ਵਿਸ਼ਵ ਚੈਂਪੀਅਨ ਬਣਦਿਆਂ ਹੀ ਆਸਟ੍ਰੇਲੀਆ ‘ਤੇ ਵਰ੍ਹਿਆ ਪੈਸਿਆਂ ਦਾ ਮੀਂਹ

ਮਿਲਟਨ: ਆਸਟ੍ਰੇਲੀਆ ਕ੍ਰਿਕਟ ਟੀਮ ਨੇ ICC ਵਿਸ਼ਵ ਕੱਪ 2023 ਦੇ ਫ਼ਾਈਨਲ ‘ਚ ਭਾਰਤ ਨੂੰ ਛੇ ਵਿਕਟਾਂ ਨਾਲ ਹਰਾ ਕੇ ਛੇਵੀਂ ਵਾਰ ਖ਼ਿਤਾਬ ਜਿੱਤ ਲਿਆ ਜਦ ਕਿ ਭਾਰਤ ਤੀਜੀ ਵਾਰ ਖ਼ਿਤਾਬ ਜਿੱਤਣ ਤੋਂ ਖੁੰਝ ਗਿਆ। ਆਸਟ੍ਰੇਲੀਆ ਨੇ ਪਹਿਲੀ ਵਾਰ 1987 ‘ਚ ਟਰਾਫ਼ੀ ‘ਤੇ ਕਬਜ਼ਾ ਕੀਤਾ ਸੀ। ਫ਼ਿਰ 1999,2003, 2007, 2015 ਅਤੇ ਹੁਣ 2023 ‘ਚ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ। ਇਸ ਵਾਰ ਚੈਂਪੀਅਨ ਬਣੀ ਟੀਮ ‘ਤੇ ਪੈਸਿਆਂ ਦਾ ਮੀਂਹ ਵਰ੍ਹਿਆ ਹੈ। ਆਓ ਜਾਣਦੇ ਹਾਂ ਫ਼ਾਈਨਲ ਮੈਚ ਦੀ ਜੇਤੂ ਅਤੇ ਹਾਰਨ ਵਾਲੀਆਂ ਟੀਮਾਂ ਦੇ ਖਾਤੇ ‘ਚ ਇਨਾਮ ਵਜੋਂ ਕਿੰਨੇ ਪੈਸੇ ਆਏ …
ਮਿਲੇ 33 ਕਰੋੜ
ਵਿਸ਼ਵ ਕੱਪ 2023 ‘ਚ ਕੁੱਲ 10 ਮਿਲੀਅਨ ਡਾਲਰ ਭਾਵ 83 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾਅ ‘ਤੇ ਲੱਗੀ ਹੋਈ ਸੀ। ਇਸ ਇਨਾਮੀ ਰਾਸ਼ੀ ਦਾ ਸਭ ਤੋਂ ਵੱਡਾ ਹਿੱਸਾ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਗਿਆ ਹੈ, ਅਤੇ ਉਸ ਨੂੰ ਚਾਰ ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਗਈ। ਭਾਰਤੀ ਕਰੰਸੀ ‘ਚ ਦੇਖਿਆ ਜਾਵੇ ਤਾਂ ਇਹ ਰਕਮ 33 ਕਰੋੜ ਰੁਪਏ ਤੋਂ ਜ਼ਿਆਦਾ ਹੈ।
ਭਾਰਤੀ ਟੀਮ ਨੂੰ ਮਿਲੇ
16.65 ਕਰੋੜ ਰੁਪਏ
ਵਿਸ਼ਵ ਕੱਪ 2023 ਦੇ ਫ਼ਾਈਨਲ ‘ਚ ਹਾਰਨ ਵਾਲੀ ਟੀਮ ਭਾਵ ਇਸ ਟੂਰਨਾਮੈਂਟ ਦੀ ਉਪ ਜੇਤੂ ਟੀਮ ਭਾਰਤ ਨੂੰ ਦੋ ਮਿਲੀਅਨ ਡਾਲਰ ਯਾਨੀ 16.65 ਕਰੋੜ ਰੁਪਏ ਦਿੱਤੇ ਗਏ। ਸੈਮੀਫ਼ਾਈਨਲ ਮੈਚਾਂ ‘ਚ ਹਾਰਨ ਵਾਲੀਆਂ ਦੋ ਟੀਮਾਂ ਦੇ ਖਾਤੇ ‘ਚ ਕੁੱਲ 1.6 ਮਿਲੀਅਨ ਡਾਲਰ ਜਾਣਗੇ। ਇੱਥੇ ਹਰ ਟੀਮ ਦਾ ਹਿੱਸਾ ਅੱਠ ਲੱਖ ਡਾਲਰ (6.65 ਕਰੋੜ ਰੁਪਏ) ਹੋਵੇਗਾ। ਇਹ ਰਕਮ ਨਿਊ ਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਨੂੰ ਗਈ। ਦੋਵੇਂ ਟੀਮਾਂ ਸੈਮੀਫ਼ਾਈਨਲ ਮੈਚ ਹਾਰ ਗਈਆਂ ਸਨ।
ਬਾਕੀਆਂ ਨੂੰ ਮਿਲੇ
83-83 ਲੱਖ
ਲੀਗ ਪੜਾਅ ਤੋਂ ਬਾਅਦ ਛੇ ਟੀਮਾਂ ਵਿਸ਼ਵ ਕੱਪ ਤੋਂ ਬਾਹਰ ਹੋਈਆਂ ਸਨ ਅਤੇ ਹਰੇਕ ਟੀਮ ਨੂੰ ਇੱਕ-ਇੱਕ ਲੱਖ ਡਾਲਰ (83.29 ਲੱਖ ਰੁਪਏ) ਮਿਲੇ। ਪਾਕਿਸਤਾਨ, ਅਫ਼ਗ਼ਾਨਿਸਤਾਨ, ਇੰਗਲੈਂਡ, ਬੰਗਲਾਦੇਸ਼, ਸ੍ਰੀ ਲੰਕਾ ਅਤੇ ਨੈਦਰਲੈਂਡਜ਼ ਨੂੰ ਇਹ ਰਾਸ਼ੀ ਮਿਲ ਗਈ। ਭਾਵ ਇਨ੍ਹਾਂ ਛੇ ਟੀਮਾਂ ਨੂੰ ਕੁੱਲ ਪੰਜ ਕਰੋੜ ਰੁਪਏ ਮਿਲੇ। ਲੀਗ ਗੇੜ ‘ਚ ਹਰ ਮੈਚ ਜਿੱਤਣ ਵਾਲੀਆਂ ਟੀਮਾਂ ਲਈ ਚੰਗੀ ਇਨਾਮੀ ਰਾਸ਼ੀ ਤੈਅ ਕੀਤੀ ਗਈ ਸੀ। ਇੱਥੇ ਹਰ ਮੈਚ ਦੀ ਜੇਤੂ ਟੀਮ ਲਈ 40 ਹਜ਼ਾਰ ਡਾਲਰ ਯਾਨੀ 33 ਲੱਖ ਰੁਪਏ ਸਨ। ਇਸ ਤਰ੍ਹਾਂ ਲੀਗ ਪੜਾਅ ਦੇ 45 ਮੈਚਾਂ ਦੀ ਕੁੱਲ ਇਨਾਮੀ ਰਾਸ਼ੀ 1.8 ਮਿਲੀਅਨ ਡਾਲਰ ਯਾਨੀ 15 ਕਰੋੜ ਰੁਪਏ ਹੋ ਗਈ ਸੀ।