ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1533

ਕਲਪਨਾ ਕਰੋ ਕਿ ਤੁਸੀਂ ਸ਼ੌਪਿੰਗ ਕਰਨ ਗਏ ਹੋਏ ਹੋ। ਤੁਹਾਨੂੰ ਇੱਕ ਬਹੁਤ ਹੀ ਆਦਰਸ਼ ਸਟੋਰ ਵੀ ਲੱਭ ਗਿਐ, ਅਤੇ ਤੁਸੀਂ ਉੱਥੋਂ ਆਪਣੀਆਂ ਮਨਪਸੰਦ ਚੀਜ਼ਾਂ ਦੀ ਖ਼ਰੀਦਦਾਰੀ ਕਰ ਲਈ ਹੈ। ਕੀ ਖ਼ਰੀਦਣਾ ਸੀ, ਇਸ ਬਾਰੇ ਤੁਹਾਨੂੰ ਕਾਫ਼ੀ ਲੰਮਾ-ਚੋੜਾ ਅਤੇ ਬਹੁਤ ਗੰਭੀਰਤਾ ਨਾਲ ਸੋਚਣਾ ਪਿਆ, ਪਰ ਹੁਣ ਤੁਸੀਂ ਇਸ ਬਾਰੇ ਪੂਰੀ ਤਰ੍ਹਾਂ ਸੰਤੁਸ਼ਟ ਹੋ ਕਿ ਤੁਸੀਂ ਉਸ ਇੱਕ ਸਹੀ ਦੁਕਾਨ ਤੋਂ ਬਿਲਕੁਲ ਸਹੀ ਚੀਜ਼ਾਂ ਦੀ ਚੋਣ ਕੀਤੀ ਹੈ। ਫ਼ਿਰ ਸਟੋਰ ‘ਤੇ ਕੰਮ ਕਰਨ ਵਾਲਾ ਇੱਕ ਸਹਾਇਕ ਤੁਹਾਨੂੰ ਪੁੱਛਦੈ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਸਾਰੇ ਸਾਮਾਨ ਨੂੰ ਹਰੇ ਰੰਗ ਦੇ ਇੱਕ ਕੈਰੀਅਰ ਬੈਗ ‘ਚ ਪਾ ਦੇਵਾਂ ਜਾਂ ਫ਼ਿਰ ਇਸ ਗ਼ੁਲਾਬੀ ਬੈਗ ‘ਚ? ਇਸ ਨਾਲ ਕੀ ਫ਼ਰਕ ਪਵੇਗਾ? ਤੁਸੀਂ ਇਸ ਗੱਲ ਦੀ ਪਰਵਾਹ ਵੀ ਕਿਓਂ ਕਰੋਗੇ? ਤੁਹਾਡੇ ਲਈ ਇਹ ਸਭ ਤੋਂ ਘੱਟ ਚਿੰਤਾ ਕਰਨ ਵਾਲਾ ਇੱਕ ਮੁੱਦਾ ਹੈ, ਕਿ ਨਹੀਂ? ਚਲੋ, ਉਸ ਸ਼ਾਨਦਾਰ ਫ਼ੈਸਲੇ ਬਾਰੇ ਚਰਚਾ ਕਰੀਏ ਜਿਸ ਨੂੰ ਲੈ ਕੇ ਤੁਸੀਂ ਕੁਝ ਤਨਾਅਗ੍ਰਸਤ ਨਜ਼ਰ ਆ ਰਹੇ ਹੋ। ਚਿੰਤਤ ਹੋਣ ਲਈ ਕੀ ਉਹ ਸੱਚਮੁੱਚ ਇੱਕ ਮਾਮੂਲੀ ਜਾਂ ਫ਼ਾਲਤੂ ਵਿਸ਼ਾ ਨਹੀਂ?
