ਮੈਂ ਫ਼ਿਰ ਕੈਨੇਡਾ ਆਇਆ-6

walia-big”ਬਾਬਿਓ, ਵਕਤ ਸਿਰ ਪਹੁੰਚ ਜਾਣਾ। ਅੱਜ ਤੁਹਾਡਾ ਰੂਬਰੂ ਰੱਖਿਆ ਹੈ”
ਜਰਨੈਲ ਸਿੰਘ ਆਰਟਿਸਟ ਦਾ ਫ਼ੋਨ ਸੀ।
ਜਰਨੈਲ ਸਿੰਘ ਆਰਟਿਸਟ ਮੇਰੇ ਪੁਰਾਣੇ ਮਿੱਤਰਾਂ ਵਿੱਚੋਂ ਇੱਥ ਹੈ। 35 ਕੁ ਵਰ੍ਹੇ ਪਹਿਲਾਂ ਡਾ. ਆਤਮ ਹਮਰਾਹੀ ਦੇ ਨਾਲ ਮੈਂ ਜਰਨੈਲ ਸਿੰਘ ਦੇ ਪਿਤਾ ਸ. ਕਿਰਪਾਲ ਸਿੰਘ ਆਰਟਿਸਟ ਨੂੰ ਮਿਲਣ ਗਿਆ ਸੀ। ਉਸੇ ਦਿਨ ਜਰਨੈਲ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ ਹੋਈ ਸੀ। ਜਰਨੈਲ ਦੇ ਪਿਤਾ ਸ. ਕਿਰਪਾਲ ਸਿੰਘ ਆਰਟਿਸਟ ਨੇ ਸਿੱਖ ਇਤਿਹਾਸ ਨੂੰ ਚਿੱਤਰ ਕੇ ਵੱਡਾ ਨਾਮ ਬਣਾਇਆ ਸੀ ਅਤੇ ਉਨ੍ਹਾ ਦੇ ਕੰਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਪੂਰੀ ਸਿੱਖ ਕੌਮ ਨੇ ਮਾਨਤਾ ਦਿੱਤੀ ਸੀ। ਜਰਨੈਲ ਨੇ ਸਿੱਖ ਇਤਿਹਾਸ ਦੀ ਬਜਾਏ ਪੰਜਾਬੀ ਸਭਿਆਚਾਰ ਨੁੰ ਆਪਣਾ ਖੇਤਰ ਬਣਾਇਆ। ਉਂਝ ਉਸਨੇ ਆਪਣੇ ਦਿਲ ਦੀ ਸੁਣਦੇ ਹੋਏ ਆਪਣੇ ਯੁੱਗ ਨੂੰ ਚਲਾਇਆ। ਸੰਨ 2000 ਵਿੱਚ ਉਹ ਪ੍ਰਵਾਸ ਕਰਕੇ ਆਇਆ ਅਤੇ ਸਰੀ ਦਾ ਵਾਸੀ ਬਣ ਗਿਆ। ਇੱਥੇ ਉਸਨੇ ਆਪਣੀ ਗੈਲਰੀ ਸਥਾਪਤ ਕੀਤੀ। ਇਸੇ ਆਰਟ ਗੈਲਰੀ ਵਿੱਚ ਅਕਸਰ ਸਾਹਿਤਕ ਇੱਥੱਤਰਤਾਵਾਂ ਹੁੰਦੀਆਂ ਰਹਿੰਦੀਆਂ ਹਨ। ਜਦੋਂ ਕੋਈ ਵੀ ਸਾਹਿਤਕ, ਸਭਿਆਚਾਰਕ ਜਾਂ ਕਿਸੇ ਹੋਰ ਖੇਤਰ ਦੀ ਅਹਿਮ ਸ਼ਖਸੀਅਤ ਵੈਨਕੂਵਰ ਦੀ ਯਾਤਰਾ ‘ਤੇ ਆਉਂਦੀ ਹੈ ਤਾਂ ਜਰਨੈਲ ਆਰਟ ਗੈਲਰੀ ਵਿੱਚ ਹਾਜ਼ਰੀ ਬਿਨਾਂ ਉਸਦੀ ਯਾਤਰਾ ਅਧੂਰੀ ਰਹਿੰਦੀ ਹੈ। ਜਰਨੈਲ ਸਾਰੇ ਸਾਹਿਤਕ ਅਤੇ ਪੱਤਰਕਾਰ ਮਿੱਤਰਾਂ ਨੂੰ ਈਮੇਲ ਕਰਕੇ ਸੱਦਾ ਦੇ ਦਿੰਦਾ ਹੈ ਅਤੇ ਇਉਂ ਇੱਕ ਵਧੀਆ ਅਤੇ ਸਾਰਥਕ ਇੱਕੱਤਰਤਾ ਹੋ ਜਾਂਦੀ ਸੀ। ਅੱਜ ਉਸਨੇ ਮੈਨੂੰ ਸੱਦਾ ਦਿੱਤਾ ਸੀ ਤਾਂ ਕਿ ਮੈਂ ਸਾਰੇ ਮਿੱਤਰਾਂ ਨੂੰ ਮਿਲ ਸਕਾਂ। ਇਸ ਤਰ੍ਹਾਂ ਦੀਆਂ ਮਿੱਤਰ ਮਿਲਣੀਆਂ ਵਿੱਚ ਮੈਂ ਆਪਣੀਆਂ ਪਹਿਲੀਆਂ ਫ਼ੇਰੀਆਂ ਦੌਰਾਨ ਵੀ ਸ਼ਾਮਲ ਹੋ ਚੁੱਕਾ ਸਾਂ। ਅੱਜ ਫ਼ਿਰ ਮੈਂ ਆਪਣੇ ਸਾਰਥੀ ਸਖਮੰਦਰ ਸਿੰਘ ਬਰਾੜ ਨਾਲ ਜਰਨੈਲ ਆਰਟ ਗੈਲਰੀ ਵੱਲ ਜਾ ਰਿਹਾ ਸੀ।
ਇੱਕ ਵਜੇ ਜਰਨੈਲ ਆਰਟਸ ਪਹੁੰਚਣਾ ਸੀ ਪਰ ਅੱਧਾ ਘੰਟਾ ਦੇਰੀ ਨਾਲ ਪਹੁੰਚੇ। ਸਾਡੇ ਜਾਂਦਿਆਂ ਗੈਲਰੀ ਵਿੱਚ ਰੌਣਕਾਂ ਸਨ। ਭਾਰਤ ਤੋਂ ਪਹੁੰਚੇ ਗੁਰਭਜਨ ਗਿੱਲ, ਸੁੱਖੀ ਬਾਠ, ਮੋਹਨ ਗਿੱਲ, ਨਾਵਲਕਾਰ ਜਰਨੈਲ ਸ਼ੇਖਾ, ਸਾਧੂ ਬਲਿੰਗ, ਗਜ਼ਲ ਵਿੱਚ ਮੁਹਾਰਤ ਰੱਖਣ ਵਾਲਾ ਪਰਮਾਰ, ਗਜ਼ਲਗੋ ਹਰਦਮ ਮਾਨ, ਗੁਰਲਾਲ, ਗੁਰਭਾਜ, ਰਣਧੀਰ ਢਿੱਲੋਂ ਅਤੇ ਪੱਤਰਕਾਰ ਗੁਰਵਿੰਦਰ ਧਾਲੀਵਾਲ ਆਦਿ ਦੋਸਤ ਮੇਰੀ ਉਡੀਕ ਕਰ ਰਹੇ ਸਨ। ਮੈਂ ਪਹੁੰਚਣ ਸਾਰ ਦੇਰੀ ਲਈ ਮਾਫ਼ੀ ਮੰਗੀ ਅਤੇ ਚੱਲ ਰਹੀ ਵਾਰਤਾਲਾਪ ਵਿੱਚ ਸ਼ਰੀਕ ਹੋ ਗਿਆ। ਚਾਹ ਪਾਣੀ ਦਾ ਦੌਰ ਖਤਮ ਹੋਇਆ ਅਤੇ ਗੁਰਵਿੰਦਰ ਧਾਲੀਵਾਲ ਸਟੇਜ ਸਕੱਤਰ ਦੀ ਭੂਮਿਕਾ ਵਿੱਚ ਆ ਗਿਆ। ਰਸਮੀ ਜਾਣ ਪਛਾਣ ਤੋਂ ਬਾਅਦ ਉਸਨੇ ਮੈਨੂੰ ਸੱਦਾ ਦਿੱਤਾ ਕਿ ਮੈਂ ਹਾਜ਼ਰ ਦੋਸਤਾਂ ਨੂੰ ਸੰਬੋਧਨ ਕਰਾਂ। ਮੈਂ ਆਪਣੀ ਪੁਸਤਕ ‘ਜਿੱਤ ਦਾ ਮੰਤਰ’ ਦੇ ਹਵਾਲੇ ਨਾਲ ਗੱਲ ਸ਼ੁਰੂ ਕੀਤੀ। ਮੇਰਾ ਇਹ ਕਹਿਣਾ ਸੀ ਕਿ ‘ਪੰਜਾਬ ਦੇ ਬੱਚੇ ਅਤੇ ਨੌਜਵਾਨ ਸੁਪਨੇ ਲੈਣੇ ਭੁੱਲ ਗਏ ਹਨ। ਜਿਵੇਂ ਅਵਤਾਰ ਪਾਸ਼ ਕਹਿੰਦਾ ਹੈ ਕਿ ‘ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ’। ਅਸਲ ਵਿੱਚ ਸੁਪਨੇ ਤਾਂ ਸਫ਼ਲਤਾ ਦੇ ਬੀਜ ਹੁੰਦੇ ਹਨ। ਸਫ਼ਲਤਾ ਲਈ ਤੁਹਾਡੇ ਅੰਦਰ ਇੱਕ ਸੁਪਨਾ ਹੋਣਾ ਚਾਹੀਦਾ ਹੈ। ਦ੍ਰਿੜ੍ਹ ਇੱਛਾ-ਸ਼ਕਤੀ ਹੋਣੀ ਚਾਹੀਦੀ ਹੈ ਅਤੇ ਮਿਹਨਤ ਕਰਨ ਦਾ ਮਾਦਾ ਹੋਣਾ ਚਾਹੀਦਾ ਹੈ। ਯਾਦ ਰੱਖੋ ਕਿ ਜੇ ਤੁਸੀਂ ਤੁਰ ਸਕਦੇ ਹੋ ਤਾਂ ਨੱਚ ਵੀ ਸਕਦੇ ਹੋ। ਜੇ ਤੁਸੀਂ ਬੋਲ ਸਕਦੇ ਹੋ ਤਾਂ ਗਾ ਵੀ ਸਕਦੇ ਹੋ। ਅਸਲ ਵਿੱਚ ਸਫ਼ਲ ਲੋਕ ਆਪਣੇ ਨਿਰੰਤਰ ਵਿਸ਼ਵਾਸ ਨਾਲ ਜਿੱਤਦੇ ਹਨ, ਉਹ ਅਸਫ਼ਲਤਾਵਾਂ ਦਾ ਮੁਕਾਬਲਾ ਵੀ ਉਸੇ ਵਿਸ਼ਵਾਸ ਨਾਲ ਕਰਦੇ ਹਨ। ਉਹ ਰੁਕਦੇ ਨਹੀਂ ਲੱਗੇ ਰਹਿੰਦੇ ਹਨ। ਜਿੱਤ ਦੇ ਵਿਸ਼ਵਾਸ ਨਾਲ ਜੁਟੇ ਰਹਿੰਦੇ ਹਨ।
ਸਫ਼ਲਤਾ ਅਤੇ ਅਸਫ਼ਲਤਾ ਵਿੱਚ, ਹਾਰ ਅਤੇ ਜਿੱਤ ਵਿੱਚ ਸਾਡਾ ਦ੍ਰਿਸ਼ਟੀਕੋਣ, ਸਾਡੀ ਸੋਚ ਅਤੇ ਸਾਡੇ ਮਨ ਦੇ ਭਾਵਾਂ ਦਾ ਹੀ ਵੱਡਾ ਅਸਰ ਹੁੰਦਾ ਹੈ। ਮਨੁੱਖ ਉਹੀ ਕੁਝ ਹੁੰਦਾ ਹੈ ਜੋ ਉਹ ਸੋਚਦਾ ਹੈ। ਸਫ਼ਲ ਹੋਣ ਲਈ ਸਫ਼ਲਤਾ ਬਾਰੇ ਇੱਛਾ ਰੱਖਣਾ ਅਸਫ਼ਲਤਾ ਦੇ ਡਰ ਨਾਲੋਂ ਜ਼ਿਆਦਾ ਜ਼ਰੂਰੀ ਹੈ। ਹਾਰ ਕਦੇ ਹਾਰ ਨਹੀਂ ਹੁੰਦੀ, ਹਾਰ ਉਦੋਂ ਹੀ ਹੁੰਦੀ ਹੈ ਜਦੋਂ ਤੁਸੀਂ ਉਸਨੁੰ ਸਵੀਕਾਰ ਕਰ ਲੈਂਦੇ ਹੋ। ਅਸਫ਼ਲਤਾ ਕਦੇ ਵੀ ਘਾਤਕ ਨਹੀਂ ਹੁੰਦੀ ਸਗੋਂ ਢਹਿੰਦੀ ਕਲਾ ਅਤੇ ਨਿਰਾਸ਼ਾਵਾਦੀ ਦ੍ਰਿਸ਼ਟੀਕੋਣ ਹਮੇਸ਼ਾ ਘਾਤਕ ਹੁੰਦਾ ਹੈ। ਨਿਰਾਸ਼ਾਵਾਦੀ ਅਤੇ ਨਕਾਰਾਤਮਕ ਸੋਚ ਰੱਖਣ ਵਾਲੇ ਜ਼ਿੰਦਗੀ ਜਿਉਂਦੇ ਨਹੀਂ ਕੱਟਦੇ ਹਨ। ਆਸ਼ਾਵਾਦੀ ਅਤੇ ਸਕਾਰਾਤਮਕ ਸੋਚ ਰੱਖਣ ਵਾਲੇ ਲੋਕ ਜ਼ਿੰਦਗੀ ਨੂੰ ਸਿਰਫ਼ ਜਿਉਂਦੇ ਹੀ ਨਹੀਂ ਸਗੋਂ ਮਾਣਦੇ ਵੀ ਹਨ। ਇਹ ਸਾਰੀ ਮਨ ਦੀ ਖੇਡ ਹੈ। ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ। ਜ਼ਿੰਦਗੀ ਵਿੱਚ ਕੁਝ ਕਰ ਗੁਜ਼ਰਨ ਲਈ ਮੌਸਮ ਨਹੀਂ ਮਨ ਚਾਹੀਦਾ ਹੁੰਦਾ ਹੈ। ਜੇ ਅਸੀਂ ਪੰਜਾਬ ਦਾ ਭਲਾ ਕਰਨਾ ਹੈ ਤਾਂ ਸਾਨੂੰ ਪੰਜਾਬ ਦੇ ਬੱਚਿਆਂ ਦੇ ਮਨਾਂ ਵਿੱਚ ਵੱਡੇ ਸੁਪਨੇ ਬੀਜਣੇ ਚਾਹੀਦੇ ਹਨ। ਉਹਨਾਂ ਨੂੰ ਇੱਕ ਉਦੇਸ਼, ਇੱਕ ਮੰਜ਼ਿਲ, ਇੱਕ ਟੀਚਾ ਅਤੇ ਇੱਕ ਲਕਸ਼ ਦੇਣਾ ਚਾਹੀਦਾ ਹੈ। ਸਫ਼ਲਤਾ ਦਾ ਸਭ ਤੋਂ ਵੱਡਾ ਸੂਤਰ ਸਪਸ਼ਟ ਉਦੇਸ਼ ਹੁੰਦਾ ਹੈ, ਤੁਸੀਂ ਜੇ ਕੁਝ ਸੋਚ ਸਕਦੇ ਹੋ, ਉਸਨੁੰ ਪਾ ਸਕਦੇ ਹੋ। ਪਰ ਵੱਡੀ ਸਮੱਸਿਆ ਹੈ ਕਿ ਜ਼ਿਆਦਾਤਰ ਲੋਕ ਆਪਣੀ ਸਪਸ਼ਟ ਮੰਜ਼ਿਲ ਮਿੱਥਣ ਵਿੱਚ ਅਸਮਰਥ ਹੁੰਦੇ ਹਨ। ਜੋ ਮਨੁੱਖ ਆਪਣੀ ਮੰਜ਼ਿਲ ਮਿੱਥ ਕੇ ਤੁਰ ਪੈਂਦਾ ਹੈ ਤਾਂ ਉਹ ਮੰਜ਼ਿਲ ‘ਤੇ ਜ਼ਰੂਰ ਪਹੁੰਚ ਜਾਂਦਾ ਹੈ। ਜੋ ਤੁਰਦੇ ਹਨ, ਉਹੀ ਪੁੱਜਦੇ ਹਨ।”
ਇਉਂ ਮੈਂ ਤਕਰੀਬਨ 30-40 ਮਿੰਟ ਜ਼ਿੰਦਗੀ ਵਿੱਚ ਸਫ਼ਲਤਾ ਦੇ ਸੂਤਰਾਂ ਨੂੰ ਲੈ ਕੇ ਉਦਾਹਰਣਾਂ ਸਹਿਤ ਬੋਲਿਆ ਅਤੇ ਅੰਤ ਵਿੱਚ ਮੈਂ ‘ਖਿੱਚ ਦੇ ਸਿਧਾਂਤ’ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਿਵੇਂ ਗੁਰੂ ਸਾਹਿਬ ਨੇ ਕਿਹਾ ਹੈ ”ਜੈਸੀ ਦ੍ਰਿਸ਼ਟ ਕਰੇ ਤੈਸਾ ਹੋਇ”। ਸਾਨੂੰ ਬੱਚਿਆਂ ਨੂੰ ਇਸ ਪੱਖੋਂ ਸਿੱਖਿਅਤ ਕਰਨਾ ਚਾਹੀਦਾ ਹੈ। ਸਿਆਸੀ ਲੋਕਾਂ ਨੇ ਕੁਝ ਨਹੀਂ ਕਰਨਾ, ਇਸ ਪਾਸੇ ਤਾਂ ਅਧਿਆਪਕ ਅਤੇ ਮਾਪੇ ਹੀ ਸਾਰਥਕ ਭੂਮਿਕਾ ਨਿਭਾਅ ਸਕਦੇ ਹਨ। ਮੇਰੇ ਭਾਸ਼ਣ ਤੋਂ ਬਾਅਦ ਗੁਰਭਜਨ ਗਿੱਲ ਨੇ ਆਪਣੀ ਲੰਮੀ ਚੌੜੀ ਟਿੱਪਣੀ ਵਿੱਚ ਕਈ ਨੁਕਤੇ ਉਠਾਏ। ਇਸੇ ਤਰ੍ਹਾਂ ਸਾਧੂ ਬਲਿੰਗ, ਪਰਮਾਰ ਸਾਹਿਬ ਅਤੇ ਜਰਨੈਲ ਸ਼ੇਖਾ ਹੋਰਾਂ ਨੇ ਆਪਣੇ-ਆਪਣੇ ਨਜ਼ਰੀਏ ਤੋਂ ਟਿੱਪਣੀਆਂ ਕੀਤੀਆਂ। ਇਹ ਚਰਚਾ ਜ਼ਿਆਦਾ ਚਿਰ ਵੀ ਚੱਲ ਸਕਦੀ ਸੀ ਪਰ ਮੈਂ ਪੰਜਾਬ ਭਵਨ ਵਿੱਚ ਪੰਜਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਦੇ ਪ੍ਰੋਗਰਾਮ ਵਿੱਚ ਵੀ ਜਾਣਾ ਸੀ। ਮੈਂ ਇੱਕੱਲੇ ਨੇ ਕਿਉਂ ਇਸ ਮਹਿਫ਼ਲ ਵਿੱਚ ਹਾਜ਼ਰ ਗੁਰਵਿੰਦਰ ਧਾਲੀਵਾਲ, ਸਖਮੰਦਰ ਸਿੰਘ ਬਰਾੜ ਆਦਿ ਕਈ ਹੋਰ ਮਿੱਤਰਾਂ ਨੇ ਵੀ ਜਾਣਾ ਸੀ। ਸੋ ਅਸੀਂ ਸਾਰੇ ਫ਼ੋਟੋ ਖਿਚਵਾਉਣ ਲਈ ਤਿਆਰੀ ਕਰਨ ਨੱਗੇ। ਗਰੁੱਪ ਫ਼ੋਟੋ ਲਈ ਕੁਰਸੀਆਂ ਸਜਾਈਆਂ ਗਈਆਂ। ਸਖਮੰਦਰ ਬਰਾੜ ਫ਼ੋਟੋਗ੍ਰਾਫ਼ੀ ਕਰਨ ਵਿੱਚ ਮਗਨ ਸੀ। ਜਰਨੈਲ ਦੀ ਆਰਟ ਗੈਲਰੀ ਵਿੱਚ ਫ਼ੋਟੋ ਸੈਸ਼ਨ ਵੀ ਦਿਲਚਸਪ ਰਿਹਾ। ਦੋਸਤਾਂ ਨਾਲ ਯਾਦਗਾਰੀ ਫ਼ੋਟੋਆਂ ਲਈਆਂ ਗਈਆਂ। ਫ਼ੋਟੋਆਂ ਤੋਂ ਵਿਹਲੇ ਹੋ ਕੇ ਅਸੀਂ ਪੰਜਾਬ ਭਵਨ ਪਹੁੰਚ ਗਏ।
