ਔਟਵਾ: ਭਾਰਤ ਅਤੇ ਆਸਟ੍ਰੇਲੀਆ ਵਿੱਚਾਲੇ ਐਤਵਾਰ ਨੂੰ ਖੇਡੇ ਗਏ ਵਨ ਡੇਅ ਕ੍ਰਿਕਟ ਵਿਸ਼ਵ ਕੱਪ 2023 ਦੇ ਫ਼ਾਈਨਲ ਮੈਚ ਨੂੰ ਡਿਜ਼ਨੀ-ਹੌਟਸਟਾਰ ‘ਤੇ ਰਿਕਾਰਡ 5.9 ਕਰੋੜ ਦਰਸ਼ਕਾਂ ਨੇ ਦੇਖਿਆ। OTT ਪਲੈਟਫ਼ੌਰਮ ਨੇ ਇਹ ਜਾਣਕਾਰੀ ਦਿੱਤੀ। ਡਿਜ਼ਨੀ-ਹੌਟਸਟਾਰ ਮੁਤਾਬਿਕ ਇਸ ਰਿਕਾਰਡ ਦੇ ਨਾਲ ਭਾਰਤ ਅਤੇ ਨਿਊ ਜ਼ੀਲੈਂਡ ਵਿਚਾਲੇ ਸੈਮੀਫ਼ਾਈਨਲ ਮੈਚ ‘ਚ ਬਣੇ 5.3 ਕਰੋੜ ਦਰਸ਼ਕਾਂ ਦਾ ਰਿਕਾਰਡ ਵੀ ਟੁੱਟ ਗਿਆ।
OTT ਪਲੈਟਫ਼ੌਰਮ ਨੇ ਇੱਕ ਬਿਆਨ ‘ਚ ਕਿਹਾ ਕਿ ਡਿਜ਼ਨੀ-ਹੌਟਸਟਾਰ ‘ਤੇ ਫ਼ਾਈਨਲ ਮੈਚ ਦੀ ਲਾਈਵ ਸਟ੍ਰੀਮਿੰਗ ਦੌਰਾਨ ਦਰਸ਼ਕਾਂ ਦੀ ਸਭ ਤੋਂ ਵੱਧ ਸੰਖਿਆ ਲਗਭਗ 5.9 ਕਰੋੜ ਦੀ ਰਿਕਾਰਡ ਕੀਤੀ ਗਈ। ਬਿਆਨ ਮੁਤਾਬਿਕ ਵਿਸ਼ਵ ਕੱਪ ਮੁਕਾਬਲੇ ‘ਚ ਭਾਰਤ ਬਨਾਮ ਪਾਕਿਸਤਾਨ ਦੇ ਲੀਗ ਮੈਚ ‘ਚ 3.5 ਕਰੋੜ ਦਰਸ਼ਕਾਂ ਨੇ ਲਾਈਵ ਸਟ੍ਰੀਮਿੰਗ ਰਾਹੀਂ ਮੈਚ ਦੇਖਿਆ ਸੀ।
ਡਿਜ਼ਨੀ-ਹੌਟਸਟਾਰ ਇੰਡੀਆ ਦੇ ਮੁੱਖੀ ਸਜੀਤ ਸ਼ਿਵਾਨੰਦਨ ਨੇ ਕਿਹਾ, ”5.9 ਕਰੋੜ ਦਰਸ਼ਕਾਂ ਨੇ ਡਿਜ਼ਨੀ-ਹੌਟਸਟਾਰ ‘ਤੇ ਫ਼ਾਈਨਲ ਮੈਚ ਦੇਖਿਆ, ਜਿਸ ਨੇ ਸਾਰੇ ਰਿਕਾਰਡ ਤੋੜ ਦਿੱਤੇ। ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਦੇ ਅਟੁੱਟ ਸਮਰਥਨ ਨੇ ਸਾਨੂੰ ਲਾਈਵ ਸਪੋਰਟਸ ਸਟ੍ਰੀਮਿੰਗ ‘ਚ ਨਵੀਆਂ ਉਚਾਈਆਂ ਨੂੰ ਸਰ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਹੈ।”
ਫ਼੍ਰੀ ਸਨ ਮੈਚ
ਦੱਸ ਦੇਈਏ ਕਿ ਦਰਸ਼ਕ ਵਿਸ਼ਵ ਕੱਪ 2023 ਦੇ ਸਾਰੇ ਮੈਚ ਡਿਜ਼ਨੀ ਪਲੱਸ ਹੌਟਸਟਾਰ ‘ਤੇ ਲਾਈਵ ਦੇਖ ਚੁੱਕੇ ਹਨ। ਡਿਜ਼ਨੀ ਪਲੱਸ ਹੌਟਸਟਾਰ ਨੇ 9 ਜੂਨ ਨੂੰ ਘੋਸ਼ਣਾ ਕੀਤੀ ਸੀ ਕਿ ਯੂਜ਼ਰਜ਼ ਹੌਟਸਟਾਰ ਦੀ ਐਪ ‘ਤੇ ICC ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਦੇ ਸਾਰੇ ਮੈਚ ਫ਼ਰੀ ‘ਚ ਦੇਖ ਸਕਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੀਓ ਸਿਨੇਮਾ ਨੇ IPL 2023 ਦੇ ਸਾਰੇ ਮੈਚ ਫ਼ਰੀ ਦਿਖਾਏ ਸਨ ਅਤੇ ਇਸ ਨੂੰ ਰਿਕਾਰਡ ਦਰਸ਼ਕਾਂ ਦੀ ਗਿਣਤੀ ਮਿਲੀ ਸੀ। ਜੀਓ ਸਿਨੇਮਾ ਦੀ ਤਰ੍ਹਾਂ ਹੌਟਸਟਾਰ ਵੀ ਆਪਣੇ ਦਰਸ਼ਕਾਂ ਦੀ ਗਿਣਤੀ ਵਧਾਉਣਾ ਚਾਹੁੰਦਾ ਹੈ।











