੀ ਸਕਰੀਨ ਤੇ ਇੱਕ ਬਹੁਤ ਹੀ ਸੁੰਦਰ ਨੈਣਾਂ-ਨਕਸ਼ਾਂ ਵਾਲੀ ਕਿਸੇ ਭਾਰਤੀ ਲੜਕੀ ਦੀਆਂ ਬੜੀ ਬੇਸ਼ਰਮੀ ਨਾਲ ਖਿੱਚੀਆਂ ਨੰਗੀਆਂ ਅਤੇ ਬਹੁਤ ਭੱਦੀਆਂ ਤਸਵੀਰਾਂ ਪੱਸਰੀਆਂ ਪਈਆਂ ਸਨ। ਹਰ ਤਸਵੀਰ ਆਪਣੇ ਆਪ ਵਿੱਚ ਇੱਕ ਅਤਿ ਦਰਜੇ ਦੀ ਘਟੀਆ ਸੋਚ ਦੀ ਮੂੰਹੋਂ ਬੋਲਦੀ ਦਾਸਤਾਨ ਸੀ। ਤਸਵੀਰਾਂ ਵਿੱਚਲੀਆਂ ਖਿੱਲਰੀਆਂ ਲੱਤਾਂ-ਬਾਹਾਂ ਨੇ ਜਿਵੇਂ ਮੇਰਾ ਮੂੰਹ ਭੰਨ ਦਿੱਤਾ ਹੋਵੇ, ਰੂਹ ਨੂੰ ਜਿਵੇਂ ਤਿੜਕਾ ਦਿੱਤਾ ਹੋਵੇ। ਭਾਰਤੀ ਨਾਰੀ ਦੀ ਇਹ ਦੁਰਦਸ਼ਾ ਸੁਣਨ ਵਿੱਚ ਤਾਂ ਕਈ ਵਾਰ ਆਈ ਸੀ ਪਰ ਸਾਹਮਣਾ ਪਹਿਲੀ ਵਾਰ ਹੋ ਰਿਹਾ ਸੀ।
ਮੈਂ ਆਪਣੇ ਵਜੂਦ ਨੂੰ ਇੱਕੱਠਾ ਕਰਕੇ ਫ਼ੋਟੋ ਬੰਦ ਕੀਤੀਆਂ ਅਤੇ ਸੋਚ ਰਿਹਾ ਸਾਂ ਕਿ ਮੇਰੇ ਅਤੇ ਫ਼ੋਟੋ ਭੇਜਣ ਵਾਲੇ ਮੇਰੇ ਇਸ ਦੋਸਤ ਵਿੱਚ ਹਮੇਸ਼ਾਂ ਬਹੁਤ ਉਸਾਰੂ ਵਿੱਚਾਰਾਂ ਦੀ ਸਾਂਝ ਸੀ ਪਰ ਫ਼ਿਰ ਉਸ ਨੇ ਆਹ ਗੰਦ-ਮੰਦ ਮੇਰੇ ਵੱਲ ਕਿਉਂ ਘੱਲ ਮਾਰਿਆ? ਇਹੋ ਜਿਹੀ ਖੇਹ-ਸਵਾਹ ਜੇ ਕੋਈ ਲੋੜੀਂਦਾ ਹੋਵੇ ਤਾਂ ਕਿਹੜੀ ਇੰਟਰਨੈਟ ਤੇ ਘੱਟ ਮਿਲਦੀ ਹੈ? ਹੁਣ ਫ਼ੋਨ ਕਰਨਾ ਜਰੂਰੀ ਹੋ ਗਿਆ ਸੀ । ਮੇਰਾ ਦੋਸਤ ਘਰੇ ਹੀ ਸੀ ਅਤੇ ਮੇਰੀ ਅਵਾਜ਼ ਸੁਣ ਕੇ ਉਸ ਦਸਿਆ ਕਿ ਉਹ ਮੇਰੇ ਫ਼ੋਨ ਦਾ ਇੰਤਜ਼ਾਰ ਕਰ ਰਿਹਾ ਸੀ । ਰਾਜ਼ੀ-ਖੁਸ਼ੀ ਨੂੰ ਲਾਂਭੇ ਕਰ ਕੇ ਮੈਂ ਪੁਛਿਆ ਕਿ ਕੀ ਵਜ੍ਹਾ ਹੋ ਗਈ ਜੋ ਉਸ ਨੂੰ ਕੂੜੇ ਵਿੱਚ ਹੱਥ ਮਾਰਨਾ ਪੈ ਗਿਆ? ਮੁਆਫ਼ੀ ਮੰਗਦਿਆਂ ਉਸ ਦਸਿੱਆ ਕਿ ਇਹ ਮੇਰੇ ਹੀ ਇਲਾਕੇ ਦੇ ਕਿਸੇ ਪੰਜਾਬੀ ਪਰਿਵਾਰ ਦੀ ਲੜਕੀ ਹੈ। ਸੈਕਰਾਮੈਂਟੋ ਯੁਨੀਵਰਸਿਟੀ ‘ਚ ਪੜ੍ਹਦਿਆਂ ਇਹ ਕਿਸੇ ਦੇ ਢਹੇ ਚੜ੍ਹ ਗਈ ਅਤੇ ਉਹਨਾ ਇਸ ਵਿੱਚਾਰੀ ਦਾ ਇਹ ਹਸ਼ਰ ਕੀਤਾ ਹੈ । ਉਸ ਸੋਚਿਆ ਸੀ ਕਿ ਸ਼ਾਇਦ ਮੈਂ ਤਸਵੀਰ ਵਿੱਚਲੀ ਲੜਕੀ ਨੂੰ ਪਹਿਚਾਣਦਾ ਹੋਵਾਂ। ਖਚਰੀ ਜਿਹੀ ਹਾਸੀ ਹੱਸਦਿਆਂ ਮੇਰੀ ਜਾਣਕਾਰੀ ਵਿੱਚ ਵਾਧਾ ਕਰਨਾ ਉਸ ਨੇ ਕਾਰਨ ਦਸਿਆ ਸੀ ਮੈਨੂੰ ਇਹ ਤਸਵੀਰਾਂ ਭੇਜਣ ਦਾ।
ਇਸ ਇਲਾਕੇ ਵਿੱਚ ਰਹਿੰਦਿਆਂ ਮੈਨੂੰ ਕੁਝ ਹੀ ਵਰ੍ਹੇ ਹੋਏ ਸਨ ਅਤੇ ਇਸ ਚਿਹਰੇ ਦਾ ਮੈਂ ਵਾਕਫ਼ ਨਹੀਂ ਸਾਂ ਅਤੇ ਇਹ ਸੋਚ ਕੇ ਕਿ ਇਹ ਲੜਕੀ ਅਤੇ ਇਸ ਦੇ ਅਭਾਗੇ ਮਾਪੇ ਇਧਰੇ ਕਿਧਰੇ ਮੇਰੇ ਆਸ-ਪਾਸ ਹੀ ਹੋਣੇ ਹਨ, ਮਨ ਬੇਚੈਨ ਜਿਹਾ ਹੋ ਉਠਿੱਆ। ਆਪਣਾ ਇਲਾਕਾ ਅਤੇ ਆਪਣਾ ਹੀ ਭਾਈਚਾਰਾ ਨਾ ਹੁੰਦਾ ਤਾਂ ਸ਼ਾਇਦ ਇੰਨੀ ਬੇਆਰਮੀ ਮਹਿਸੂਸ ਨਾ ਹੁੰਦੀ। ਲੜਕੀ ਦੇ ਪਰਿਵਾਰ ਬਾਰੇ ਬਹੁਤਾ ਜਾਨਣ ਲਈ ਮੈਂ ਕੋਈ ਉਤਾਵਲਾ ਨਹੀਂ ਸਾਂ। ਕਈਆਂ ਵਾਸਤੇ ਭਾਂਵੇਂ ਇਹ ਵੀ ਲਹਿ ਗਿਆ ਹੋਵੇ ਪਰ ਮੈਂ ਇਸ ਅਖ਼ੀਰਲੇ ਪਰਦੇ ਨੂੰ ਲਾਹੁਣਾ ਨਹੀਂ ਸਾਂ ਚਾਹੁੰਦਾ।
ਪਰ ਇਹਨੂੰ ਕਮਲ਼ੀ ਨੂੰ ਕੀ ਲੋੜ ਸੀ ਆਪਣੇ ਜਣਦਿਆਂ ਦੀ ਮਿੱਟੀ ਪੱਟਣ ਦੀ?” ਲੜਕੀ ਨਾਲੋਂ ਜਿਆਦਾ ਹਮਦਰਦੀ ਮੇਰੀ ਉਸ ਦੇ ਮਾਪਿਆਂ ਨਾਲ ਸੀ।