ਪੰਜਾਬ ਭਵਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਵਿਦਿਆਰਥੀ ਹਾਜ਼ਰ ਸਨ, ਭਾਵੇਂ ਇਹਨਾਂ ਦੀ ਗਿਣਤੀ ਕੋਈ ਭਰਵੀਂ ਨਹੀਂ ਸੀ ਪਰ ਫ਼ਿਰ ਵੀ ਕੁਝ ਪੁਰਾਦੇ ਦੋਸਤਾਂ ਨੂੰ ਮਿਲ ਕੇ ਮੈਨੂੰ ਖੁਸ਼ੀ ਹੋਈ। ਪੁਰਾਣੇ ਦੋਸਤਾਂ ਵਿੱਚੋਂ ਜਸਵੰਤ ਬਰਾੜ ਇੱਕ ਸੀ। ਜਸਵੰਤ ਬਰਾੜ ਪੰਜਾਬੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਵਿੱਚ ਮੇਰਾ ਜਮਾਤੀ ਸੀ। ਜਸਵੰਤ ਬਰਾੜ ਦਾ ਛੋਟਾ ਭਰਾ ਜਗਰੂਪ ਬਰਾੜ ਜੋ ਇੱਕ ਐਮ. ਐਲ. ਏ. ਰਿਹਾ ਹੈ, ਵੀ ਪੰਜਾਬੀ ਯੂਨੀਵਰਸਿਟੀ ਦਾ ਵਿਦਿਆਰਥੀ ਰਿਹਾ ਸੀ। ਇਹਨਾਂ ਵਿਦਿਆਰਥੀਆਂ ਵਿੱਚ ਡਾ. ਜਸਮਲਕੀਤ ਵੀ ਇੱਕ ਸੀ, ਜਿਸਨੇ ਯੂਨੀਵਰਸਿਟੀ ਤੋਂ ਐਜੂਕੇਸ਼ਨ ਵਿੱਚ ਪੀ. ਐਚ. ਡੀ. ਕੀਤੀ ਸੀ।
ਇਹਨਾਂ ਵਿੱਚ ਮੇਰੀ ਪੱਤਰਕਾਰੀ ਵਿੱਚ ਵਿਦਿਆਰਥਣ ਰਹੀ ਸੁੱਖੀ ਸ਼ੇਰਗਿੱਲ ਵੀ ਸੀ। ਯੂਨੀਵਰਸਿਟੀ ਦੇ ਫ਼ਿਜ਼ੀਕਸ ਵਿਭਾਗ ਦੇ ਡਾ. ਕੁਲਵੰਤ ਸਿੰਘ ਵੀ ਪੁਰਾਦੇ ਵਿਦਿਆਰਥੀਆਂ ਦੀ ਪ੍ਰਤੀਨਿਧਤਾ ਕਰ ਰਹੇ ਸਨ। ਪੰਜਾਬੀ ਯੂਨੀਵਰਸਿਟੀ ਤੋਂ ਪੀ. ਐਚ. ਡੀ. ਦੀ ਡਿਗਰੀ ਹੋਲਡਰ ਗੁਰਵਿੰਦਰ ਧਾਲੀਵਾਲ ਨੇ ਇੱਥੇ ਵੀ ਸਟੇਜ ਦੀ ਕਾਰਵਾਈ ਸੰਭਾਲੀ। ਡਾ. ਧਾਲੀਵਾਲ ਨੇ ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਦੇ ਮੈਂਬਰਾਂ ਦੀ ਸੂਚੀ ਪੜ੍ਹ ਕੇ ਸੁਣਾਈ ਤੇ ਦੱਸਿਆ ਕਿ ਇਸ ਵਿੱਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਡਾ. ਧਾਲੀਵਾਲ ਤੋਂ ਬਾਅਦ ਜਸਵੰਤ ਬਰਾੜ ਨੇ ਕਿ ਕਿ ਉਹ ਯੂਨੀਵਰਸਿਟੀ ਨਾਲ ਸਬੰਧਤ ਹਰ ਵਿਦਿਆਰਥੀ ਨੂੰ ਹਰ ਤਰ੍ਹਾਂ ਦੇ ਸਹਿਯੋਗ ਲਈ ਤੱਤਪਰ ਹੈ।
