ਉਸਤਾਦ ਜੀ ਨੂੰ ਲਿਖਿਆ ਖ਼ਤ

ਨਿੰਦਰ ਘੁਗਿਆਣਵੀ
ਇਹ ਖ਼ਤ ਮਿਲੇ ਮੇਰੇ ਅੰਤਾਂ ਦੇ ਆਦਰਯੋਗ ਉਸਤਾਦ ਜੀ, ਸਵਰਗੀ ਸ਼੍ਰੀ ਚੰਦ ਯਮਲਾ ਜੱਟ ਜੀ ਨੂੰ, 90/9 ਜਵਾਹਰ ਕੈਂਪ, ਨੇੜੇ ਬਸ ਅੱਡਾ ਲੁਧਿਆਣਾ। ਲਿਖਤੁਮ ਆਪ ਜੀ ਦਾ ਪਿਆਰਾ ਸ਼ਾਗਿਰਦ ਨਿੰਦਰ ਘੁਗਿਆਣਵੀ, ਪਿੰਡ ਘੁਗਿਆਣਾ, ਡਾਕ ਖਾਨਾ ਖਾਸ, ਤਹਿਸੀਲ ਅਤੇ ਜ਼ਿਲ੍ਹਾ, ਫ਼ਰੀਦਕੋਟ।
ਗੁਰੂ ਜੀ,
ਅੱਜ ਦਿਨ ਮੰਗਲਵਾਰ ਹੈ, ਮਿਤੀ 10 ਅਕਤੂਬਰ 2023 ਹੈ। ਆਥਣ ਦੇ 7 ਵੱਜੇ ਹਨ, ਅਤੇ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਹੁਣੇ ਹੁਣੇ ਆਪ ਜੀ ਦੇ ਜੀਵਨ ਅਤੇ ਯਾਦਾਂ ਬਾਰੇ ਮੇਰਾ ਰਿਕਾਰਡ ਕੀਤਾ ਫ਼ੀਚਰ ਪ੍ਰੋਗਰਾਮ ਪ੍ਰਸਾਰਿਤ ਹੋ ਰਿਹਾ ਹੈ- ਯਾਦਾਂ ਦੀ ਖ਼ੁਸ਼ਬੋ। ਇਹ ਪ੍ਰੋਗਰਾਮ ਜਲੰਧਰ ਦੂਰਦਰਸ਼ਨ ‘ਚ ਮੈਂ ਤਿੰਨ ਕੁ ਸਾਲ ਪਹਿਲਾਂ ਰਿਕਾਰਡ ਕਰਵਾਇਆ ਸੀ। ਮੈਂ ਸਿਰ ‘ਤੇ ਸ਼ਮਲੇ ਵਾਲੀ ਯਮਲਾਸ਼ਾਹੀ ਪੱਗ ਬੱਧੀ ਹੋਈ ਹੈ। ਗੇਰੂਏ ਰੰਗਾ ਕੁੜਤਾ ਹੈ। ਗਲ ਵਿੱਚ ਕੈਂਠਾ ਹੈ। ਆਪ ਦੀਆਂ ਗੱਲਾਂ ਸੁਣਾ ਰਿਹਾਂ, ਜਦ ਮੈਂ ਗੱਲ ਸੁਣਾ ਹਟਦਾ ਹਾਂ ਤਾਂ ਵਿੱਚ ਵਿੱਚ ਆਪ ਦਾ ਗੀਤ ਲਗਾ ਦਿੰਦੇ ਨੇ, ਐਨੇ ਸਾਲ ਪਹਿਲਾਂ ਦੂਰਦਰਸ਼ਨ ‘ਤੇ ਇਹ ਗੀਤ ਰਿਕਾਰਡ ਕਰਵਾ ਸਾਨੂੰ ਬੇਸ਼ਕੀਮਤੀ ਤੋਹਫ਼ੇ ਦੇ ਗਏ ਤੁਸੀਂ ਗੁਰੂ ਜੀ।
ਮੈਂ ਘਰ ਦੇ ਵਿਹੜੇ ਵਿੱਚ ਬੈਠਾ ਹਾਂ। ਮਾਂ ਨੇ ਕਮਰੇ ਅੰਦਰੋਂ ਆਵਾਜ਼ ਮਾਰੀ ਹੈ, ”ਵੇ ਪੁੱਤ ਆਜਾ, ਤੇਰੇ ਗੁਰੂ ਜੀ ਬਾਰੇ ਤੇਰਾ ਪ੍ਰੋਗ੍ਰਾਮ ਜਲੰਧਰ ਟੈਲੀਵਿਯਨ ਉਤੇ ਵੇ …।” ਭੱਜ ਕੇ ਮੈਂ ਭਰਾ ਦੇ ਕਮਰੇ ਵੜਿਆ, ਉਹਨੇ ਵੀ TV ਔਨ ਕਰਿਆ ਹੋਇਆ ਹੈ, ਆਪ ਜੀ ਗਾ ਰਹੇ ਹੋ। ਬਾਬਾ ਬਿਧੀ ਚੰਦ ਦੇ ਦੋਹੜੇ। ਇਹੋ ਦੋਹੜੇ ਕਈ ਵਾਰ ਆਪ ਜੀ ਅਕਾਸ਼ਵਾਣੀ ਕੇਂਦਰ ਜਲੰਧਰ ਤੋਂ ਵੀ ਗਾਉਂਦੇ ਰਹੇ ਸੀ।
ਜੀਵ ਜੀਂਦਿਆਂ ਦੀ ਨਹੀਂ ਕੋਈ ਸਾਰ ਲੈਂਦਾ,
ਮਗਰੋਂ ਮੋਇਆਂ ਨੂੰ ਪਿੱਤਰ ਬਣਾਂਵਦਾ ਈ।
ਪਹਿਲਾਂ ਪਾਣੀ ਨੀ ਦਿੰਦਾ ਘੁੱਟ ਪੀਵਣੇ ਨੂੰ,
ਮਗਰੋਂ ਮੱਟਾਂ ਦੇ ਮੱਟ ਰੁੜਾਂਵਦਾ ਈ।
ਗੋਡੇ ਰਗੜਦਾ ਮਰ ਗਿਆ ਫ਼ੂਹੜੀਆਂ ‘ਤੇ,
ਮਗਰੋਂ ਮੰਜੀਆਂ ਦਾਨ ਕਰਾਂਵਦਾ ਈ।
ਮੀਮ ਜੀਂਦਿਆਂ ਨੂੰ ਕਾਹਨੂੰ ਮਾਰਦਾ ਏਂ,
ਜੇ ਤੂੰ ਵਿੱਛੜੇ ਨਹੀ ਮਿਲਾਣ ਜੋਗੜਾ।
ਦਰ ਆਏ ਫ਼ਕੀਰ ਕਿਉਂ ਝਿੜਕਣਾ ਏਂ,
ਜੇ ਤੂੰ ਪੱਲਿਓਂ ਖ਼ੈਰ ਨੀ ਪਾਉਣ ਜੋਗੜਾ।
ਬਦੀਆਂ ਬੰਦ ਕਰਦੇ ਬਾਬਾ ਬਿਧੀ ਚੰਦਾ
ਜੇ ਤੂੰ ਨੇਕੀਆਂ ਨਹੀਂ ਕਮਾਵਣ ਜੋਗਾ।
ਸੀਣ ਸਾਉਣ ਖ਼ਰੀਦਣੀ ਖੰਡ ਮੰਦੀ
ਤੇ ਦੂਜਾ ਊਠਾਂ ‘ਤੇ ਲੱਦਣਾ ਭਾਰ ਮੰਦਾ।
ਇੱਕ ਨਾਲ ਅਣ-ਦਾਹੜੀਏ ਨੇਹੁੰ ਲਾਉਣਾ,
ਕੱਚੇ ਘੜੇ ‘ਤੇ ਲੰਘਣਾ ਪਾਰ ਮੰਦਾ।
ਕਿਆ ਕਮਾਲਾਂ ਨੇ ਗੁਰੂ ਜੀ! ਬੜੇ ਸੁਰੀਲੇ ਸਾਜ਼ ਰਲੇ ਨੇ। ਤੂੰਬਾ ਟੁਣਕ ਰਿਹੈ। ਸੁਣਦੇ ਸੁਣਦੇ ਮਨ ਭਰ ਆਇਐ ਮੇਰਾ। ਇੱਕ ਨਾਲ ਅਣ-ਦਾਹੜੀਏਂ ਨੇਹੁੰ ਲਾਣਾ, ਕੱਚੇ ਘੜੇ ਤੇ ਲੰਘਣਾ ਪਾਰ ਮੰਦਾ … ਪਰ ਮੈਂ ਓਦੋਂ ਹਾਲੇ ਅਣ-ਦਾਹੜੀਆ ਹੀ ਸਾਂ ਜਦ ਤੇਰੇ ਦਰ-ਡੇਰੇ ਲੁਧਿਆਣੇ ਆਇਆ ਸਾਂ।