ਸ਼ਰਾਬ ਦੇ ਸੁਆਦ ਵਿੱਚ ਹੀ ਸੁਧ-ਬੁਧ ਭੁਲਾ ਬੈਠੀ ਹੋਣੀ ਏਂ ਤੇ ਥੋੜ੍ਹੀ ਅਕਲ ਦੇ ਮਾਲਕਾਂ ਨੇ ਆਪਣੀ ਸਮਝ ਦਾ ਸਬੂਤ ਦੇ ਦਿੱਤਾ।” ਉਸ ਸ਼ੰਕਾ ਜ਼ਾਹਿਰ ਕੀਤਾ । ਉਸ ਦਾ ਅੰਦਾਜ਼ਾ ਦਰੁਸਤ ਜਾਪਦਾ ਸੀ ।
ਤੇਰੇ ਕੋਲ ਇਹ ਤਸਵੀਰਾਂ ਕਿਵੇਂ ਆਈਆਂ? ਅੱਜਕਲ ਇਹ ਕੁੜੀ ਕਿੱਥੇ ਹੈ? ਕੀ ਕਰਦੀ ਹੈ? ਕਿਸ ਹਾਲਤ ਵਿੱਚ ਹੈ?” ਅਣਗਿਣਤ ਸੁਆਲ ਮੇਰੇ ਖਿਆਲਾਂ ਵਿੱਚ ਘੁੰਮ ਰਹੇ ਸਨ ਅਤੇ ਜਿੰਨੇ ਕੁ ਮੇਰੇ ਹੱਥ ਆਏ, ਉਸ ਵੱਲ ਵਗਾਹ ਮਾਰੇ।
ਯੂਨੀਵਰਸਿਟੀ ਦੇ ਦਿਨਾ ਵਿੱਚ ਇਸ ਕੁੜੀ ਦੀ ਮੁੰਡੇ ਜਾਂ ਮੁੰਡਿਆਂ ਨਾਲ ਅਣਬਣ ਹੋ ਗਈ। ਕੋਈ ਜਿਆਦਾ ਹੀ ਖ਼ਰਾਬੀ ਹੋਈ ਹੋਵੇਗੀ ਜਿਹੜਾ ਉਹਨਾ ਨੇ ਏਨੀ ਵੱਡ੍ਹੀ ਉਲ਼ਾਂਘ ਪੁੱਟੀ ਅਤੇ ਚੁੱਕ ਕੇ ਫ਼ੋਟੋ ਇੰਟਰਨੈਟ ਤੇ ਪਾ ਦਿਤੀਆਂ। ਇੱਕ ਨੇ ਦੂਜੇ ਵੱਲ ਅਤੇ ਅੱਗੋਂ ਉਹਨੇ ਅਗਾਂਹ ਤੋਰ ਦਿੱਤੀਆਂ ਅਤੇ ਕਿਸੇ ਨੇ ਮੈਨੂੰ ਵੀ ਘੱਲ ਦਿੱਤੀਆਂ। ਸੁਣਿਆ ਹੈ ਕਿ ਸਾਲ ਕੁ ਪਹਿਲਾਂ ਜਦ ਕਿਸੇ ਨੇ ਇਹ ਫ਼ੋਟੋ ਕੁੜੀ ਦੇ ਭਰਾ ਨੂੰ ਭੇਜ ਦਿੱਤੀਆਂ ਤਾਂ ਇਸ ਦਾ ਵਿਆਹ ਇਹਦੇ ਮਾਪਿਆਂ ਕਨੇਡਾ ਕਰ ਦਿੱਤਾ ਹੈ।”
ਕਨੇਡਾ?” ਪਤਾ ਨਹੀਂ ਮੈਂ ਕਿਉਂ ਹੈਰਾਨ ਜਿਹਾ ਹੋ ਕੇ ਪੁਛਿੱਆ।
“ਤੇ ਹੋਰ ਇੱਧਰ ਕੀਹਨੇ ਕਰਨਾ ਸੀ ਵਿਆਹ ਉਹਦੇ ਨਾਲ? ਸਾਰੀ ਕੁਤੀੜ ਤਾਂ ਵਿੱਚੋ-ਵਿੱਚੀ ਜਾਣਦੀ ਹੈ ਕਰਤੂਤ ਨੂੰ।” ਉਸ ਦੀ ਗੱਲ ਵਿੱਚ ਵਜ਼ਨ ਸੀ।
