ਚਰਨਜੀਤ ਚੰਨੀ ਦੀ ‘ਜਵਾਨੀ ਸੰਭਾਲ ਯਾਤਰਾ’ ‘ਤੇ ਲੱਗਾ ਸਵਾਲੀਆ ਚਿੰਨ੍ਹ!

7ਮੋਰਿੰਡਾ : ਚਮਕੌਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਵਲੋਂ 1000 ਯੂਥ ਕਾਂਗਰਸੀ ਵਰਕਰਾਂ ਨਾਲ ਸ਼ੁਰੂ ਕੀਤੀ ‘ਜਵਾਨੀ ਸੰਭਾਲ ਯਾਤਰਾ’ ‘ਚ 30 ਤੋਂ 35 ਫੀਸਦੀ 65-70 ਸਾਲਾਂ ਦੇ ਬਜ਼ੁਰਗਾਂ ਦੇ ਸ਼ਮੂਲੀਅਤ ਕਰਨ ਨਾਲ ਯੂਥ ਸਾਈਕਲ ਰੈਲੀ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਖੜ੍ਹਾ ਕੀਤਾ ਹੈ। ਭਾਵੇਂ ਇਸ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਨੂੰ ਵਿਰੋਧੀ ਧਿਰ ਨੇਤਾ ਚਰਨਜੀਤ ਚੰਨੀ ਵਲੋਂ ਨਸ਼ਿਆਂ ਅਤੇ ਬੇਰੋਜ਼ਗਾਰੀ ਖਿਲਾਫ ਦੱਸਿਆ ਜਾ ਰਿਹਾ ਹੈ ਪਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਯਾਤਰਾ ‘ਚ ਜਾਣ ਵਾਲੇ ਵਿਅਕਤੀਆਂ ਨੂੰ ਵਿਧਾਇਕ ਵਲੋਂ ਨਵਾਂ ਸਾਈਕਲ ਅਤੇ ਇਕ ਹਜ਼ਾਰ ਰੁਪਿਆ ਨਕਦ ਦੇਣ ਦਾ ਲਾਲਚ ਦਿੱਤਾ ਗਿਆ ਹੈ। ਇਸ ਯਾਤਰਾ ਨੇ ਚਮਕੌਰ ਸਾਹਿਬ ਤੋਂ ਸ਼ੁਰੂ ਹੋ ਕੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ‘ਚੋਂ ਹੁੰਦੇ ਹੋਏ ਸੱਤ ਦਿਨਾਂ ਬਾਅਦ ਤਲਵੰਡੀ ਸਾਬੋ ਵਿਖੇ ਸਮਾਪਤ ਕਰਨੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹਲਕਾ ਵਿਧਾਇਕ ਚੰਨੀ ਵਲੋਂ ਨਸ਼ਿਆਂ ਅਤੇ ਬੇਰੋਜ਼ਗਾਰੀ ਖਿਲਾਫ ਚਲਾਈ ਇਸ ਸਾਈਕਲ ਯਾਤਰਾ ‘ਚ ਜਾਣ ਵਾਲੇ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਸ਼ਾਮ ਸਮੇਂ ਸ਼ਰਾਬ ਦੀ ਵੰਡ ਕੀਤੀ ਗਈ। ਅਜਿਹੀਆਂ ਖਬਰਾਂ ਮਿਲਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਹਲਕਾ ਵਿਧਾਇਕ ਚਮਕੌਰ ਸਾਹਿਬ ਵਲੋਂ ਆਰੰਭੀ ਇਸ ਜਵਾਨੀ ਸੰਭਾਲ ਯਾਤਰਾ ‘ਤੇ ਪ੍ਰਸ਼ਨ ਚਿੰਨ ਲੱਗ ਗਿਆ ਜਾਪਦਾ ਹੈ।