ਕੀ ਤੁਹਾਨੂੰ ਆਪਣੇ ਸ਼ਰੀਰ ਦੁਆਲੇ ਟਾਟ ਦੇ ਇੱਕ ਟੁੱਕੜੇ ਨੂੰ ਲਪੇਟ ਲੈਣਾ ਚਾਹੀਦੈ ਅਤੇ ਆਪਣੇ ਸ਼ਰੀਰ ‘ਤੇ ਵਿਭੂਤੀ ਜਾਂ ਸੁਆਹ ਮੱਲ ਲੈਣੀ ਚਾਹੀਦੀ ਹੈ? ਅੱਜਕੱਲ੍ਹ ਇਨ੍ਹਾਂ ਚੀਜ਼ਾਂ ਨੂੰ ਹਾਸਿਲ ਕਰਨਾ ਓਨਾ ਸੌਖਾ ਨਹੀਂ ਜਿੰਨਾ ਕਦੇ ਹੋਇਆ ਕਰਦਾ ਸੀ। ਇੱਕ ਵਕਤ ਸੀ ਜਦੋਂ ਅਜਿਹਾ ਕਰਨਾ ਪਰਮਾਤਮਾ ਦੀ ਅਧੀਨਗੀ ਨੂੰ ਸਵੀਕਾਰਨ ਅਤੇ ਆਪਣੀਆਂ ਕੋਤਾਹੀਆਂ ਲਈ ਪਸ਼ਚਾਤਾਪ ਦੇ ਚਿੰਨ੍ਹ ਹੋਇਆ ਕਰਦੇ ਸਨ। ਅੱਜਕੱਲ੍ਹ ਤਾਂ ਜ਼ਿਆਦਾਤਰ ਬੋਰੀਆਂ ਵੀ ਨਾਇਲੋਨ ਦੀਆਂ ਬਣੀਆਂ ਹੋਈਆਂ ਹਨ, ਅਤੇ ਤੁਸੀਂ ਖ਼ੁਦ ਨੂੰ ਰਾਖ਼ ‘ਚ ਢਕਣ ਦੇ ਯੋਗ ਓਦੋਂ ਤਕ ਨਹੀਂ ਹੋ ਸਕਦੇ ਜਦੋਂ ਤਕ ਤੁਸੀਂ ਪਹਿਲਾਂ ਅੱਗ ਨਹੀਂ ਬਾਲ ਲੈਂਦੇ। ਚੰਗਾ ਹੋਵੇ ਕਿ ਅਜਿਹਾ ਕਰਨ ਤੋਂ ਪਹਿਲਾਂ ਤੁਸੀਂ ਇਹ ਚੈੱਕ ਕਰ ਲਓ ਕਿ ਕਿਤੇ ਤੁਸੀਂ ਇੱਕ ਧੂੰਆਂ-ਮੁਕਤ ਜ਼ੋਨ ‘ਚ ਤਾਂ ਨਹੀਂ ਰਹਿੰਦੇ। ਅਤੇ ਬੇਸ਼ੱਕ ਆਪਣੇ ਪਛਤਾਵੇ ਦਾ ਪ੍ਰਦਰਸ਼ਨ ਕਰਨ ਲਈ ਤੁਸੀਂ ਇਸ ਹੱਦ ਤਕ ਜਾ ਸਕਦੇ ਹੋ, ਪਰ ਕੀ ਇਸ ਨਾਲ ਕੋਈ ਫ਼ਰਕ ਪਵੇਗਾ? ਜੇਕਰ ਤੁਸੀਂ ਕਿਸੇ ਹੋਰ ਕੋਲੋਂ ਮੁਆਫ਼ੀ ਮੰਗਣਾ ਚਾਹੁੰਦੇ ਹੋ ਤਾਂ ਕੇਵਲ ਇਹ ਕਹਿਣ ਦੀ ਕੋਸ਼ਿਸ਼ ਕਰੋ, “ਮੈਨੂੰ ਬਹੁਤ ਅਫ਼ਸੋਸ ਹੈ।”ਅਤੇ ਜੇ ਤੁਸੀਂ ਖ਼ੁਦ ਤੋਂ ਖ਼ਿਮਾ ਮੰਗਣਾ ਚਾਹੁੰਦੇ ਹੋ ਤਾਂ ਮੰਗਣਾ ਬੰਦ ਕਰ ਕੇ ਉਸ ਨੂੰ ਪ੍ਰਦਾਨ ਕਰੋ।