“ਹੁਣ ਤੂੰ ਨਾ ਅਗਾਂਹ ਇਹਦਾ ਛੱਟਾ ਦਿੰਦਾ ਫ਼ਿਰੀਂ। ਅੱਗੇ ਈ ਪਤਾ ਨਹੀਂ ਕਿਹੜੀ ਹਾਲਤ ਹੋਣੀ ਆ ਵਿੱਚਾਰੀ ਦੀ ।” ਆਪਣੇ ਦੋਸਤ ਨੂੰ ਇੱਕ ਤਰਾਂ ਨਾਲ ਹਿਦਾਇਤ ਜਿਹੀ ਦੇ ਕੇ ਦੋ-ਚਾਰ ਹੋਰ ਰਸਮੀਂ ਗੱਲਾਂ-ਬਾਤਾਂ ਕਰ ਮੈਂ ਫ਼ੋਨ ਰੱਖ ਦਿੱਤਾ । ਹੋਰ ਕੋਈ ਗੱਲ ਅਹੁੜਦੀ ਵੀ ਨਹੀਂ ਸੀ। ਕੰਪਿਊਟਰ ਤੋਂ ਫ਼ੋਟੋ ਸਾਫ਼ ਕਰਕੇ ਬਾਕੀ ਚਿੱਠੀਆਂ ਪੜ੍ਹੇ ਬਗੈਰ ਹੀ ਮੈਂ ਕੰਪਿਊਟਰ ਬੰਦ ਕਰ ਦਿੱਤਾ।
ਪਤਨੀ ਕੋਲ ਇਸ ਬਾਰੇ ਜ਼ਿਕਰ ਕਰਨਾ ਮੈਂ ਠੀਕ ਨਾ ਸਮਝਿਆ। ਬੁਝੇ ਜਿਹੇ ਮਨ ਨਾਲ ਸ਼ਾਮ ਨੂੰ ਪਾਰਟੀ ਤੇ ਪਹੁੰਚੇ । ਬੜੀ ਖੁਸ਼ੀ ਝਲਕ ਰਹੀ ਸੀ ਸਾਰੇ ਪਰਿਵਾਰ ਦੇ ਚਿਹਰਿਆਂ ਤੋਂ । ਇੱਕ ਚਾਅ ਜਿਹਾ ਛਾਇਆ ਹੋਇਆ ਸੀ ਸਾਰੇ ਪਾਸੇ। ਛਲਕਦੇ ਗਲਾਸਾਂ, ਡੁਲ੍ਹਦੇ ਹਾਸਿਆਂ ਅਤੇ ਖਿੜੀਆਂ ਹੋਈਆਂ ਰੂਹਾਂ ਨਾਲ ਹਾਲ ਭਰਿਆ ਪਿਆ ਸੀ। ਹਰੇਕ ਚਿੱਟੀ ਅਤੇ ਤਿੱਤਰ-ਖੰਭੀ ਦਾਹੜੀ ਨਾਲ ਦਿਲ ਵਿੱਚ ਕੁਝ ਹਮਦਰਦੀ ਮਹਿਸੂਸ ਕਰਦਾ ਹੋਇਆ ਪੈਪਸੀ ਦਾ ਗਲਾਸ ਫ਼ੜ੍ਹ ਮੈਂ ਵੀ ਪਾਰਟੀ ਵਿੱਚ ਲਗਭਗ ਸ਼ਾਮਿਲ ਸਾਂ। ਕੰਨ ਪਾੜਵਾਂ ਢੋਲ-ਢਮੱਕਾ ਚੰਗਾ ਤਾਂ ਕਦੀ ਪਹਿਲਾਂ ਵੀ ਨਹੀਂ ਲੱਗਾ ਪਰ ਅੱਜ ਤਾਂ ਜਿਵੇਂ ਵੱਢ ਖਾਣ ਨੂੰ ਪੈਂਦਾ ਸੀ। ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਵੀ ਮਿਰਚ-ਮਸਾਲਾ ਘੱਟ ਹੀ ਪਾਇਆ ਲਗਦਾ ਸੀ। ਕੁਝ ਸਮੇਂ ਬਾਦ ਨਵ-ਵਿਆਇਆ ਜੋੜਾ ਹਾਲ ਵਿੱਚੋਂ ਦੀ ਹੁੰਦਾ ਹੋਇਆ ਸਟੇਜ ਤੇ ਰੱਖੀਆਂ ਹੋਈਆਂ ਕੁਰਸੀਆਂ ਤੇ ਬੈਠ ਗਿਆ। ਸਾਰਿਆਂ ਨੇ ਤਾੜੀਆਂ ਨਾਲ ਨਵੀਂ ਜੋੜੀ ਦਾ ਸੁਆਗਤ ਕੀਤਾ। ਪਰਿਵਾਰ ਦੀ ਨਵੀਂ ਨੂੰਹ ਬਹੁਤ ਸੁਨੱਖੀ ਸੀ ਅਤੇ ਬੜੀ ਸੁਸ਼ੀਲ ਜਾਪਦੀ ਸੀ। ਮੈਂ ਪਤਾ ਨਹੀਂ ਦੂਰੋਂ ਹੀ ਨੀਝ ਲਾ ਕੇ ਉਹਦੇ ਚਿਹਰੇ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਿਹਾਂ ਸਾਂ ਅਤੇ ਸੋਚੀ ਜਾ ਰਿਹਾ ਸਾਂ ਕਿ ਇੰਨੀ ਸੁੰਦਰ ਲੜਕੀ ਵਾਸਤੇ ਪਰਿਵਾਰ ਨੂੰ ਕੋਈ ਨੇੜੇ-ਤੇੜੇ ਕੁਝ ਲੈਰਾ ਜਿਹਾ ਵਰ ਕਿਉਂ ਨਹੀਂ ਲੱਭਾ? ਫ਼ਿਰ ਇਹ ਸੋਚ ਕੇ ਕਿ ਲੜਕੇ ਵਾਲਿਆਂ ਦੀਆਂ ਹੋਰ ਵੀ ਕਈ ਰਿਸ਼ਤੇਦਾਰੀਆਂ ਕਨੇਡਾ ਵਿੱਚ ਹਨ ਅਤੇ ਹੋ ਸਕਦਾ ਹੈ ਕਿ ਕਿਸੇ ਰਿਸ਼ਤੇਦਾਰੀ ਦਾ ਜ਼ੋਰ ਕਰਕੇ ਰਿਸ਼ਤਾ ਹੋਇਆ ਹੋਵੇ, ਸ਼ੰਕੇ ਤੋਂ ਕੁਝ ਛੁਟਕਾਰਾ ਹੁੰਦਾ ਪਰ ‘ਜੋੜੀਆਂ ਜੱਗ ਥੋੜ੍ਹੀਆਂ ਤੇ ਨਰੜ ਬਥੇਰੇ’ ਦਾ ਖਿਆਲ ਕਰਕੇ ਉਹੀ ਰੇੜਕਾ ਫ਼ਿਰ ਖੜਾ ਹੋ ਜਾਂਦਾ। ਆਪ-ਹੁਦਰੇ ਕਈ ਸਵਾਲ-ਜਵਾਬ ਮਨ ਵਿੱਚ ਤਾਰੀਆਂ ਲਾ ਰਹੇ ਸਨ। ਕੁਝ ਕੁ ਨੌਜਵਾਨਾਂ ਨੂੰ ਛੱਡ ਬਾਕੀਆਂ ਦੁਆਰਾ ਭੰਗੜੇ ਦੀ ਐਹੀ ਦੀ ਤ੍ਹੈੀ ਫ਼ਿਰਦੀ ਦੇਖ ਕਿਸੇ ਦੀ ਇੰਟਰਨੈਟ ਤੇ ਰੁਲਦੀ ਬਚੀ-ਖੁਚੀ ਇੱਜ਼ਤ ਖਿਆਲਾਂ ਤੇ ਕਬਜ਼ਾ ਕਰੀ ਬੈਠੀ ਸੀ।
