ਰੁੱਖੇ-ਮਿੱਸੇ ਸਫ਼ਰ

ਡਾਇਰੀ ਦਾ ਪੰਨਾ
ਨਿੰਦਰ ਘੁਗਿਆਣਵੀ
ਇਸ ਵਾਰੀ ਵਰਧਾ ਜਾਣ ਦਾ ਸਫ਼ਰ ਬੜਾ ਰੁੱਖਾ ਅਤੇ ਫ਼ਿੱਕਾ ਜਿਹਾ ਸੀ। ਇਸ ਲਈ ਰੁੱਖਾ-ਫ਼ਿੱਕਾ ਨਹੀਂ ਸੀ ਕਿਉਂਕਿ ਆਉਂਦੇ ਹਫ਼ਤੇ ਨੂੰ ਇੱਕ ਸਾਲ ਦਾ ਉਥੋਂ ਸਮਾਂ ਪੂਰਾ ਕਰਦਿਆਂ ਯੂਨੀਵਰਸਟੀ ਤੋਂ ਰੀਲੀਵ ਹੋਣਾ ਹੈ, ਪਰ ਬਸ ਉਂਝ ਈ ਨਿੱਕੇ-ਨਿੱਕੇ ਖੁਸ਼ਕ ਜਿਹੇ ਸਬੱਬ ਬਣੀ ਗਏ ਅਤੇ ਮਨ ਚਿੜਾਉਂਦੇ ਰਹੇ। ਰਾਤ ਨੂੰ ਫ਼ਰੀਦਕੋਟੋਂ ਪੰਜਾਬ ਮੇਲ ਚੜ੍ਹ-ਚੜ੍ਹ ਕੇ ਅੱਕ ਗਿਆ ਸੀ ਮਨ। ਦਿੱਲੀ ਸਟੇਸ਼ਨ ਉਤਰਨਾ, ਅਗਾਂਹ ਏਅਰਪੋਰਟ ਨੂੰ ਜਾਣਾ, ਫ਼ਿਰ ਨਾਗਪੁਰ ਉਤਰਨਾ ਅਤੇ ਅੱਗੇ ਵਰਧਾ ਨੂੰ ਜਾਣਾ, ਚਾਹੇ ਕਿ ਦਫ਼ਤਰੀ ਗੱਡੀ ਉਥੋਂ ਆ ਕੇ ਚੁੱਕ ਲਿਜਾਂਦੀ ਸੀ।
ਇਸ ਵਾਰ 17 ਦਸੰਬਰ ਨੂੰ ਪਿੰਡੋਂ ਤੁਰਨਾ ਸੀ, ਸੋਚਿਆ ਕਿ ਪੰਜਾਬ ਮੇਲ ਨਾ ਹੀ ਚੜ੍ਹਾਂ, ਜੇ ਧੁੰਦ ਪੈ ਗਈ ਅਤੇ ਰੇਲ ਲੇਟ ਹੋ ਗਈ ਤਾਂ ਜਹਾਜ਼ ਉਡ ਜਾਊ। ਫ਼ਰੀਦਕੋਟੋਂ ਆਪਣੇ ਭਤੀਜੇ ਥਾਵੇਂ ਲਗਦੇ ਇੱਕ ਟਰੈਵਲ ਏਜੰਟ ਨੂੰ ਆਖਿਆ ਕਿ ਇਸ ਵਾਰ ਇੰਡੋ ਕੈਨੇਡੀਅਨ ਕੋਚ ‘ਚ ਬਿਠਾ ਦੇ। ਉਹਨੇ ਮੋਗੇ ਤੋਂ ਜਾਣ ਦਾ ਪਰਬੰਧ ਕਰ ਦਿੱਤਾ। ਮੋਗੇ ਤੋਂ ਪੱਚੀ ਸੌ ‘ਚ ਏਅਰਪੋਰਟ ਤਕ। ਪਿੰਡੋਂ ਮੋਗੇ ਤਕ ਮੈਂ ਆਪਣੀ ਟੈਕਸੀ ਕਰ ਲਈ, ਦੋ ਹਜ਼ਾਰ ਉਹਨੂੰ ਦਿੱਤਾ ਅਤੇ ਇੰਝ ਇਥੋਂ ਤਕ ਪੰਤਾਲੀ ਸੌ ਬਣ ਗਿਆ। ਜਦ ਲੁਧਿਆਣੇ ਅੱਪੜਿਆ ਤਾਂ ਇੰਡੋ ਕੈਨੇਡੀਅਨ ਦਫ਼ਤਰ ਦੇ ਮੁਲਾਜ਼ਮ ਨੇ ਦੱਸਿਆ, ”ਸਰ, ਫ਼ਰੀਦਕੋਟ ਵੀ ਸਾਡਾ ਦਫ਼ਤਰ ਹੈਗਾ, ਉਥੋਂ ਸਾਡੀਆਂ ਟੈਕਸੀਆਂ ਇਥੋਂ ਤਕ ਲੈ ਕੇ ਆਉਂਦੀਆਂ ਨੇ, ਅਤੇ ਇਥੋਂ ਅੱਗੇ ਕੋਚ ਜਾਂਦੀ ਹੈ, ਤੁਸੀਂ ਉਥੋਂ ਹੀ ਸਿੱਧਾ ਚੜਨਾ ਸੀ।”
