ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1506

ਕਲਪਨਾ ਕਰੋ ਕਿ ਤੁਸੀਂ ਹੁਣ ਤਕ ਜਿਹੜਾ ਵਾਹਨ ਚਲਾ ਰਹੇ ਸੀ ਉਹ ਇੱਕ ਪੁਰਾਣਾ, ਲਗਭਗ ਅਕਿਰਿਆਸ਼ੀਲ ਵਾਹਨ ਸੀ। ਹੁਣ ਤੁਹਾਨੂੰ ਇੱਕ ਬਹੁਤ ਹੀ ਵੱਖਰੀ ਕਿਸਮ ਦੀ ਕਾਰ ਦਿੱਤੀ ਗਈ ਹੈ। ਜੇਕਰ ਤੁਸੀਂ ਇਸ ਨੂੰ ਉਸੇ ਪੁਰਾਣੇ ਤਰੀਕੇ ਨਾਲ ਚਲਾਉਂਦੇ ਰਹੋਗੇ, ਤੁਹਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਪਹੀਏ ਦਾ ਮਾਮੂਲੀ ਜਿਹਾ ਘੁਮਾ ਹੁਣ ਤੁਹਾਡੇ ਲਈ ਦਿਸ਼ਾ ਦਾ ਇੱਕ ਵੱਡਾ ਬਦਲਾਅ ਲਿਆਏਗਾ। ਪੈਡਲਾਂ ‘ਤੇ ਹਲਕਾ ਜਿਹਾ ਦਬਾਅ ਤੁਹਾਨੂੰ ਤੇਜ਼ੀ ਨਾਲ ਅੱਗੇ ਵਧਣ ਜਾਂ ਰੁਕਣ ਲਈ ਟਾਇਰਾਂ ਦੀਆਂ ਚੀਕਾਂ ਕਢਾਉਣ ‘ਤੇ ਮਜਬੂਰ ਕਰੇਗਾ। ਅਸਮਾਨ ਸੁਝਾਅ ਰਿਹੈ ਕਿ ਤੁਹਾਡਾ ਬ੍ਰਹਿਮੰਡੀ ਮਾਹੌਲ ਬਦਲਣਾ ਸ਼ੁਰੂ ਹੋ ਚੁੱਕੈ। ਲੰਘਦੇ ਹੋਏ ਥੋੜ੍ਹੇ ਜਿੰਨੇ ਤਨਾਅ ਮਗਰੋਂ, ਤੁਸੀਂ ਆਸਾਨ ਤਰੱਕੀ ਦੀ ਉਮੀਦ ਨਾਲ ਅੱਗੇ ਵਧਣ ਦੇ ਯੋਗ ਹੋ ਜਾਵੋਗੇ।
ਕੀ ਤੁਸੀਂ ਇਹ ਸਭ ਕੁੱਝ ਪ੍ਰਾਪਤ ਕਰਨਾ ਚਾਹੁੰਦੇ ਹੋ? ਸ਼ਾਇਦ ਨਹੀਂ। ਸਥਿਰਤਾ, ਸਾਦਾਪਨ ਅਤੇ ਸਧਾਰਣਤਾ, ਤੁਹਾਡੇ ਲਈ ਵਧੀਆ ਰਹਿਣਗੇ। ਕੀ ਇਹ ਸੱਚਮੁੱਚ ਤੁਹਾਡੀ ਪਹੁੰਚ ਤੋਂ ਓਨਾ ਹੀ ਦੂਰ ਹੈ ਜਿੰਨਾ ਤੁਹਾਨੂੰ ਡਰ ਹੈ? ਸਾਨੂੰ ਯਾਦ ਰੱਖਣਾ ਚਾਹੀਦੈ ਕਿ ਇਸ ਸੰਸਾਰ ‘ਚ ਕੋਈ ਵੀ ਵਿਅਕਤੀ ਅਸਲ ਭਾਵਨਾਤਮਕ ਸੁਰੱਖਿਆ ਦਾ ਆਨੰਦ ਨਹੀਂ ਮਾਣਦਾ। ਹਮੇਸ਼ਾ ਇੱਕ ਜੋਖ਼ਮ ਹੁੰਦਾ ਹੈ ਕਿ ਕੁੱਝ ਗ਼ਲਤ ਹੋ ਜਾਵੇਗਾ। ਹਮੇਸ਼ਾ ਇੱਕ ਮੌਕਾ ਹੁੰਦਾ ਹੈ ਕਿ ਚੀਜ਼ਾਂ ਬਦਲ ਜਾਣਗੀਆਂ। ਜਿਵੇਂ ਪਿਆਰ ਨਾਲ ਹੁੰਦਾ ਹੈ, ਉਸੇ ਤਰ੍ਹਾਂ ਪੈਸੇ ਅਤੇ ਉਸ ਸਭ ਕੁੱਝ ਨਾਲ ਵੀ ਜਿਸ ਦੀ ਅਸੀਂ ਕਦਰ ਕਰਦੇ ਹਾਂ ਅਤੇ ਜਿਸ ਦਾ ਅਸੀਂ ਪਿੱਛਾ ਕਰਦੇ ਹਾਂ। ਆਸਮਾਨ ਇਸ ਵਕਤ ਚੈਨ ਪ੍ਰਾਪਤੀ ਦੀ ਤੁਹਾਡੀ ਤਾਂਘ ਦਾ ਜ਼ਿਕਰ ਛੇੜ ਰਿਹੈ। ਤੁਸੀਂ ਉਸ ਨੂੰ ਹਾਸਿਲ ਕਰ ਸਕਦੇ ਹੋ; ਉਹ ਪ੍ਰਾਪਤੀਯੋਗ ਹੈ ਅਤੇ ਉਪਲਬਧ ਵੀ, ਪਰ ਕੇਵਲ ਓਦੋਂ ਜਦੋਂ ਇੱਕ ਵਾਰ ਤੁਸੀਂ ਇਹ ਪਛਾਣ ਲਵੋਗੇ ਕਿ ਅਸਲ ‘ਚ ਇਹ ਮਨ ਦੀ ਕੇਵਲ ਇੱਕ ਅਵਸਥਾ ਹੈ।
ਤੁਸੀਂ ਕਿਸ ਕੰਮ ‘ਚ ਚੰਗੇ ਹੋ? ਇਸ ਸਵਾਲ ਦੇ ਨਾਲ ਸਮੱਸਿਆ ਕੇਵਲ ਇੰਨੀ ਹੈ ਕਿ ਇਹ ਸਾਨੂੰ ਸਿਰਫ਼ ਇੱਕ ਸਧਾਰਣ ਜਵਾਬ ਤਕ ਨਹੀਂ ਪਹੁੰਚਾਉਂਦਾ। ਤੁਹਾਡੇ ਕੋਲ ਪ੍ਰਯੋਗ ‘ਚ ਲਿਆਉਣ ਲਈ ਬਹੁਤ ਸਾਰੀਆਂ ਯੋਗਤਾਵਾਂ ਹਨ। ਤੁਸੀਂ ਇਸ ਵਕਤ ਜੋ ਕਰ ਰਹੇ ਹੋ, ਉਹ ਇਸ ਲਈ ਕਰ ਰਹੇ ਹੋ ਕਿਉਂਕਿ ਹਾਲਾਤ ਨੇ ਆਪਣੇ ਆਪ ਨੂੰ ਇਸ ਤਰੀਕੇ ਨਾਲ ਵਿਵਸਥਿਤ ਕੀਤਾ ਕਿ ਤੁਹਾਨੂੰ ਇਹ ਕਰਨ ਦੀ ਲੋੜ ਪਈ। ਫ਼ਿਰ ਵੀ ਜੇ ਹਾਲਾਤ ਵੱਖਰੇ ਹੁੰਦੇ ਤਾਂ ਤੁਸੀਂ ਕੁੱਝ ਹੋਰ ਕਰਦੇ ਹੋਣਾ ਸੀ – ਅਤੇ ਉਹ ਵੀ ਬਹੁਤ ਹੀ ਵਧੀਆ ਢੰਗ ਨਾਲ। ਕੀ ਤੁਹਾਨੂੰ ਆਪਣੇ ਹਾਲਾਤ ਬਦਲਣੇ ਚਾਹੀਦੇ ਨੇ? ਜਾਂ ਫ਼ਿਰ ਕੀ ਤੁਹਾਨੂੰ ਇੰਤਜ਼ਾਰ ਕਰਨਾ ਚਾਹੀਦੈ ਜਦੋਂ ਤਕ ਉਹ ਸਮੇਂ ਨਾਲ ਖ਼ੁਦ-ਬ-ਖ਼ੁਦ ਨਹੀਂ ਬਦਲ ਜਾਂਦੇ? ਤੁਹਾਡੇ ਕੋਲ ਇੱਕ ਚੋਣ ਹੈ। ਅਸੁਰੱਖਿਅਤ ਮਹਿਸੂਸ ਕਰਨ ਦੀ ਕੋਈ ਲੋੜ ਨਹੀਂ। ਤੁਹਾਡੇ ਆਲੇ ਦੁਆਲੇ ਦੀ ਹਰ ਸ਼ੈਅ ਸਹਾਇਤਾ ਦਾ ਇੱਕ ਵਾਅਦਾ ਹੈ।
ਮਨੁੱਖ ਗ਼ਲਤੀਆਂ ਦਾ ਪੁਤਲਾ ਹੈ, ਸੋ ਗ਼ਲਤੀਆਂ ਕਰਨਾ ਉਸ ਦੇ ਸੁਭਾਅ ‘ਚ ਸ਼ਾਮਿਲ ਹੈ। ਅਤੇ ਮੁਆਫ਼ ਕਰਨ ਦੇ ਮਾਮਲੇ ‘ਚ? ਖ਼ੈਰ, ਕਿਉਂਕਿ ਤੁਸੀਂ ਕੋਈ ਜੀਵਿਤ ਦੇਵਤਾ ਨਹੀਂ, ਕੀ ਤੁਹਾਨੂੰ ਬ੍ਰਹਮ ਗੁਣਾਂ ਨੂੰ ਸੱਦਾ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ? ਕਿਸੇ ਵਿਅਕਤੀ ਨੂੰ ਜਾਂ ਕਿਸੇ ਵੀ ਚੀਜ਼ ਨੂੰ ਮੁਆਫ਼ ਕਰਨ ਦੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਤੁਹਾਡੇ ਅੰਦਰ ਜਿਹੜੀ ਨਾਰਾਜ਼ਗੀ ਜਾਂ ਜਿਹੜਾ ਗੁੱਸਾ ਹੈ, ਤੁਹਾਨੂੰ ਉਸ ਨੂੰ ਉਸ ਦੇ ਆਖ਼ਰੀ ਅੰਸ਼ ਤਕ ਮਹਿਸੂਸ ਕਰਨ ਦਾ ਹੱਕ ਹੈ। ਸਵਾਲ, ਪਰ, ਇਹ ਹੈ ਕਿ ਇਸ ਨਾਲ ਤੁਹਾਨੂੰ ਲਾਭ ਕੀ ਹੋਵੇਗਾ? ਮੁਆਫ਼ ਕਰਨ ਦੀ ਕੋਸ਼ਿਸ਼, ਭਾਵੇਂ ਇਹ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਕਰਨੀ ਤੁਹਾਨੂੰ ਆਸਾਨ ਲੱਗਦੀ ਹੈ, ਤੁਹਾਨੂੰ ਖ਼ੁਦ ਬਾਰੇ ਬਿਹਤਰ ਮਹਿਸੂਸ ਕਰਵਾਏਗੀ। ਜੇ ਤੁਸੀਂ ਕੋਸ਼ਿਸ਼ ਕਰੋ ਤਾਂ ਤੁਸੀਂ ਮੁਆਫ਼ ਕਰ ਸਕਦੇ ਹੋ। ਜੋ ਤੁਸੀਂ ਨਹੀਂ ਕਰ ਸਕਦੇ (ਅਤੇ ਤੁਹਾਨੂੰ ਕਰਨਾ ਵੀ ਨਹੀਂ ਚਾਹੀਦਾ), ਉਹ ਹੈ ਭੁੱਲ ਜਾਣਾ। ਪਰ ਤੁਹਾਨੂੰ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਅਤੇ ਛੇਤੀ ਹੀ ਤੁਸੀਂ ਉਹ ਕਰਨ ਵਾਲੇ ਹੋ।
ਛਾਲ ਮਾਰੋ! ਓਹ ਸੌਰੀ, ਕੀ ਮੈਂ ਸੱਚਮੁੱਚ ਤੁਹਾਨੂੰ ਅਜਿਹਾ ਕਰਨ ਨੂੰ ਕਿਹੈ? ਕਿੰਨੀ ਕਾਹਲੀ ਸੀ ਉਹ ਮੇਰੀ। ਮੈਂ ਮੁਆਫ਼ੀ ਚਾਹੁੰਦਾਂ। ਮੇਰੀ ਕਹਿਣ ਤੋਂ ਮੁਰਾਦ ਇਹ ਸੀ, ਸੱਚੀ, ਕਿ ਕਿਉਂ ਨਾ ਬੈਠ ਕੇ ਇਸ ਬਾਰੇ ਗੱਲ ਕੀਤੀ ਜਾਵੇ ਕਿ ਛਾਲ ਮਾਰਣੀ ਹੈ ਜਾਂ ਨਹੀਂ? ਕਿਉਂ ਨਾ ਇਸ ਬਾਰੇ ਓਦੋਂ ਤਕ ਗੱਲ ਕਰੀਏ ਜਦੋਂ ਤਕ ਅਸੀਂ ਥੱਕ ਕੇ ਚੂਰ ਨਹੀਂ ਹੋ ਜਾਂਦੇ? ਕਿਉਂ ਨਾ ਦੂਜਿਆਂ ਤੋਂ ਉਨ੍ਹਾਂ ਦੀ ਰਾਏ ਪੁੱਛੀਏ? ਕਿਉਂ ਨਾ ਇੱਕ ਵਿਵਹਾਰਕਤਾ ਅਧਿਐਨ ਕਰਵਾਈਏ? ਕਿਉਂ ਨਾ ਚੋਟੀ ਦੇ ਸਲਾਹਕਾਰਾਂ ਦੀ ਇੱਕ ਫ਼ਰਮ ਨੂੰ ਹਾਇਰ ਕਰ ਕੇ ਉਨ੍ਹਾਂ ਤੋਂ ਗੁੰਝਲਦਾਰ ਰੀਪੋਰਟਾਂ ਦੀ ਇੱਕ ਲੜੀ ਦਾ ਵਿਸ਼ਲੇਸ਼ਣ ਕਰਵਾਈਏ? ਇੱਕ ਕਮੇਟੀ ਕਿਉਂ ਨਾ ਬਣਾ ਲਈਏ? ਉਬਾਸੀ। ਜਦੋਂ ਇਹ ਖ਼ਤਮ ਹੋ ਜਾਵੇ ਤਾਂ ਮੈਨੂੰ ਜਗਾ ਦੇਈਓ। ਮੈਨੂੰ ਨੀਂਦ ਆਉਣ ਲੱਗੀ ਹੈ। ਮੈਂ ਤਾਂ ਪਹਿਲੇ ਵਾਕ ‘ਚ ਹੀ ਆਪਣੀ ਸਲਾਹ ਦੇ ਦਿੱਤੀ ਸੀ। ਉਸ ਨੂੰ ਲਓ ਜਾਂ ਛੱਡ ਦਿਓ।