ਰੋਟੀ ਖਾ ਕੇ ਅਸੀਂ ਪਰਿਵਾਰ ਵਾਲਿਆਂ ਤੋਂ ਸਵੇਰੇ ਸਵੱਖਤੇ ਕੰਮਾਂ ਤੇ ਜਾਣ ਦਾ ਵਾਸਤਾ ਪਾ ਕੇ ਵਿਦਾਈ ਲੈ ਲਈ। ਮਿਠਿਆਈ ਦਾ ਡੱਬਾ ਲਾੜੇ ਦੀ ਮਾਂ ਕੋਲੋਂ ਫ਼ੜਦਿਆਂ ਪਤਨੀ ਨੇ ਮਠਿਆਈ ਦੇ ਬਹੁਤ ਸਵਾਦ ਹੋਣ ਦੀ ਸਿਫ਼ਤ ਕੀਤੀ। ਮੈਨੂੰ ਲਗਦਾ ਸੀ ਕਿ ਉਹ ਐਂਵੇਂ ਹੀ ਰਸਮੀ ਤੌਰ ਤੇ ਝੂਠੀ ਸਿਫ਼ਤ ਕਰ ਰਹੀ ਸੀ। ਕਿਸੇ ਦੀ ਫ਼ਰਮਾਇਸ਼ ਤੇ “ਲੰਡਨੋਂ ਪਟੋਲਾ ਇੱਕ ਆਇਆ, ਪਿੰਡਾਂ ਦੇ ਵਿੱਚ ਗੱਲਾਂ ਹੁੰਦੀਆਂ” ਉੱਚੀ ਅਵਾਜ਼ ਵਿੱਚ ਵੱਜ ਰਿਹਾ ਸੀ, ਡਾਂਸ ਫ਼ਲੋਰ ਤੇ ਮਸਤ ਹੋਈ ਕੋਈ ਮੁਟਿਆਰ ਬੜੇ ਵਿੰਗ-ਤੜਿੰਗ ਪਾ ਕੇ ਨੱਚ ਰਹੀ ਸੀ, ਅਤੇ ਇਸ ਡਾਂਸ ਨੂੰ ਕੈਦ ਕਰਨ ਲਈ ਰੁੱਝੇ ਹੋਏ ਕੈਮਰੇ ਵੇਖ ਬਾਹਰ ਨੂੰ ਤੁਰੇ ਮੇਰੇ ਕਦਮ ਕੁਝ ਤੇਜ਼ ਹੋ ਗਏ ਸਨ। ਹਾਲ ‘ਚੋਂ ਬਾਹਰ ਨਿਕਲ ਕਾਰ ਦੇ ਕੋਲ਼ ਆ ਮੈਂ ਕਾਰ ਦੀ ਚਾਬੀ ਘਰ ਵਾਲੀ ਨੂੰ ਫ਼ੜਾ ਦਿੱਤੀ।”ਕੀ ਗੱਲ? ਠੀਕ ਨਹੀਂ?” ਪਤਨੀ ਦੀ ਗੱਲ ਵਿੱਚ ਲੁਕੀ ਹੋਈ ਮਸ਼ਕਰੀ ਮੈਂ ਸਮਝ ਲਈ ਸੀ ਕਿ ਕਿਤੇ ਮੈਂ ਪੀਤੀ ਤਾਂ ਨਹੀਂ ਹੋਈ।”ਨਹੀਂ । ਵੈਸੇ ਈ ਬੇਸੁਵਾਦਾ ਜਿਹਾ ਖਾਣਾ ਖਾ ਕੇ ਮੂੜ ਈ ਬੇਸੁਵਾਦਾ ਜਿਹਾ ਹੋਇਆ ਪਿਐ।” ਪਤਾ ਨਹੀਂ ਮੇਰੀ ਖਾਣੇ ਉਤੇ ਲਾਈ ਤੁਹਮਤ ਠੀਕ ਵੀ ਸੀ ਜਾਂ ਨਹੀਂ।”ਵੈਜੀਟੇਰੀਅਨ ਤਾਂ ਬੜਾ ਸਵਾਦ ਸੀ।” ਕਹਿੰਦਿਆਂ ਪਤਨੀ ਨੇ ਕਾਰ ਘਰ ਵੱਲ ਨੂੰ ਤੋਰ ਲਈ ।
ਭਜਨ ਸਿੰਘ