ਇਹ ਸੁਣ ਕੇ ਭਤੀਜੇ ਵਰਗੇ ਉਸ ਟਰੈਵਲ ਏਜੰਟ ‘ਤੇ ਦੋ ਪਲ ਲਈ ਗੁੱਸਾ ਵੀ ਆਇਆ ਜੋ ਠੰਢਾ ਪਾਣੀ ਪੀ ਕੇ ਲਾਹਿਆ। ਖ਼ੈਰ, ਜਦ ਮੋਗਿਓਂ ਟੈਕਸੀ ਤੁਰਨ ਲੱਗੀ ਸੀ ਤਾਂ ਉਨ੍ਹਾਂ ਦਾ ਮੁਲਾਜ਼ਮ ਆਂਹਦਾ, ”ਸਰ, ਅਟੈਚੀ ਰੱਖਣ ਦੀ ਸੇਵਾ ਨਿਭਾਈ ਐ, ਕੁੱਝ ਸੇਵਾ ਪਾਣੀ ਕਰ ਦੋ, ਸੁਖ ਨਾਲ ਬਾਹਰਲੇ ਮੁਲਖ ਚੱਲੇ ਓ।”ਸਿਰਫ਼ ਦਸ ਕਿੱਲੋ ਦਾ ਸੀ ਮੇਰਾ ਬੈਗ। ਕਹਿਣ ਤਾਂ ਲੱਗਿਆ ਸਾਂ ਕਿ ਭਰਾਵਾ, ਮੈਂ ਕੇਹੜਾ PR ਲੈਣ ਲਈ ਚੱਲਿਆਂ ਕੈਨੇਡਾ? ਸੋ, ਚੁੱਪ ਕਰ ਕੇ ਸੌ ਰੁਪਿਆ ਫ਼ੜਾ ਦਿੱਤਾ। ਅਤੇ ਬਾਕੀ ਸਵਾਰੀਆਂ ਨੇ ਵੀ ਕਿਸੇ ਨੇ ਸੌ, ਕਿਸੇ ਨੇ ਪੰਜਾਹ ਦਿੱਤੇ। ਜਦ ਲੁਧਿਆਣੇ ਅਟੈਚੀ ਲਾਹ ਕੇ ਰੱਖੇ ਤਾਂ ਡਰਾਈਵਰ ਬੋਲਿਆ, ”ਲਿਆਓ ਜੀ, ਕੋਈ ਮਾੜਾ ਮੋਟਾ ਚਾਹ ਪਾਣੀ।”ਸੌ ਉਹ ਲੈ ਗਿਆ। ਸਾਢੇ ਸੱਤ ਸ਼ਾਮੀ ਤੁਰੀ ਕੋਚ ਏਅਰਪੋਰਟ ਦੋ ਵਜੇ ਰਾਤੀਂ ਆਣ ਲੱਗੀ। ਕੰਡਕਟਰ ਸਾਹਬ ਕਿਹੜਾ ਘੱਟ ਸੀ ਕਿਸੇ ਤੋਂ? ”ਲਿਆਓ ਜੀ, ਬਾਊ ਜੀ ਕੁੱਝ ਮਾਣ ਤਾਣ? ”ਮੈਂ ਖਿਝ ਕੇ ਆਖਿਆ ਕਿ ਪਤੰਦਰੋਂ ਕਿਓਂ ਲੁੱਟ ਪਾਈ ਐ, ਕੁੱਝ ਤਾਂ ਸੋਚੋ ਯਾਰ।
