ਭਾਰਤੀ ਟੀਮ ਨੇ ਮੁੜ ਦੁਹਰਾਈਆਂ 2003 ਵਾਲੀਆਂ ਗ਼ਲਤੀਆਂ

ਮਿਸੀਸਾਗਾ: ਜਿਵੇਂ ਦੱਖਣੀ ਅਫ਼ਰੀਕਾ ਦੀ ਟੀਮ ਵਿਸ਼ਵ ਕੱਪ ਦੌਰਾਨ ਵੱਡੇ ਮੁਕਾਬਲਿਆਂ ‘ਚ ਚੂਕ ਕਰ ਜਾਂਦੀ ਹੈ, ਠੀਕ ਉਸੇ ਤਰ੍ਹਾਂ ਟੀਮ ਇੰਡੀਆ ਵੀ ਆਸਟ੍ਰੇਲੀਆ ਦੇ ਸਾਹਮਣੇ ਚੂਕਦੀ ਨਜ਼ਰ ਆ ਰਹੀ ਹੈ। ਸਾਲ 2003 ਤੋਂ ਬਾਅਦ ਭਾਰਤੀ ਟੀਮ ਨੇ 2023 ‘ਚ ਵਿਸ਼ਵ ਕੱਪ ਫ਼ਾਈਨਲ ਆਸਟ੍ਰੇਲੀਆ ਦੇ ਹੀ ਹੱਥੋਂ ਗੁਆ ਲਈ ਸੀ। ਦੋਨੋਂ ਮੈਚਾਂ ‘ਤੇ ਜੇਕਰ ਧਿਆਨ ਨਾਲ ਨਜ਼ਰ ਮਾਰੀਏ ਤਾਂ ਟੀਮ ਇੰਡੀਆ ਦੀਆਂ ਲਗਭਗ ਇੱਕੋ ਜਿਹੀਆਂ ਗ਼ਲਤੀਆਂ ਨਜ਼ਰ ਆਉਂਦੀਆਂ ਹਨ।
2003 ਵਿਸ਼ਵ ਕੱਪ ‘ਚ ਭਾਰਤੀ ਟੀਮ ਦਾ ਮੱਧਕ੍ਰਮ ਯੁਵਰਾਜ ਸਿੰਘ (24), ਦਿਨੇਸ਼ ਮੌਂਗੀਆ (12), ਮੁਹੰਮਦ ਕੈਫ਼ (0), ਸੌਰਵ ਗਾਂਗੁਲੀ (24) ਦੇ ਰੂਪ ‘ਚ ਫ਼ੇਲ ਹੋ ਗਿਆ ਜਿਸ ਕਾਰਨ ਟੀਮ ਇੰਡੀਆ ਇੱਕ ਵੱਡੇ ਟੀਚੇ ਦਾ ਪਿੱਛਾ ਨਹੀਂ ਕਰ ਸਕੀ ਸੀ। 2023 ਦੇ ਵਿਸ਼ਵ ਕੱਪ ‘ਚ ਵੀ ਟੀਮ ਇੰਡੀਆ ਦਾ ਮੱਧਕ੍ਰਮ ਸ਼੍ਰੇਅਸ ਅਈਅਰ (4), ਕੇ. ਐੱਲ. ਰਾਹੁਲ (66), ਰਵਿੰਦਰ ਜਡੇਜਾ (9), ਸੂਰਿਆ ਕੁਮਾਰ (18), ਮੁਹੰਮਦ ਸ਼ਮੀ (6) ਦੇ ਰੂਪ ‘ਚ ਫ਼ੇਲ੍ਹ ਹੋ ਗਿਆ, ਅਤੇ ਭਾਰਤ ਇੱਕ ਵੱਡਾ ਸਕੋਰ ਨਹੀਂ ਖੜ੍ਹਾ ਕਰ ਸਕਿਆ ਅਤੇ ਆਸਾਨੀ ਨਾਲ ਹਾਰ ਗਿਆ।
ਸਫ਼ਲ ਗੇਂਦਬਾਜ਼ ਹੋ ਗਏ ਗੁੱਸੇ
2003 ਵਿਸ਼ਵ ਕੱਪ ‘ਚ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਜ਼ਹੀਰ ਖ਼ਾਨ ਨੇ ਸੱਤ ਓਵਰਾਂ ‘ਚ ਬਿਨ੍ਹਾਂ ਵਿਕਟ ਲਏ 67 ਦੌੜਾਂ ਦੇ ਦਿੱਤੀਆਂ ਸਨ। ਮੁੱਖ ਗੇਂਦਬਾਜ਼ ਸ਼੍ਰੀਨਾਥ ਨੇ 10 ਓਵਰਾਂ ‘ਚ 87 ਦੌੜਾਂ ਦਿੱਤੀਆਂ। ਸਪਿਨਰ ਹਰਭਜਨ ਨੇ ਦੋ ਵਿਕਟਾਂ ਲਈਆਂ ਪਰ ਜਿੱਤ ਨਸੀਬ ਨਹੀਂ ਹੋਈ। 2003 ਵਿਸ਼ਵ ਕੱਪ ‘ਚ ਮੁਹੰਮਦ ਸ਼ਮੀ ਨੇ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ (24) ਲਈਆਂ ਸਨ, ਪਰ ਫ਼ਾਈਨਲ ‘ਚ ਉਹ ਸਿਰਫ਼ ਇੱਕ ਹੀ ਵਿਕਟ ਲੈ ਸਕਿਆ। ਸਪਿਨਰ ਜਡੇਜਾ ਅਤੇ ਕੁਲਦੀਪ ਯਾਦਵ ਆਪਣੇ ਕੋਟੇ ਦੇ ਓਵਰਾਂ ‘ਚ ਇੱਕ ਵੀ ਵਿਕਟ ਨਹੀਂ ਕੱਢ ਸਕੇ।
ਸਿਰਫ਼ ਇੱਕ ਬੱਲੇਬਾਜ਼
ਨੇ ਖੋਹਿਆ ਮੈਚ
ਇੱਕ ਬੱਲੇਬਾਜ਼ ਦੇ ਅੱਗੇ ਨਤਮਸਤਕ ਹੋਣ ਦੀ ਟੀਮ ਇੰਡੀਆ ਦੇ ਗੇਂਦਬਾਜ਼ਾਂ ਦੀ ਪੁਰਾਣੀ ਆਦਤ ਹੈ। ਇਹੀ ਆਦਤ ਇੱਕ ਵਾਰ ਫ਼ਿਰ ਤੋਂ ਵੱਡੀ ਹਾਰ ਸਾਹਮਣੇ ਲੈ ਕੇ ਆਈ। 2003 ਵਿਸ਼ਵ ਕੱਪ ਫ਼ਾਈਨਲ ‘ਚ ਰਿੱਕੀ ਪੋਂਟਿੰਗ (140) ਇਕੱਲਾ ਹੀ ਭਾਰਤ ਤੋਂ ਮੈਚ ਨੂੰ ਦੂਰ ਲੈ ਗਿਆ ਸੀ। ਉੱਥੇ ਹੀ 2023 ‘ਚ ਭਾਰਤੀ ਟੀਮ ਜਦੋਂ ਵਾਰਨਰ (7), ਮਿਚੈਲ ਮਾਰਸ਼ (15) ਅਤੇ ਸਟੀਵ ਸਮਿਥ (4) ਦੀਆਂ ਵਿਕਟਾਂ ਲੈ ਚੁੱਕੀ ਸੀ ਤਾਂ ਪਿੱਚ ‘ਤੇ ਇਕੱਲਾ ਟ੍ਰੈਵਿਸ ਹੈੱਡ ਟਿਕ ਗਿਆ। ਉਸ ਨੇ ਇੱਕੱਲੇ ਹੀ 120 ਗੇਂਦਾਂ ‘ਤੇ 15 ਚੌਕੇ ਅਤੇ ਚਾਰ ਛੱਕੇ ਲਗਾਏ ਅਤੇ 137 ਦੌੜਾਂ ਬਣਾ ਕੇ ਆਪਣੀ ਟੀਮ ਨੂੰ ਛੇਵੀਂ ਵਾਰ ਵਿਸ਼ਵ ਕੱਪ ਦਾ ਖ਼ਿਤਾਬ ਦੁਆ ਦਿੱਤਾ।