ਦਵਾਈਆਂ ਦੇ ਮੁੱਲ ਨਹੀਂ ਵਧਣਗੇ, ਸਰਕਾਰ ਨੇ ਕੀਤਾ ਇਹ ਦਾਅਵਾ

6ਨਵੀਂ ਦਿੱਲੀ   : ਸਰਕਾਰ ਦਾ ਦਾਅਵਾ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਦਵਾਈਆਂ ਦੇ ਮੁੱਲ ਘੱਟ ਹੋਣ ਨਾਲ ਮਰੀਜ਼ਾਂ ਦੇ 2,288 ਕਰੋੜ ਰੁਪਏ ਬਚੇ ਹਨ। ਸਰਕਾਰ ਦਾ ਕਹਿਣਾ ਹੈ ਕਿ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ (ਨੈਸ਼ਨਲ ਲਿਸਟ ਆਫ ਇੰਸੈਂਸ਼ੀਅਲ ਮੈਡੀਸਨਸ : ਐੱਨ. ਐੱਲ. ਆਈ. ਐੱਮ.) 2015 ਦੇ ਐਲਾਨ ਪਿੱਛੋਂ 464 ਦਵਾਈਆਂ ਦੇ ਮੁੱਲ ਘੱਟ ਕੀਤੇ ਗਏ ਹਨ, ਜਿਸਦਾ ਸਿੱਧਾ ਫਾਇਦਾ ਮਰੀਜ਼ਾਂ ਨੂੰ ਮਿਲਿਆ ਹੈ।
ਦਵਾਈਆਂ ਦੀਆਂ ਕੀਮਤਾਂ ਵਧਣ ਦੀ ਰਿਪੋਰਟ ਗਲਤ
ਸਰਕਾਰ ਨੇ ਉਸ ਰਿਪੋਰਟ ਨੂੰ ਵੀ ਗਲਤ ਦੱਸਿਆ ਹੈ, ਜਿਸ ‘ਚ ਕਿਹਾ ਗਿਆ ਹੈ ਕਿ 100 ਦਵਾਈਆਂ ਨੂੰ ਐੱਨ. ਐੱਲ. ਆਈ. ਐੱਮ. ਦੀ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਛੇਤੀ ਹੀ ਉਨ੍ਹਾਂ 100 ਦਵਾਈਆਂ ਦੀਆਂ ਕੀਮਤਾਂ 10 ਫ਼ੀਸਦੀ ਤੱਕ ਵਧ ਸਕਦੀਆਂ ਹਨ । ਸਰਕਾਰ ਦਾ ਕਹਿਣਾ ਹੈ ਕਿ ਇਹ ਰਿਪੋਰਟ ਲੋਕਾਂ ਨੂੰ ਭੁਲੇਖਾ ਪਾਉਣ ਵਾਲੀ ਹੈ।
ਕਿਨ੍ਹਾਂ ਕਾਰਨਾਂ ਕਰਕੇ ਹੁੰਦੀਆਂ ਹਨ ਦਵਾਈਆਂ ਲਿਸਟ ਤੋਂ ਬਾਹਰ
ਅਸਲ ‘ਚ ਸਰਕਾਰ ਸਮੇਂ-ਸਮੇਂ ‘ਤੇ ਕੁਝ ਦਵਾਈਆਂ ਨੂੰ ਜ਼ਰੂਰੀ ਦਵਾਈਆਂ ਦੀ ਲਿਸਟ ‘ਚ ਸ਼ਾਮਲ ਕਰਦੀ ਹੈ, ਉਥੇ ਹੀ ਕੁਝ ਦਵਾਈਆਂ ਨੂੰ ਲਿਸਟ ਤੋਂ ਬਾਹਰ ਕੀਤਾ ਜਾਂਦਾ ਹੈ। ਇਸ ਨੂੰ ਸਿਹਤ ਮੰਤਰਾਲਾ ਦੀ ਕੋਰ ਕਮੇਟੀ ਸੋਧਦੀ ਹੈ, ਜਿਨ੍ਹਾਂ ਦਵਾਈਆਂ ‘ਤੇ ਭਾਰਤ ‘ਚ ਪਾਬੰਦੀ ਲੱਗੀ ਹੋਵੇ, ਜਿਨ੍ਹਾਂ ਦਵਾਈਆਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨੂੰ ਨੈਗੇਟਿਵ ਰਿਪੋਰਟ ਮਿਲੀ ਹੋਵੇ ਜਾਂ ਜੋ ਦਵਾਈਆਂ ਰਜਿਸਟੈਂਟ ਪੈਟਰਨ ‘ਤੇ ਖਰੀਆਂ ਨਾ ਉਤਰ ਰਹੀਆਂ ਹੋਣ, ਉਨ੍ਹਾਂ ਦਵਾਈਆਂ ਨੂੰ ਲਿਸਟ ਤੋਂ ਹਟਾਇਆ ਜਾ ਸਕਦਾ ਹੈ।