ਲੋਕ ਸਭਾ ਚੋਣਾਂ: ਸ਼੍ਰੋਮਣੀ ਅਕਾਲੀ ਦਲ ਭਲਕੇ ਐਲਾਨ ਸਕਦੈ ਉਮੀਦਵਾਰ! ਸੁਖਬੀਰ ਬਾਦਲ ਨੇ ਮੰਗੀਆਂ ਰਿਪੋਰਟਾਂ

ਲੁਧਿਆਣਾ – ਮਹਾਨਗਰ ਲੁਧਿਆਣੇ ’ਚ ਲੋਕ ਸਭਾ ਸੀਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੜੇ ਗੰਭੀਰ ਦੱਸੇ ਜਾ ਰਹੇ ਹਨ। ਭਾਂਵੇ ਉਨ੍ਹਾਂ ਨੇ ਇਕ ਸਾਲ ਪਹਿਲਾ ਕਾਕੇ ਸੂਦ ਦਾ ਐਲਾਨ ਕਰ ਦਿੱਤਾ ਸੀ ਅਤੇ ਕਾਕਾ ਸੂਦ ਸਰਗਰਮ ਵੀ ਦਿਖਾਈ ਦੇ ਰਹੇ ਹਨ ਪਰ ਹੁਣ 2 ਤਰੀਕ ਨੂੰ ਚੰਡੀਗੜ੍ਹ ਅਕਾਲੀ ਦਲ ਨੇ ਨਵੇਂ ਉਮੀਦਵਾਰ ਦੀ ਚੋਣ ਲਈ ਜਾਂ ਹੋਰ ਫ਼ੈਸਲੇ ਬਾਰੇ ਮੀਟਿੰਗ ਸੱਦੀ ਹੈ।
ਇਸ ਬਾਰੇ ਸੂਤਰਾਂ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੇ ਰਾਮਗੜ੍ਹੀਏ ਭਾਈਚਾਰੇ ਨਾਲ ਜੁੜੇ ਤੇ ਸਾਬਕਾ ਚੇਅਰਮੈਨ ਰਹੇ ਜਗਬੀਰ ਸਿੰਘ ਸੋਖੀ ਦੀਆਂ ਰਿਪੋਰਟਾਂ ਵੀ ਪਾਰਟੀ ਦਫ਼ਤਰ ਮੰਗਵਾ ਲਈਆਂ ਹਨ ਕਿਉਂਕਿ ਸੋਖੀ ਜਿੱਥੇ ਇੰਡਸਟਰੀ ਨਾਲ ਜੁੜੇ ਹੋਏ ਹਨ, ਉੱਥੇ ਹੀ ਰਾਮਗੜ੍ਹੀਆ ਭਾਈਚਾਰੇ ਅਤੇ ਸਿੱਖ ਭਾਈਚਾਰੇ ਨਾਲ ਹੋਣ ਦੇ ਚੱਲਦੇ ਉਨ੍ਹਾਂ ਦੇ ਨਾਮ ਬਾਰੇ ਮਹਾਨਗਰ ’ਚ ਬੈਠੇ 4 ਵੱਡੇ ਅਕਾਲੀ ਨੇਤਾਵਾਂ ਨੇ ਵੀ ਹਾਂ ਵਿਚ ਹਾਂ ਮਿਲਾਉਣਾ ਦੱਸਿਆ ਜਾ ਰਿਹਾ ਹੈ।
ਬਾਕੀ ਭਲਕੇ ਹੋਣ ਵਾਲੀ ਮੀਟਿੰਗ ਵਿਚ ਸਾਰੀ ਗੱਲ ਤੈਅ ਹੋ ਜਾਵੇਗੀ ਕਿ ਲੁਧਿਆਣੇ ਦੇ ਮੈਦਾਨ ’ਚੋਂ ਰਸਮੀ ਤੌਰ ’ਤੇ ਕਿਸਦੇ ਨਾਂ ਦਾ ਐਲਾਨ ਕਰਦੇ ਹਨ। ਹਾਲ ਦੀ ਘੜੀ ਕਾਕਾ ਸੂਦ, ਰਣਜੀਤ ਸਿੰਘ ਢਿੱਲੋਂ ਅਤੇ ਹੁਣ ਜਗਵੀਰ ਸੋਖੀ ਦਾ ਨਾਂ ਵੀ ਬੋਲਣ ਲੱਗ ਪਿਆ ਹੈ, ਜਦੋਂ ਕਿ ਇਸ ਤੋਂ ਪਹਿਲਾ ਸ਼ਰਨਜੀਤ ਸਿੰਘ ਢਿੱਲੋਂ ਦੇ ਨਾਂ ਦੀ ਵੀ ਖ਼ੂਬ ਚਰਚਾ ਹੋ ਰਹੀ ਸੀ।