ਪੋਸਟਰ ਵਾਇਰਲ ਹੋਣ ਮਗਰੋਂ ਸਾਬਕਾ CM ਚੰਨੀ ਨੇ ਤੋੜੀ ਚੁੱਪੀ, ਕਿਹਾ-ਪੋਸਟਰ ਪ੍ਰਚਾਰ ਚੌਧਰੀ ਪਰਿਵਾਰ ਦੀ ਸਾਜ਼ਿਸ਼

ਜਲੰਧਰ –ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਹਲਕੇ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਜਲੰਧਰ ਵਾਸੀਆਂ ਤੋਂ ਉਨ੍ਹਾਂ ਨੂੰ ਅਥਾਹ ਪਿਆਰ ਅਤੇ ਸਨੇਹ ਮਿਲ ਰਿਹਾ ਹੈ। ਉਨ੍ਹਾਂ ਖ਼ਿਲਾਫ਼ ਪੋਸਟਰ ਪ੍ਰਚਾਰ ਸਿਰਫ਼ ਚੌਧਰੀ ਪਰਿਵਾਰ ਦੀ ਸਾਜ਼ਿਸ਼ ਦਾ ਹਿੱਸਾ ਹੈ। ਜਲੰਧਰ ਵਿਚ ਉਨ੍ਹਾਂ ਖ਼ਿਲਾਫ਼ ਲਾਏ ਗਏ ਪੋਸਟਰ ਸਿਰਫ਼ ਚੌਧਰੀ ਪਰਿਵਾਰ ਨੂੰ ਹੀ ਨਜ਼ਰ ਆਏ ਸਨ। ਜਨਤਾ ਚੌਧਰੀ ਅਤੇ ਚੰਨੀ ਦੇ ਵਿਚਕਾਰ ਦਾ ਫਰਕ ਚੰਗੀ ਤਰ੍ਹਾਂ ਜਾਣਦੀ ਹੈ।
ਚੰਨੀ ਨੇ ਕਿਹਾ ਕਿ ਚੌਧਰੀ ਪਰਿਵਾਰ ਲੋਕਾਂ ਨੂੰ ਮਿਲਣਾ ਤਾਂ ਦੂਰ, ਕਾਂਗਰਸੀ ਵਰਕਰਾਂ ਨਾਲ ਹੱਥ ਮਿਲਾਉਣ ਤਕ ਨੂੰ ਆਪਣੀ ਸ਼ਾਨ ਖ਼ਿਲਾਫ਼ ਸਮਝਦਾ ਸੀ ਅਤੇ ਅੱਜ ਜਨਤਾ ਦੇ ਹਿੱਤਾਂ ਦੀ ਆੜ ’ਚ ਘੜਿਆਲੀ ਹੰਝੂ ਵਹਾ ਰਿਹਾ ਹੈ। ਚੌਧਰੀ ਪਰਿਵਾਰ ਵੱਲੋਂ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੀਆਂ ਸਾਰੀਆਂ ਸਰਗਰਮੀਆਂ ’ਤੇ ਹਾਈਕਮਾਨ ਦੀ ਪੈਨੀ ਨਜ਼ਰ ਹੈ ਅਤੇ ਹਾਈਕਮਾਨ ਪਾਰਟੀ ਵਿਰੋਧੀ ਹਰਕਤਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਇਸੇ ਕਾਰਨ ਬੀਤੇ ਦਿਨੀਂ ਬਿਕਰਮਜੀਤ ਨੂੰ ਹਾਈਕਮਾਨ ਨੇ ਕਾਂਗਰਸ ਪਾਰਟੀ ਤੋਂ ਸਸਪੈਂਡ ਕਰਦਿਆਂ ਉਨ੍ਹਾਂ ਨੂੰ ਸਾਰੇ ਅਹੁਦਿਆਂ ਤੋਂ ਮੁਕਤ ਕਰਨ ਦੇ ਹੁਕਮ ਜਾਰੀ ਕੀਤੇ ਸਨ।
ਚੰਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਬੈਠਕਾਂ ਤੇ ਵਰਕਰ ਮਿਲਣੀ ਪ੍ਰੋਗਰਾਮਾਂ ਤੋਂ ਨਿਰਾਸ਼ ਹੋ ਕੇ ਘਰ ਬੈਠਾ ਕਾਂਗਰਸੀ ਵਰਕਰ ਅੱਜ ਇਕ ਵਾਰ ਮੁੜ ਉਤਸ਼ਾਹਤ ਹੈ ਅਤੇ ਪਾਰਟੀ ਦਾ ਝੰਡਾ ਬੁਲੰਦ ਕਰਦੇ ਹੋਏ ਚੋਣ ਮੈਦਾਨ ਵਿਚ ਜੁਟ ਗਿਆ ਹੈ। ਚੌਧਰੀ ਪਰਿਵਾਰ ਵਿਰੋਧੀ ਪਾਰਟੀਆਂ ਦੀ ਸ਼ਹਿ ’ਤੇ ਉਨ੍ਹਾਂ ਖ਼ਿਲਾਫ਼ ਝੂਠਾ ਅਤੇ ਬੇਬੁਨਿਆਦ ਪ੍ਰਚਾਰ ਕਰ ਰਿਹਾ ਹੈ ਪਰ ਲੋਕ ਅਜਿਹੇ ਨੇਤਾ ਦੇ ਝਾਂਸੇ ਵਿਚ ਨਹੀਂ ਆਉਣਗੇ। ਚੰਨੀ ਨੇ ਕਿਹਾ ਕਿ ਟਿਕਟ ਕਿਸ ਨੂੰ ਦੇਣੀ ਹੈ, ਇਹ ਕਾਂਗਰਸ ਹਾਈਕਮਾਨ ਦਾ ਅਧਿਕਾਰ ਖੇਤਰ ਹੈ ਅਤੇ ਹਾਈਕਮਾਨ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਉਨ੍ਹਾਂ ’ਤੇ ਭਰੋਸਾ ਪ੍ਰਗਟ ਕੀਤਾ ਹੈ ਤਾਂ ਚੌਧਰੀ ਪਰਿਵਾਰ ਨੂੰ ਇੰਨਾ ਵਿਲਕਣ ਅਤੇ ਵਿਆਕੁਲ ਹੋਣ ਦੀ ਲੋੜ ਨਹੀਂ ਕਿਉਂਕਿ ਕਾਂਗਰਸ ਚੌਧਰੀ ਪਰਿਵਾਰ ਦੀ ਜਗੀਰ ਨਹੀਂ।
ਉਨ੍ਹਾਂ ਕਿਹਾ ਕਿ ਚੌਧਰੀ ਪਰਿਵਾਰ ਨੂੰ ਕਾਂਗਰਸ ਦੀ ਦੇਣ ਨੂੰ ਭੁੱਲ ਕੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਤੋਂ ਪਹਿਲਾਂ ਆਪਣੇ ਬਜ਼ੁਰਗਾਂ ਦੀ ਇੱਜ਼ਤ ਦਾ ਧਿਆਨ ਰੱਖਣਾ ਚਾਹੀਦਾ ਹੈ। ਬਿਕਰਮਜੀਤ ਚੌਧਰੀ ਦੇ ਕਿਸੇ ਕਥਨ ਦਾ ਉਨ੍ਹਾਂ ਨੂੰ ਕੋਈ ਅਫਸੋਸ ਨਹੀਂ ਕਿਉਂਕਿ ਉਸ ਦੇ ਅੜੀਅਲ ਤੇ ਹੰਕਾਰੀ ਸੁਭਾਅ ਤੋਂ ਬੱਚਾ-ਬੱਚਾ ਜਾਣੂ ਹੈ।
ਜਾਣੋ ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਜਲੰਧਰ ’ਚ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਬਾਰੇ ਲੋਕਾਂ ਵੱਲੋਂ ਚਿਤਾਵਨੀ ਭਰੇ ਹੋਰਡਿੰਗ ਲਗਾਏ ਗਏ ਸਨ। ਚਰਨਜੀਤ ਸਿੰਘ ਚੰਨੀ ਬਾਰੇ ਚਿਤਾਵਨੀ ਭਰੇ ਹੋਰਡਿੰਗ ਲਗਾਉਣ ਦੀ ਖ਼ਬਰ ਦੇ ਸਬੰਧ ’ਚ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਚੰਨੀ ਦੇ ਪਿਛਲੇ ਮਾੜੇ ਕੰਮ ਫਿਰ ਚਰਚਾ ਦਾ ਵਿਸ਼ਾ ਬਣ ਗਏ ਹਨ, ਜੋ ਲੋਕ ਸਭਾ ਚੋਣਾਂ ’ਚ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ।