***
ਅੱਜ ਸਵੇਰੇ ਹੀ ਪੰਜਾਬ ਮੇਲ ਰਾਹੀਂ ਦਿੱਲੀਓਂ ਪਿੰਡ ਪਰਤਿਆਂ ਹਾਂ। ਮਹੀਨੇ ‘ਚ ਦੋ ਵਾਰੀ ਜਹਾਜ਼, ਅਤੇ ਦੋ ਵਾਰੀ ਰੇਲੇ ਚੜ੍ਹਨਾ ਹੀ ਪੈਂਦੈ। ਆਪ ਦਾ ਸ਼ਾਗਿਰਦ ਪਿਛਲੇ ਸਾਲ ਮਹਾਂਰਾਸ਼ਟਰ ਦੀ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਵਿੱਚ ਇੱਕ ਵੱਕਾਰੀ ਪੋਸਟ ਰਾਈਟਰ ਇਨ ਰੈਜ਼ੀਡੈਂਟ ‘ਤੇ ਇੱਕ ਸਾਲ ਲਈ ਨਿਯੁਕਤ ਹੋ ਗਿਆ ਸੀ।
ਇਸੇ ਸਾਲ ਦਸੰਬਰ ਮਹੀਨਾ ਆਪ ਜੀ ਦੇ ਚਲਾਣੇ ਦਾ ਮਹੀਨਾ ਹੈ। ਇਸੇ ਮਹੀਨੇ ਮੇਰੀ ਉਥੋਂ ਟਰਮ ਵੀ ਮੁੱਕੇਗੀ। ਉਸਤਾਦ ਜੀ, ਉਥੇ ਮਰਾਠੀਆਂ ਵਿੱਚ ਵੀ ਆਪ ਦਾ ਸ਼ਾਗਿਰਦ ਆਪ ਦੀਆਂ ਹੀ ਬਾਤਾਂ ਪਾਉਂਦਾ ਰਹਿੰਦੈ। ਆਪ ਦੇ ਨਗਮੇਂਗਾਉਂਦਾ ਰਹਿੰਦੈ। ਇੱਕ ਵਾਰ ਜਹਾਜ਼ ‘ਚ ਆਪ ਦੀ ਤੂੰਬੀ ਵੀ ਮੈਂ ਨਾਲ ਲੈ ਗਿਆ ਸੀ। ਮਰਾਠੀ ਬੜੇ ਖ਼ੁਸ਼ ਹੋਏ ਆਪ ਦੀ ਤੂੰਬੀ ਅਤੇ ਆਪ ਜੀ ਬਾਰੇ ਜਾਣ ਸੁਣ ਕੇ। ਕੁੱਝ ਲੋਕ ਆਖ ਰਹੇ ਸਨ ਕਿ ਇਹ ਤੂੰਬੀ ਬੜੀ ਪਿਆਰੀ ਹੈ ਸਾਨੂੰ ਦੇ ਜਾ। ਮਰਾਠੀ ਬੋਲੀ ‘ਚ ਇਸ ਵਾਕ ਨੂੰ ਉਹ ਇਉਂ ਬੋਲਦੇ ਸਨ, ”ਨਿੰਦਰ ਭਾਈ, ਤੁਝੀ ਤੂੰਬੀ ਮਲਾ ਦੇ …।”
ਅੱਗੋਂ ਮੈਂ ਉਨ੍ਹਾਂ ਨੂੰ ਜਵਾਬ ਦੇ ਦਿੱਤਾ, ”ਨਾ ਜੀ ਨਾ, ਇਹ ਤਾਂ ਮੇਰੀ ਅਣਮੁੱਲੀ ਪੂੰਜੀ ਹੈ, ਮੇਰੇ ਉਸਤਾਦ ਜੀ ਦੀ ਨਿਸ਼ਾਨੀ। ਇਸ ਦਾ ਕੋਈ ਮੁੱਲ ਨਹੀਂ, ਇਸ ਦੇ ਕੋਈ ਤੁੱਲ ਨਹੀਂ। ਆਪ ਨੂੰ ਹੋਰ ਤੂੰਬੀ ਭੇਜ ਦਿਆਂਗਾ, ਪਰ ਏਹ ਨਹੀਂ ਦਿਆਂਗਾ ਮੈਂ।” ਖੈਰ!
