ਅਮਰੀਕੀ ਰਾਸ਼ਟਰਪਤੀ ਚੋਣਾਂ: ਟਰੰਪ ਦੀ ਰੈਲੀ ‘ਚ ਇਸ ਵਾਰ ਵੱਜ ਰਹੇ ਧਾਰਮਿਕ ਗੀਤ

ਵਾਸ਼ਿੰਗਟਨ – ਅਮਰੀਕਾ ਵਿਚ ਇਸ ਸਾਲ ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਅਤੇ ਇਨ੍ਹਾਂ ਚੋਣਾਂ ਵਿਚ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਫਿਰ ਤੋਂ ਆਹਮੋ-ਸਾਹਮਣੇ ਹੋਣ ਦੀ ਸੰਭਾਵਨਾ ਹੈ। ਜੋਅ ਬਾਈਡੇਨ ਫੰਡਾਂ ਦੇ ਮਾਮਲੇ ਵਿੱਚ ਬਹੁਤ ਅੱਗੇ ਨਿਕਲ ਗਏ ਹਨ। ਉਥੇ ਹੀ ਦੂਜੇ ਪਾਸੇ ਕਈ ਵਿਵਾਦਾਂ ‘ਚ ਘਿਰੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਧਰਮ ਦਾ ਪੱਤਾ ਖੇਡ ਰਹੇ ਹਨ। ਹਾਲਾਂਕਿ, ਪਿਛਲੀਆਂ ਚੋਣਾਂ ਵਿੱਚ ਉਨ੍ਹਾਂ ਦਾ ਨਾਅਰਾ ‘ਮੇਕ ਅਮਰੀਕਾ ਗ੍ਰੇਟ ਅਗੇਨ’ ਸੀ। ਇਸ ਵਾਰ ਟਰੰਪ ਦੀ ਰੈਲੀ ਵਿੱਚ ਧਾਰਮਿਕ ਗੱਲਾਂ ਦਾ ਜ਼ਿਕਰ ਹੋ ਰਿਹਾ ਹੈ ਅਤੇ ਧਾਰਮਿਕ ਗੀਤ ਵੀ ਵੱਜ ਰਹੇ ਹਨ। ਟਰੰਪ ਨੇ ਜ਼ੋਰਦਾਰ ਭਾਸ਼ਣ ਦੇ ਨਾਲ ਈਸਾਈ ਧਰਮ ਦਾ ਜ਼ਿਕਰ ਕੀਤਾ ਅਤੇ ਇਸ ਦੀ ਰੱਖਿਆ ਕਰਨ ਦਾ ਸੰਕਲਪ ਲਿਆ।
ਇਕ ਸਭਾ ਦੌਰਾਨ ਟਰੰਪ ਦੇ ਨਾਲ ਮੌਜੂਦ ਧਾਰਮਿਕ ਭਾਈਚਾਰੇ ਦੇ ਕੁਝ ਪਾਦਰੀਆਂ ਨੇ ਕਿਹਾ ਆਓ ਪ੍ਰਮਾਤਮਾ ਅੱਗੇ ਅਰਦਾਸ ਕਰੀਏ ਕਿ ਸਾਡੇ ਧਰਮ ਦੀ ਸ਼ਾਨ ਵਿੱਚ ਕਦੇ ਵੀ ਕਮੀ ਨਾ ਆਵੇ। ਇਸ ਅਪੀਲ ‘ਤੇ ਸਭਾ ਵਿਚ ਹਾਜ਼ਰ ਸਾਰੇ ਲੋਕ ਸਿਰ ਝੁਕਾ ਕੇ ਚੁੱਪ ਹੋ ਗਏ। ਟਰੰਪ ਦਾ ਸਿਆਸੀ ਏਜੰਡਾ ਰਿਪਬਲਿਕਨ ਪਾਰਟੀ ਨੂੰ ਚਰਚ ਦੇ ਰਾਹ ‘ਤੇ ਲੈ ਕੇ ਜਾਣ ਦੀ ਕੋਸ਼ਿਸ਼ ਨੂੰ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ। ਟਰੰਪ ਵੀ ਧਾਰਮਿਕ ਸਹੁੰ ਚੁੱਕ ਕੇ ਆਪਣੇ ਸਮਰਥਕਾਂ ਨਾਲ ਵਫ਼ਾਦਾਰੀ ਦਾ ਵਾਅਦਾ ਕਰ ਰਹੇ ਹਨ। ਇਹ ਵਫ਼ਾਦਾਰੀ ਕਾਰਕੁਨ ਪੱਧਰ ਤੋਂ ਲੈ ਕੇ ਰਿਪਬਲਿਕਨ ਨੈਸ਼ਨਲ ਕਮੇਟੀ ਤੱਕ ਦੇ ਮੈਂਬਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਟਰੰਪ ਨੇ ਕਦੇ ਵੀ ਚਰਚ ਦੀਆਂ ਸੇਵਾਵਾਂ ਵਿੱਚ ਦਿਲਚਸਪੀ ਹੀ ਨਹੀਂ ਦਿਖਾਈ ਪਰ ਉਨ੍ਹਾਂ ਨੇ ਪਿਛਲੇ ਹਫ਼ਤੇ ਬਾਈਬਲ ਨੂੰ ਆਪਣੀ ਪਸੰਦੀਦਾ ਕਿਤਾਬ ਦੱਸਿਆ ਹੈ। ਟਰੰਪ ਆਪਣੀ ਮੁਹਿੰਮ ਨੂੰ ਈਸਾਈ ਪ੍ਰਚਾਰਕਾਂ ਦਾ ਸਮਰਥਨ ਜਿੱਤਣ ਲਈ ਦੇਸ਼ ਦੀ ਆਤਮਾ ਦੀ ਲੜਾਈ ਦੱਸ ਰਹੇ ਹਨ।