ਸਾਬਕਾ ਮੁੱਖ ਮੰਤਰੀ ਚੰਨੀ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ‘ਸਾਵਧਾਨ! ਇਹ ਚਰਨਜੀਤ ਚੰਨੀ ਹਨ’ ਚਿਤਾਵਨੀ ਦੇ ਨਾਲ ਵਾਇਰਲ ਹੈ। ਉਸ ਤਸਵੀਰ ਨੂੰ ਸ਼ਹਿਰ ’ਚ ਘੁੰਮ ਰਹੀ ਮਾਰੂਤੀ ਵੈਨ ਜਿਸ ’ਚ 2 ਔਰਤਾਂ ਅਤੇ 3 ਲੜਕੇ ਸਨ, ਪਿੰਡ-ਪਿੰਡ ਜਾ ਕੇ ਕੰਧਾਂ ’ਤੇ ਪੋਸਟਰ ਲਗਾ ਰਹੇ ਸਨ। ਇਹ ਵੀ ਪਤਾ ਲੱਗਾ ਹੈ ਕਿ ਉਸ ਵੈਨ ’ਚ ਭਾਰੀ ਮਾਤਰਾ ’ਚ ਪੈਂਫਲੇਟ ਵੀ ਛਪਵਾ ਕੇ ਰੱਖੇ ਹੋਏ ਸਨ, ਜੋ ਰਾਹ ਜਾਂਦੇ ਲੋਕਾਂ ਨੂੰ ਬਾਕਾਇਦਾ ਔਰਤਾਂ ਫੜਾ ਰਹੀਆਂ ਸਨ। ਚੰਨੀ ਲਈ ਪ੍ਰਚਾਰ ਕਰ ਰਹੇ ਕਾਂਗਰਸੀ ਨੇਤਾਵਾਂ ਦੀ ਨੈਤਿਕਤਾ ’ਤੇ ਸਵਾਲ ਉਠਾਉਂਦੇ ਹੋਏ ਵਿਧਾਇਕ ਚੌਧਰੀ ਨੇ ਟਿੱਪਣੀ ਕੀਤੀ ਸੀ ਕਿ ਚੰਨੀ ਨੈਤਿਕ ਤੌਰ ’ਤੇ ਭ੍ਰਿਸ਼ਟ ਵਿਅਕਤੀ ਹਨ ਅਤੇ ਉਨ੍ਹਾਂ ’ਤੇ ਇਤਰਾਜ਼ਯੋਗ ਕੰਮ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਕ ਪੁਰਾਣੀ ਤਸਵੀਰ ਹੁਣ ਵਾਇਰਲ ਹੋ ਰਹੀ ਹੈ, ਜੋ ਪਹਿਲਾਂ ਹਰ ਕਿਸੇ ਦੇ ਮੋਬਾਇਲ ਫੋਨ ਵਿਚ ਸੀ, ਜਿਸ ਦੇ ਹੁਣ ਲੋਕ ਪੋਸਟਰ ਬਣਾ ਕੇ ਜਲੰਧਰ ਲੋਕ ਸਭਾ ’ਚ ਪੈਂਦੇ ਸਾਰੇ ਹਲਕਿਆਂ ’ਚ ਲਗਾਏ ਜਾ ਰਹੇ ਹਨ।
ਚੌਧਰੀ ਨੇ ਕਿਹਾ ਸੀ ਕਿ ਕਾਂਗਰਸੀ ਨੇਤਾ ਔਰਤ ਵੋਟਰਾਂ ਨਾਲ ਅਜਿਹੇ ਘ੍ਰਿਣਤ ਅਤੀਤ ਵਾਲੇ ਵਿਅਕਤੀ ਨੂੰ ਵੋਟ ਦੇਣ ਲਈ ਕਿਵੇਂ ਕਹਿ ਸਕਦੇ ਹਨ। ਖ਼ੁਦ ਨੇਤਾਵਾਂ ਲਈ ਵੀ 1 ਜੂਨ ਨੂੰ ਉਸ ਨੂੰ ਵੋਟ ਦੇਣਾ ਮੁਸ਼ਕਿਲ ਹੋ ਜਾਵੇਗਾ। ਵਿਧਾਇਕ ਚੌਧਰੀ ਨੇ ਕਿਹਾ ਸੀ ਕਿ ਚੰਨੀ ਦੇ ਚੋਣ ਪ੍ਰਬੰਧਕ ਜਿੱਥੇ ਜਲੰਧਰ ਸ਼ਹਿਰ ’ਚ ਚੰਨੀ ਲਹਿਰ ਦਾ ਸੁਫ਼ਨਾ ਵੇਖ ਰਹੇ ਹਨ, ਉੱਥੇ ਜਲੰਧਰ ਦੀਆਂ ਔਰਤਾਂ ਦਾ ਨਾਅਰਾ ਹੈ ‘ਘਰ-ਘਰ ਦੇ ਵਿਚ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ’। ਚੰਨੀ ਦਾ ਅਸਲੀ ਚਿਹਰਾ ਅਤੇ ਚਰਿੱਤਰ ਹੁਣ ਜਲੰਧਰ ਹਲਕੇ ਦਾ ਹਰ ਵਿਅਕਤੀ ਜਾਣਦਾ ਹੈ।