ਇਉਂ ਜਸ ਮਲਕੀਤ, ਅੰਮ੍ਰਿਤ ਭੱਟੀ, ਡਾ. ਕੁਲਵੰਤ ਸਿੰਘ ਆਦਿ ਵਿਦਿਆਰਥੀਆਂ ਨੇ ਆਪੋ-ਆਪਣੇ ਵਿੱਚਾਰ ਪ੍ਰਗਟ ਕੀਤੇ। ਇੱਥੇ ਬੋਲਦੇ ਹੋਏ ਮੈਂ ਕਿਹਾ ਕਿ ਮੈਨੂੰ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਹੈ। ਮੈਂ ਹਰੇਕ ਯੂਨੀਵਰਸਿਟੀ ਦੀ ਰੀਯੂਨੀਅਨ ਵਿੱਚ ਇੱਕ ਸੁਝਾਅ ਦਿੰਦਾ ਹਾਂ ਕਿ ਸਾਨੂੰ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਦੀ ਇੱਕ ਡਾਇਰੈਕਟਰੀ ਤਿਆਰ ਕਰਨੀ ਚਾਹੀਦੀ ਹੈ। ਮੈਂ ਦੱਸਿਆ ਕਿ ਅਸੀਂ ਯੂਨੀਵਰਸਿਟੀ ਵੱਲੋਂ ਦੁਨੀਆਂ ਦੇ ਹਰ ਦੇਸ਼ ਵਿੱਚ ਜਿੱਥੇ ਵੀ ਸਾਡੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਵੱਸਦੇ ਹਨ, ਯੂਨੀਵਰਸਿਟੀ ਅਲੂਮਨੀ ਐਸੀਏਸ਼ਨ ਦਾ ਚੈਪਟਰ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਸਾਰੇ ਵਿਦਿਆਰਥੀਆਂ ਦੇ ਨਾਵਾਂ, ਸਿਰਨਾਵਾਂ, ਵਿਸ਼ਾ ਅਤੇ ਪਾਸ ਕਰਨ ਵਾਲਾ ਵਰ੍ਹਾ ਆਦਿ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦੀ ਇੱਕ ਡਾਇਰੇਕਟਰੀ ਤਿਆਰ ਕਰਕੇ ਯੂਨੀਵਰਸਿਟੀ ਵੈਬਸਾਈਟ ‘ਤੇ ਪਾਉਣ ਦੀ ਕੋਸ਼ਿਸ਼ ਕਰਾਂਗੇ। ਮੇਰਾ ਇੱਕ ਹੋਰ ਵੀ ਸੁਝਾਅ ਸੀ ਕਿ ਯੂਨੀਵਰਸਿਟੀ ਵਿੱਚ ਇੱਕ ਅਲੂਮਨੀ ਭਵਨ ਵੀ ਹੋਵੇ। ਹਰ ਯੂਨੀਵਰਸਿਟੀ ਵਿੱਚ ਗੈਸਟ ਹਾਊਸ ਤਾਂ ਹਨ ਹੀ, ਇਹਨਾਂ ਨਾਲ ਹੀ ਕੁਝ ਕਮਰੇ ਉਸਾਰੇ ਜਾ ਸਕਦੇ ਹਨ। ਇਹ ਭਵਨ ਹਰ ਸਾਬਕਾ ਵਿਦਿਆਰਥੀ ਲਈ ਉਪਲਬਧ ਹੋਵੇ। ਇਸ ਤਰ੍ਹਾਂ ਜਿੱਥੇ ਪੁਰਾਣੇ ਵਿਦਿਆਰਥੀ ਯੂਨੀਵਰਸਿਟੀ ਨਾਲ ਜੁੜੇ ਰਹਿਣਗੇ, ਉਥੇ ਬਾਹਰਲੇ ਵਿਦਿਆਰਥੀਆਂ ਨੂੰ ਚੰਗੀ ਰਿਹਾਇਸ਼ ਅਤੇ ਸੁਰੱਖਿਆ ਮਿਲੇਗੀ। ਇਸ ਤਰ੍ਹਾਂ ਦੇ ਕੁਝ ਹੋਰ ਵਿੱਚਾਰ ਵੀ ਸਾਹਮਣੇ ਆਏ। ਅੰਤ ਵਿੱਚ ਸੁੱਖੀ ਬਾਠ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਪ੍ਰੋਗਰਾਮ ਤੋਂ ਬਾਅਦ ਸੁੱਖੀ ਬਾਠ ਦੇ ਘਰ ਜਾਣ ਦਾ ਪ੍ਰੋਗਰਾਮ ਸੀ। ਸੁੱਖੀ ਬਾਠ ਵੱਲੋਂ ਰਾਤ ਦੇ ਖਾਣਿਆਂ ਲਈ ਨਿਮੰਤਰਣ ਸੀ। ਮੈਂ ਅਤੇ ਗੁਰਭਜਨ ਗਿੱਲ ਸੁੱਖੀ ਬਾਠ ਨਾਲ ਹੀ ਬੈਠ ਗਏ। ਕਵਿੰਦਰ ਚਾਂਦ, ਸਖਮੰਦਰ ਬਰਾੜ ਅਤੇ ਗੁਰਵਿੰਦਰ ਧਾਲੀਵਾਲ ਵੱਖਰੇ ਤੌਰ ‘ਤੇ ਪਹੁੰਚ ਗਏ। ਸੁੱਖੀ ਬਾਠ ਦੀ ਠਾਠ ਵੇਖ ਕੇ ਪ੍ਰਵਾਸੀ ਪੰਜਾਬੀਆਂ ‘ਤੇ ਮਾਣ ਹੁੰਦਾ ਹੈ। ਮਹਿਮਾਨਾਂ ਦੀ ਮਹਿਮਾਨ ਨਿਵਾਜੀ ਲਈ ਸੁੱਖੀ ਤੋਂ ਇਲਾਵਾ ਸੁੱਖੀ ਦਾ ਕਰੀਬੀ ਦੋਸਤ ਤੇ ਕੁੜਮ ਬਲਵੀਰ ਵੀ ਹਾਜ਼ਰ ਸੀ। ਮਹਿਫ਼ਲ ਵਿੱਚ ਕਵਿੰਦਰ ਚਾਂਦ ਨੇ ਖੂਬ ਰੰਗ ਬੰਨ੍ਹਿਆ। ਬਲਵੀਰ ਢੱਡ ਦੀ ਜ਼ਿੰਦਾਦਿਲੀ ਅਤੇ ਹਾਜ਼ਰ ਜਵਾਬੀ ਨੇ ਹਾਬਿਆਂ ਦੀ ਲੜੀ ਲਾਈ ਰੱਖੀ। ਖਾਣੇ ਦੇ ਟਾਈਮ ਤੱਕ ਮੈਨੂੰ ਕੈਲ ਰੰਗੀ ਲੈਣ ਪਹੁੰਚ ਗਿਆ ਸੀ। ਖਾਣਾ ਖਾ ਕੇ ਮੈਂ ਕੈਲ ਰੰਗੀ ਨਾਲ ਉਸਦੇ ਘਰ ਲਈ ਰਵਾਨਾ ਹੋ ਗਿਆ।