‘ਇੰਡੀਆ’ ਗਠਜੋੜ ਦੀ ਰੈਲੀ ਦੇ ਮੱਦੇਨਜ਼ਰ ਦਿੱਲੀ ਪੁਲਸ ਨੇ ਕੀਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ

ਨਵੀਂ ਦਿੱਲੀ- ਰਾਮਲੀਲਾ ਮੈਦਾਨ ‘ਚ ‘ਇੰਡੀਆ’ ਗਠਜੋੜ ਦੀ ਰੈਲੀ ‘ਚ ਹਜ਼ਾਰਾਂ ਲੋਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਦਿੱਲੀ ਪੁਲਸ ਨੇ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਹਨ। ਰੈਲੀ ਦੀ ਨਿਗਰਾਨੀ ਲਈ 4,000 ਤੋਂ ਵੱਧ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ 200 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਸਥਾਨ ਨੂੰ 14 ਜ਼ੋਨਾਂ ‘ਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰੇਕ ਜ਼ੋਨ ਦੀ ਨਿਗਰਾਨੀ ਸਹਾਇਕ ਪੁਲਸ ਕਮਿਸ਼ਨਰ (ਏਸੀਪੀ) ਪੱਧਰ ਦੇ ਅਧਿਕਾਰੀ ਦੁਆਰਾ ਕੀਤੀ ਜਾਵੇਗੀ, ਜਦੋਂ ਕਿ 2 ਜ਼ੋਨਾਂ ਦੀ ਨਿਗਰਾਨੀ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ (ਐਡੀਸ਼ਨਲ ਡੀਸੀਪੀ) ਪੱਧਰ ਦੇ ਅਧਿਕਾਰੀ ਕਰਨਗੇ।
ਪੁਲਸ ਕਮਿਸ਼ਨਰ ਨੇ ਸੀਨੀਅਰ ਅਧਿਕਾਰੀਆਂ ਦੇ ਨਾਲ ਸ਼ਨੀਵਾਰ ਨੂੰ ਮਿੰਟੋ ਬ੍ਰਿਜ ਅਤੇ ਰਾਮਲੀਲਾ ਮੈਦਾਨ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕੀਤਾ। ਸੁਰੱਖਿਆ ਯੋਜਨਾ ‘ਚ ਡਰੋਨ ਨਿਗਰਾਨੀ, ਸਰੀਰ ‘ਤੇ ਲਗਾਏ ਜਾਣ ਵਾਲੇ ਕੈਮਰੇ, ਦੰਗਾ ਕੰਟਰੋਲ ਵਾਹਨ ਅਤੇ ਇਕ ਸਮਰਪਿਤ ਕੰਟਰੋਲ ਰੂਮ ਸ਼ਾਮਲ ਹਨ। ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਸ ਕਰਮਚਾਰੀ, ਕੇਂਦਰੀ ਹਥਿਆਰਬੰਦ ਪੁਲਸ ਬਲ (ਸੀਏਪੀਐੱਫ) ਦੇ ਕਰਮਚਾਰੀਆਂ ਦੇ ਨਾਲ, ਮਿੰਟੋ ਬ੍ਰਿਜ ਤੋਂ ਸਥਾਨ ਤੱਕ ਅਤੇ ਰਾਮਲੀਲਾ ਮੈਦਾਨ ਦੇ ਅੰਦਰ ਰਸਤੇ ‘ਤੇ ਤਾਇਨਾਤ ਕੀਤੇ ਜਾਣਗੇ। ਰੈਲੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਇਜਾਜ਼ਤ ਦਿੱਤੀ ਗਈ ਹੈ। ਲਗਭਗ 50,000 ਲੋਕਾਂ ਦੇ ਆਉਣ ਦੀ ਉਮੀਦ ਹੈ।
ਹਾਲਾਂਕਿ, ਪੁਲਸ ਅਤੇ ਆਯੋਜਕਾਂ ਦਾ ਅੰਦਾਜ਼ਾ ਹੈ ਕਿ ਘੇਰਾਬੰਦੀ ਵਾਲੇ ਖੇਤਰਾਂ ਅਤੇ ਟ੍ਰੈਫਿਕ ਰੂਟਾਂ ਨੂੰ ਧਿਆਨ ‘ਚ ਰੱਖਦੇ ਹੋਏ, 30,000 ਤੋਂ 40,000 ਲੋਕਾਂ ਲਈ ਆਰਾਮਦਾਇਕ ਜਗ੍ਹਾ ਬਣਾਈ ਜਾ ਸਕਦੀ ਹੈ। ਟ੍ਰੈਫਿਕ ਪ੍ਰਬੰਧਨ ਲਈ ਲਗਭਗ 150 ਵਾਧੂ ਟ੍ਰੈਫਿਕ ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਐੱਲਐੱਨਜੇਪੀ ਅਤੇ ਜੀਬੀ ਪੰਤ ਹਸਪਤਾਲਾਂ ‘ਚ ਐਂਬੂਲੈਂਸਾਂ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਦਿੱਲੀ ‘ਚ ਕੇਂਦਰੀ ਹਥਿਆਰਬੰਦ ਪੁਲਸ ਫੋਰਸ (ਸੀਏਪੀਐੱਫ) ਦੀਆਂ 270 ਕੰਪਨੀਆਂ ਦੀ ਤਾਇਨਾਤੀ 16 ਨਵੰਬਰ ਤੱਕ ਵਧਾ ਦਿੱਤੀ ਗਈ ਹੈ।