ਸੁਨਕ ਸਰਕਾਰ ਦਾ ਵੱਡਾ ਫ਼ੈਸਲਾ, ਮੰਦਰਾਂ ਦੀ ਸੁਰੱਖਿਆ ਲਈ ਦਿੱਤੇ ਜਾਣਗੇ 50 ਕਰੋੜ

ਇੰਟਰਨੈਸ਼ਨਲ ਡੈਸਕ- ਬ੍ਰਿਟੇਨ ‘ਚ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਹਿੰਦੂ ਮੰਦਰਾਂ ਦੀ ਸੁਰੱਖਿਆ ਲਈ ਵੱਡਾ ਫ਼ੈਸਲਾ ਲਿਆ ਹੈ। ਬ੍ਰਿਟਿਸ਼ ਹਿੰਦੂਆਂ ਦੀ ਮੰਗ ‘ਤੇ ਸੁਨਕ ਸਰਕਾਰ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਅਲਾਟ ਕਰਨ ਜਾ ਰਹੀ ਹੈ। ਬ੍ਰਿਟਿਸ਼ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਗ੍ਰਹਿ ਮੰਤਰਾਲਾ ਹਿੰਦੂ ਧਾਰਮਿਕ ਸਥਾਨਾਂ ਅਤੇ ਮੰਦਰਾਂ ਦੀ ਸੁਰੱਖਿਆ ਲਈ ਨਵੀਂ ਨੀਤੀ ਬਣਾਉਣ ‘ਤੇ ਕੰਮ ਕਰ ਰਿਹਾ ਹੈ, ਇਸ ਨੀਤੀ ‘ਚ ਮੰਦਰਾਂ ਨੂੰ ਵੀ ਮਸਜਿਦਾਂ ਵਾਂਗ ਸੁਰੱਖਿਆ ਮਿਲੇਗੀ। ਪ੍ਰਧਾਨ ਮੰਤਰੀ ਸੁਨਕ ਅਕਸਰ ਮੰਦਰਾਂ ਵਿਚ ਦਰਸ਼ਨਾਂ ਲਈ ਜਾਂਦੇ ਰਹਿੰਦੇ ਹਨ।
ਪਹਿਲਾਂ ਮੰਦਰਾਂ ਨੂੰ 300 ਕਰੋੜ ਰੁਪਏ ‘ਚੋਂ ਮਿਲਦੇ ਸਨ ਸਿਰਫ 2.5 ਕਰੋੜ ਰੁਪਏ
ਦੋ ਸਾਲ ਪਹਿਲਾਂ ਬ੍ਰਿਟਿਸ਼ ਸਰਕਾਰ ਨੇ 300 ਕਰੋੜ ਰੁਪਏ ਦੀ ਧਾਰਮਿਕ ਸਥਾਨ ਸੁਰੱਖਿਆ ਫੰਡਿੰਗ ਯੋਜਨਾ ਦਾ ਐਲਾਨ ਕੀਤਾ ਸੀ। ਇਸ ਵਿੱਚੋਂ ਜ਼ਿਆਦਾਤਰ ਇਸਲਾਮਿਕ ਸੰਸਥਾਵਾਂ ਨੂੰ ਦਿੱਤੇ ਗਏ। ਇਸ ਦੇ ਨਾਲ ਹੀ ਗੈਰ-ਮੁਸਲਮਾਨਾਂ ਨੂੰ ਸਿਰਫ 35 ਕਰੋੜ ਰੁਪਏ ਦਿੱਤੇ ਗਏ। ਇਸ ਵਿੱਚੋਂ ਗੁਰਦੁਆਰਿਆਂ ਨੂੰ 7 ਕਰੋੜ ਰੁਪਏ ਜਦਕਿ ਹਿੰਦੂ ਮੰਦਰਾਂ ਨੂੰ 2.5 ਕਰੋੜ ਰੁਪਏ ਮਿਲਦੇ ਸਨ। ਜਿਸ ਕਾਰਨ ਬ੍ਰਿਟੇਨ ਵਿੱਚ ਹਿੰਦੂ ਭਾਈਚਾਰੇ ਵਿੱਚ ਰੋਸ ਸੀ। ਕਈ ਹਿੰਦੂਆਂ ਦਾ ਕਹਿਣਾ ਹੈ ਕਿ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਫੰਡ ਦੇਣ ਵਿੱਚ ਵਿਤਕਰਾ ਸਹੀ ਨਹੀਂ ਹੈ।
2022 ‘ਚ ਕਈ ਮੰਦਰਾਂ ‘ਤੇ ਹੋਏ ਹਮਲੇ
ਬ੍ਰਿਟੇਨ ਵਿੱਚ 400 ਤੋਂ ਵੱਧ ਹਿੰਦੂ ਮੰਦਰ ਹਨ। ਸਰਕਾਰ ਵੱਲੋਂ ਅਲਾਟ ਕੀਤੇ ਫੰਡਾਂ ਨਾਲ ਹਿੰਦੂ ਮੰਦਰਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ, ਜਿਸ ਨਾਲ 24 ਘੰਟੇ ਸੁਰੱਖਿਆ ਨਿਗਰਾਨੀ ਰੱਖੀ ਜਾ ਸਕੇਗੀ। ਇਹ ਪੈਸਾ ਹਿੰਦੂ ਮੰਦਰਾਂ ‘ਤੇ ਹਮਲਿਆਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਪੁਲਸ ਨੂੰ ਸਿਖਲਾਈ ਦੇਣ ‘ਤੇ ਖਰਚ ਕੀਤਾ ਜਾਵੇਗਾ। 2022 ਵਿੱਚ ਬ੍ਰਿਟੇਨ ਦੇ ਲੰਕਾਸਟਰ ਵਿੱਚ ਕਈ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।