***
ਅੱਜ ਆਥਣੇ, TV ‘ਤੇ ਆਪ ਦੇ ਦੀਦਾਰ ਕਰਦਿਆਂ ਮਨ ਵੈਰਾਗ ਨਾਲ ਭਰ ਆਇਐ। ਹਾਲੇ ਕੁੱਝ ਦਿਨ ਪਹਿਲਾਂ ਹੀ ਸ਼੍ਰੀ ਦਰਬਾਰ ਸਾਹਿਬ ਦੇ ਸ਼੍ਰੋਮਣੀ ਅਤੇ ਹਜ਼ੂਰੀ ਰਾਗੀ ਭਾਈ ਬਲਬੀਰ ਸਿੰਘ (ਸਵਰਗੀ) ਸ਼ਬਦ ਗਾਉਂਦੇ ਸੁਣੇ ਸਨ ਯੂਟਿਊਬ ‘ਤੇ। ਸ਼ਬਦ ਸੀ:
ਮਨ ਵੈਰਾਗ ਭਇਆ … ਦਰਸਨ ਦੇਖਦੇ ਕਾ ਚਾਓ॥
ਮਨ ਵੈਰਾਗ ਨਾਲ ਇਸ ਕਰਕੇ ਭਰਿਆ ਹੈ ਕਿ ਉਹ ਸਮੇਂ ਅੱਖ ਝਪਕਣ ਵਾਂਗ ਕਿਥੇ ਅਲੋਪ ਹੋ ਗਏ ਨੇ? ਸੰਨ 1987 ਦਾ ਵਰ੍ਹਾ ਸੀ ਜਦ ਮੈਂ ਪਹਿਲੀ ਵਾਰ ਆਪ ਦੇ ਡੇਰੇ ਆਇਆ ਸਾਂ ਆਪਣੇ ਪਿਤਾ ਸ਼੍ਰੀ ਰੌਸ਼ਨ ਲਾਲ (ਸਵਰਗੀ) ਨਾਲ। ਭਰਿਆ ਭਰਿਆ ਡੇਰਾ ਸੀ। ਡੇਰੇ ‘ਚ ਰੌਣਕਾਂ ਸਨ, ਰਾਗ ਸਨ, ਰੂਹਾਂ ਦੇ ਮੇਲੇ ਸਨ। ਆਪ ਦੇ ਅਨੇਕਾ ਚੇਲੇ ਸਨ। ਕੋਈ ਰੱਜੀ ਰੂਹ ਦਾ ਮਾਲਕ ਸੀ। ਹਰ ਕੋਈ ਢੋਲ ਦੀ ਤਾਲ ‘ਤੇ ਨੱਚਦਾ ਫ਼ਿਰਦਾ ਸੀ, ਕੋਈ ਜਵਾਹਰ ਨਗਰ ਕੈਪ ‘ਚ ਡੇਰੇ ਨੂੰ ਆਉਂਦੀ ਲੰਮੀ ਭੀੜੀ ਗਲੀ ‘ਚ ਤੂੰਬਾ ਲੈ ਕੇ ਬੈਠਾ ਆਪ ਮੁਹਾਰੇ ਗਾਉਂਦਾ ਸੀ, ਕੋਈ ਖੜ੍ਹਾ ਖਲੋਤਾ ਸੁਣਦਾ ਅਤੇ ਕੋਲੋਂ ਦੀ ਤੁਰਿਆ ਤੁਰਿਆ ਜਾਂਦਾ ਝੂੰਮਦਾ ਜਾਂਦਾ। ਤਦੇ ਈ ਤਾਂ ਆਪ ਦੇ ਅਜ਼ੀਜ਼ PAU ਵਾਲੇ ਪ੍ਰੋ. ਗੁਰਭਜਨ ਗਿੱਲ ਨੇ ਕੌਮੀ ਏਕਤਾ ਮਾਸਿਕ ਪੱਤਰ ‘ਚ ਇੱਕ ਲੇਖ ਲਿਖਿਆ ਸੀ: ਲੋਕ ਸੁਰਾਂ ਦਾ ਮੇਲਾ ਯਮਲੇ ਦੇ ਡੇਰੇ ‘ਤੇ। ਮੇਲੀ ਪਤਾ ਨੀ ਕਿਧਰ ਨੂੰ ਤੁਰ ਗਏ ਨੇ ਗੁਰੂ ਜੀ? ਮੇਲੇ ਵਿੱਛੜ ਗਏ ਨੇ। ਦੀਦਾਰ ਸੰਧੂ ਗਾਉਂਦਾ ਹੁੰਦਾ ਸੀ:
ਮੇਲੇ ਪਿੱਛੋਂ ਉਡਦੇ ਲਿਫ਼ਾਫ਼ੇ ਜਿਵੇਂ ਖ਼ਾਲੀ
ਆ ਕੇ ਪੈਰਾਂ ਹੇਠ ਹੁੰਦੇ ਲੀਰੋ ਲੀਰ …
***
ਆਪ ਦੂਰਦਰਸ਼ਨ ‘ਤੇ ਗਾ ਰਹੇ ਹੋ। ਆਪ ਦੇ ਨਾਲ ਆਪ ਦਾ ਭਰਿਆ ਭਕੁੰਨਾ ਪਰਿਵਾਰ ਬੈਠਾ ਹੈ, ਪੰਜੇ ਪੁੱਤਰ, ਪੰਜੇ ਸਾਜ਼ਿੰਦੇ ਅਤੇ ਛੇਵਾਂ ਘੜੇ ‘ਤੇ ਸਾਥ ਦੇ ਰਿਹੈ ਆਪ ਦੇ ਟੱਬਰ ‘ਚੋਂ ਭਤੀਜਾ ਲਗਦਾ ਰੌਣਕੀ ਰਾਮ ਸਨਮ। ਹਾਏ, ਹਾਏ ਹਾਏ! ਭਰਿਆ ਭਰਿਆ ਪਰਿਵਾਰ! ਭਰੇ ਭਰੇ ਸਾਜ਼। ਇੱਕ ਸੁਰ ਹੋਈਆਂ ਸੁਰਾਂ। ਆਪ ਦੇ ਤੂੰਬੇ ਦੀ ਨਿੰਮੀ ਜਿਹੀ ਟੁਣਕਾਰ! ਕਲੇਜੇ ਧੂਹ ਪਈ। ਕਿਥੇ ਚਲੇ ਗਏ ਖੁੱਡੂ ਜਗਵਿੰਦਰ ਹੁਰੀਂ। ਘੁੰਨੇ ਜਸਵਿੰਦਰ ਤੇ ਜਸਦੇਵ ਹੁਰੀਂ। ਜਗਦੀਸ਼ ਤੇ ਕਰਤਾਰ ਹੁਰੀਂ? ਤੈਂ ਐਨੀ ਜਲਦ ਕਿਓਂ ਬੁਲਾ ਲਏ ਆਪਣੇ ਕੋਲ? ਕੀ ਰੱਬ ਦੀ ਦਰਗਾਹ ‘ਚ ਵੀ ਅਖਾੜੇ ਲਾਉਣੇ ਸੀ? ਟੈਲੀਵਿਯਨ ‘ਤੇ ਸਭ ਨੂੰ ਨੇੜਿਓਂ ਵੇਂਹਦਿਆਂ ਰੋਣ ਆ ਗਿਐ।
***
ਪ੍ਰੋਗਰਾਮ ਖ਼ਤਮ ਹੋਇਐ। ਮਾਂ ਰੋਟੀ ਪਕਾਉਣ ਚੁੱਲੇ ਮੂਹਰੇ ਜਾ ਬੈਠੀ ਹੈ। ਹੁਣੇ ਰੋਟੀ ਖਾਣ ਲਈ ਆਵਾਜ਼ ਦੇਵੇਗੀ ਜਿਵੇਂ ਟੈਲੀਵਿਯਨ ਮੂਹਰੇ ਬੈਠੀ ਨੇ ਟੈਲੀਵਿਯਨ ਦੇਖਣ ਨੂੰ ਆਵਾਜ਼ ਦਿੱਤੀ ਸੀ। ਅਜ ਦਾ ਇਹ ਖ਼ਤ ਏਥੇ ਹੀ ਬੰਦ ਕਰਦਾ ਹਾਂ। ਕੁੱਝ ਦਿਨ ਠਹਿਰ ਕੇ ਫ਼ਿਰ ਇੱਕ ਹੋਰ ਖ਼ਤ ਲਿਖਾਂਗਾ। ਜਦ ਤੀਕ ਇਹ ਖ਼ਤ ਆਪ ਕੋਲ ਅੱਪੜ ਗਿਆ ਹੋਵੇਗਾ।
ਬਹੁਤ ਆਦਰ ਨਾਲ:
ਆਪ ਦਾ ਸ਼ਿਸ਼
ਨਿੰਦਰ