ਬਿਨਾਂ ਉਹਦੇ ਵੱਲ ਵੇਖੇ ਅਟੈਚੀ ਰੋਹੜ ਕੇ ਤੁਰਿਆ। ਮਨ ਵਿੱਚ ਆਇਆ ਕਿ ਬਾਦਲਾਂ ਦੇ ਵਰਕਰਾਂ ਨੂੰ ਉਨਾਂ ਦੀ ਕਿਥੋਂ ਪਾਹ ਲੱਗ ਗਈ ਐ? ਹੱਦ ਈ ਕਰੀ ਆਉਂਦੇ ਨੇ, ਕਦੇ ਸੁਖਬੀਰ ਬਾਦਲ ਇਨਾਂ ਦੀ ਕਲਾਸ ਲਾ ਜਾਵੇ, ਲੈਕਚਰ ਹੀ ਕਰ ਜਾਵੇ ਇਨਾਂ ਨੂੰ ਕੱਠਿਆਂ ਕਰ ਕੇ ਕਿ ਸਾਡੀ ਛਵੀ ਨਾ ਵਿਗਾੜੋ, ਸੁਖ ਨਾਲ ਪਹਿਲਾਂ ਈ ਬਾਬੇ ਦੀ ਫ਼ੁਲ ਕਿਰਪਾ ਐ? ਖ਼ੈਰ! ਏਅਰਪੋਰਟ ਅੰਦਰ ਜਾ ਕੇ ਅੱਖ ਝਪਕਣ ਦੀ ਕੋਸ਼ਿਸ਼ ਕੀਤੀ, ਥੋੜੀ ਬਹੁਤ ਨੀਂਦ ਆਈ। ਨਾ ਆਇਆਂ ਵਰਗੀ।
***
ਜਹਾਜ਼ ਵੇਲੇ ਨਾਲ ਉਡਿਆ। ਜ਼ੋਨ 2 ਅਤੇ ਸੀਟ ਵਿਚਾਲੇ ਆਈ ਇਸ ਵਾਰ। ਨਾਲ ਇੱਕ ਮੋਟਾ ਮਰਾਠਾ ਬੈਠਾ ਸੀ ਅਤੇ ਸੱਜੇ ਪਾਸੇ ਸੁਕੀ ਪਚਲੀ ਇੱਕ ਮਰਾਠਣ। ਮਰਾਠਾ ਪਤੀ ਨੀ ਕਿਥੋਂ ਨੀਂਦਰੇ ਦਾ ਮਾਰਿਆ ਆਇਆ ਕਿ ਦੇਹ ਘੁਰਾੜੇ ‘ਤੇ ਘੁਰਾੜਾ, ਅਤੇ ਮਰਾਠਣ ਤਾਜ਼ੀ ਤਾਜ਼ੀ ਠੰਢ ਨੇ ਘੇਰੀ ਲਗਦੀ ਸੀ, ਖੰਘੇ ਤਾਂ ਸਾਰੀ ਛਾਤੀ ਛਣਕੇ। ਮਾਸਕ ਕੱਢ ਕੇ ਪਾਉਂਦਾ ਹਾਂ ਤਾਂ ਸਾਹ ਘੁਟਦਾ ਹੈ। ਜਹਾਜ਼ ਨੇ ਸ਼ੋਰ ਪਾਇਆ ਅਤੇ ਰਨਵੇਅ ਉਤੇ ਦੋੜਿਆ ਤਾਂ ਪਿਛਿਓਂ ਇੱਕ ਨਿਆਣਾ ਚੰਘਿਆੜਣ ਲੱਗਿਆ, ਮਾਂ ਬਥੇਰਾ ਚੁਪ ਕਰਾਵੇ, ਪਰ ਮੂੰਹ ਮੂੰਹ ‘ਚ ਨਾ ਪਾਵੇ! ਬੜਾ ਢੀਠ ਛੁਹਰ ਸੀ, ਮਾਂ ਪਿਓ ਮਿੰਨਤਾਂ ਕਰਦੇ ਥੱਕ ਗਏ ਕਿ ਚੁਪ ਕਰਜਾ, ਪਰ ਉਹ ਚੰਘਾੜਨੋਂ ਨਾ ਥੱਕਿਆ। ਘੁਰਾੜਿਆਂ, ਖੰਘ ਅਤੇ ਚੰਗਿਆੜਿਆਂ ਨੇ ਮੇਰੇ ਚੰਗਾੜੇ ਕੱਢਤੇ। ਦਿਲ ਕਰੇ ਜੇ ਕੋਲ ਰੱਸਾ ਹੁੰਦਾ ਤਾਂ ਹੇਠਾਂ ਲਮਕ ਜਾਂਦਾ, ਚਾਹੇ ਏਅਰ ਹੋਸਟੈੱਸਾਂ ਲੜੀ ਕਿਓਂ ਨਾ ਜਾਂਦੀਆਂ। ਅੱਗੇ ਤੋਂ ਬੈਗ ‘ਚ ਪੱਕਾ ਈ ਰੱਸਾ ਰੱਖ ਲੈਣੈ, ਸਹੁਰੀ ਐਮਰਜੈਂਸੀ ਬਣ ਈ ਜਾਂਦੀ ਐ। ਰੱਬ-ਰੱਬ ਕਰਦਾ ਨਾਗਪੁਰ ਜਾ ਲੱਥਾ।
—-