ਕਿਓਂ? ਅਜਿਹਾ ਕੌਣ ਕਹਿੰਦੈ? ਅਤੇ ਉਹ ਕਿਸ ਵਲੋਂ ਦਿੱਤੇ ਗਏ ਅਧਿਕਾਰ ਤਹਿਤ ਇਹ ਸਭ ਕਹਿ ਰਹੇ ਨੇ? ਆਪਣੀ ਭਾਵਨਾਤਮਕ ਅਤੇ ਨਿੱਜੀ ਜ਼ਿੰਦਗੀ ਵਿੱਚ ਇਸ ਗੱਲ ਦਾ ਧਿਆਨ ਰੱਖੋ ਕਿ ਕਿਤੇ ਤੁਸੀਂ ਬਹੁਤ ਜ਼ਿਆਦਾ ਟਕਰਾਅ ਵਾਲੇ ਰਾਹ ‘ਤੇ ਨਾ ਤੁਰ ਪਵੋ। ਜੇ ਕੋਈ ਅਜਿਹਾ ਵਿਅਕਤੀ ਜਾਂ ਕੋਈ ਅਜਿਹੀ ਸ਼ੈਅ ਹੈ ਜਿਸ ਨੂੰ ਤੁਸੀਂ ਚੁਣੌਤੀ ਦੇਣਾ ਚਾਹੁੰਦੇ ਹੋ ਤਾਂ ਇੱਕ ਚਤੁਰ ਯੋਜਨਾ ਬਣਾ ਕੇ ਕਾਰਵਾਈ ਕਰੋ। ਜੇ ਤੁਸੀਂ ਸ਼ਕਤੀ ਪ੍ਰਦਰਸ਼ਨ ਲਈ ਕਾਹਲੇ ਪਵੋਗੇ ਤਾਂ ਤੁਹਾਨੂੰ ਸਾਹਮਣਿਓਂ ਵੀ ਬਲ ਦਾ ਹੀ ਮੁਕਾਬਲਾ ਕਰਨਾ ਪਵੇਗਾ। ਜੇਕਰ ਤੁਸੀਂ ਸਿਰਫ਼ ਆਪਣੀਆਂ ਕਾਰਵਾਈਆਂ ਦੁਆਰਾ ਇਹ ਸਾਬਿਤ ਕਰਨ ਦਾ ਫ਼ੈਸਲਾ ਕਰਦੇ ਹੋ ਕਿ ਇੱਕ ਖ਼ਾਸ ਨਿਯਮ ਇਸ ਵਕਤ ਲਾਗੂ ਕੀਤੇ ਜਾਣ ਦੇ ਯੋਗ ਨਹੀਂ ਜਾਂ ਅਪ੍ਰਸੰਗਿਕ ਹੈ ਤਾਂ ਤੁਸੀਂ ਇੱਕ ਬਹੁਤ ਹੀ ਮਜ਼ਬੂਤ ਕੇਸ ਖੜ੍ਹਾ ਕਰ ਸਕਦੇ ਹੋ। ਸਾਹਮਣੇ ਵਾਲੇ ਦਰਵਾਜ਼ੇ ਦੀ ਇਸ ਵਕਤ ਬਹੁਤ ਹੀ ਦ੍ਰਿੜਤਾ ਨਾਲ ਪਹਿਰੇਦਾਰੀ ਕੀਤੀ ਜਾ ਰਹੀ ਹੈ। ਪਰ ਪਾਸੇ ਵਾਲਾ ਇੱਕ ਪ੍ਰਵੇਸ਼ ਦੁਆਰ ਹਾਲੇ ਵੀ ਅੱਨਲੌਕਡ ਪਿਐ, ਅਤੇ ਉਸ ਤਕ ਆਸਾਨੀ ਨਾਲ ਪਹੁੰਚਿਆ ਵੀ ਜਾ ਸਕਦੈ।
ਕਈ ਵਾਰ, ਅਸੀਂ ਆਪਣੇ ਆਪ ਨੂੰ ਬਿਨਾਂ ਕਿਸੇ ਸਪੱਸ਼ਟ ਵਜ੍ਹਾ ਦੇ ਕੰਮ ਕਰਦੇ ਹੋਏ ਪਾਉਂਦੇ ਹਾਂ। ਅਸੀਂ ਸੰਜੋਗ ਨਾਲ ਕਿਸੇ ਖ਼ਾਸ ਸਥਿਤੀ ‘ਚ ਪਹੁੰਚ ਜਾਂਦੇ ਹਾਂ। ਅਸੀਂ ਕਿਸੇ ਖ਼ਾਸ ਜਗ੍ਹਾ ‘ਤੇ ਅਚਾਨਕ ਹੁੰਦੇ ਹਾਂ। ਅਣਜਾਣੇ ‘ਚ ਅਸੀਂ ਕੁਝ ਅਜਿਹਾ ਕਹਿ ਜਾਂ ਕਰ ਜਾਂਦੇ ਹਾਂ ਜਿਸ ਦਾ ਬਹੁਤ ਵੱਡਾ ਪ੍ਰਭਾਵ ਹੁੰਦੈ। ਪਰ ਕੀ ਇਹ ਸਭ ਕੁਝ ਪੂਰੀ ਤਰ੍ਹਾਂ ਬਿਨਾ ਕਿਸੇ ਕੰਟਰੋਲ ਦੇ ਹੀ ਵਾਪਰ ਰਿਹੈ? ਕੀ ਅਜਿਹੀਆਂ ਗ਼ੈਰ-ਯੋਜਨਾਬੱਧ ਪ੍ਰਕਿਰਿਆਵਾਂ ਕਦੇ-ਕਦੇ ਸਾਨੂੰ ਲਾਭ ਵੀ ਪਹੁੰਚਾ ਸਕਦੀਆਂ ਹਨ? ਤੁਹਾਨੂੰ ਜਲਦੀ ਹੀ ਇਹ ਪਤਾ ਲੱਗਣ ਵਾਲਾ ਹੈ ਕਿ ਕਿਸੇ ਖ਼ਾਸ ਚੀਜ਼ ਦਾ ਕਿਸੇ ਖ਼ਾਸ ਸਮੇਂ ‘ਤੇ ਕਿਸੇ ਖ਼ਾਸ ਢੰਗ ਨਾਲ ਵਾਪਰਣ ਦਾ ਇੱਕ ਬਹੁਤ ਖ਼ਾਸ ਕਾਰਣ ਹੈ। ਆਪਣੇ ਜੀਵਨ ਦੀ ਅਗਵਾਈ ਕਰਨ ਵਾਲੇ ਇੱਕ ਅਦ੍ਰਿਸ਼ ਹੱਥ ‘ਤੇ ਭਰੋਸਾ ਕਰਨ ਦਾ ਵਕਤ ਆ ਗਿਐ।
ਇੱਥੇ ਇੱਕ ਹੋਰ ਜੀਵਨ-ਬਦਲੂ ਪਲ ਆ ਰਿਹਾ ਹੈ ਬਿਲਕੁਲ ਉਂਝ ਦਾ ਹੀ ਜਿਹੋ ਜਿਹਾ ਤੁਸੀਂ ਹਾਲ ਹੀ ‘ਚ ਹੰਢਾਇਆ ਸੀ ਅਤੇ ਦੂਸਰਾ ਉਹ ਜਿਹੜਾ ਉਸ ਤੋਂ ਕੁਝ ਸਮਾਂ ਪਹਿਲਾਂ ਆਇਆ ਸੀ! ਕਿਸੇ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਬਹੁਤੇ ਕਾਹਲੇ ਨਾ ਪਵੋ। ਉਸ ਨੂੰ ਆਪਣਾ ਸਮਾਂ ਲੈਣ ਦਿਓ। ਜੇ ਕੋਈ ਸਥਿਤੀ ਇਸ ਵਕਤ ਪ੍ਰਵਾਹ ਦੀ ਸਥਿਤੀ ‘ਚ ਹੈ ਤਾਂ ਉਸ ਪ੍ਰਕਿਰਿਆ ਨੂੰ ਸਮੇਂ ਤੋਂ ਪਹਿਲਾਂ ਸਿੱਟੇ ‘ਤੇ ਪਹੁੰਚਾਉਣ ਲਈ ਮਜਬੂਰ ਕਰਨ ਨਾਲੋਂ ਕੁਝ ਦੇਰ ਇੰਤਜ਼ਾਰ ਕਰਨਾ ਅਕਲਮੰਦੀ ਹੋਵੇਗੀ। ਤੁਸੀਂ ਸੋਚਦੇ ਹੋ ਕਿ ਤੁਸੀਂ ਅਜਿਹੇ ਕਾਰਕਾਂ ਨਾਲ ਨਜਿੱਠ ਰਹੇ ਹੋ ਜੋ ਸਥਿਰ ਹਨ ਅਤੇ ਕੁਝ ਰੁਕਾਵਟਾਂ ਨੂੰ ਪਰਮਾਤਮਾ ਦੀ ਰਜ਼ਾ ਮੰਨ ਕੇ ਸਵੀਕਾਰ ਕਰਨਾ ਪੈਣੈ। ਪਰ ਜੋ ਜ਼ਾਹਿਰਾ ਤੌਰ ‘ਤੇ ਦਮਨਕਾਰੀ ਹੱਦ ਤਕ ਸਥਾਈ ਲੱਗ ਰਿਹੈ, ਦਰਅਸਲ ਉਹ ਹੈਰਾਨੀਜਨਕ ਹੱਦ ਤਕ ਅਸਥਾਈ ਹੈ। ਚਮਤਕਾਰ, ਕਦੇ-ਕਦੇ, ਸਾਡੀ ਸੋਚ ਨਾਲੋਂ ਆਸਾਨ ਹੁੰਦੇ ਹਨ।