ਬੌਲੀਵੁਡ ਅਦਾਕਾਰ ਰਣਦੀਪ ਹੁੱਡਾ ਨੇ ਡਿਪ੍ਰੈਸ਼ਨ ਨੂੰ ਲੈ ਕੇ ਇੱਕ ਵੱਡਾ ਖ਼ੁਲਾਸਾ ਕੀਤਾ ਹੈ। ਰਣਦੀਪ ਨੇ ਦੱਸਿਆ ਕਿ ਕਿਵੇਂ ਉਸ ਦੀ ਫ਼ਿਲਮ ਬੈਟਲ ਔਫ਼ ਸਾਰਾਗੜ੍ਹੀ ਡੱਬਾ ਬੰਦ ਹੋ ਗਈ ਸੀ, ਅਤੇ ਉਸ ਤੋਂ ਬਾਅਦ ਉਹ ਤਨਾਅ ਦਾ ਸ਼ਿਕਾਰ ਹੋ ਗਿਆ। ਉਸ ਦੀ ਹਾਲਤ ਇੰਨੀ ਮਾੜੀ ਹੋ ਗਈ ਸੀ ਕਿ ਮਾਪਿਆਂ ਨੇ ਵੀ ਆਪਣੇ ਪੁੱਤਰ ਨੂੰ ਇਕੱਲਾ ਨਹੀਂ ਛੱਡਿਆ। ਦਰਅਸਲ ਰਣਦੀਪ ਹੁੱਡਾ ਅਤੇ ਰਾਜਕੁਮਾਰ ਸੰਤੋਸ਼ੀ ਮਿਲ ਕੇ ਇੱਕ ਇਤਿਹਾਸਕ ਫ਼ਿਲਮ ਬੈਟਲ ਔਫ਼ ਸਾਰਾਗੜ੍ਹੀ ਬਣਾ ਰਹੇ ਸਨ। ਇਹ ਫ਼ਿਲਮ ਅਕਸ਼ੇ ਕੁਮਾਰ ਦੀ ਵਜ੍ਹਾ ਨਾਲ ਲਟਕ ਗਈ ਸੀ, ਅਤੇ ਇਸ ਗੱਲ ਦਾ ਅਸਰ ਰਣਦੀਪ ਹੁੱਡਾ ਦੀ ਸਿਹਤ ‘ਤੇ ਪਿਆ।
ਹੋਇਆ ਇੰਝ ਕਿ ਅਕਸ਼ੇ ਕੁਮਾਰ ਸਾਲ 2018 ‘ਚ ਸਾਰਾਗੜ੍ਹੀ ਵਾਰ ‘ਤੇ ਫ਼ਿਲਮ ਕੇਸਰੀ ਵੀ ਲੈ ਕੇ ਆਇਆ ਸੀ ਜਿਸ ‘ਚ ਉਸ ਨਾਲ ਪਰਿਣੀਤੀ ਚੋਪੜਾ ਨਜ਼ਰ ਆਈ ਸੀ। ਇਹ ਫ਼ਿਲਮ ਬੌਕਸ ਔਫ਼ਿਸ ‘ਤੇ ਹਿੱਟ ਹੋ ਗਈ ਸੀ, ਪਰ ਰਣਦੀਪ ਹੁੱਡਾ ਅਤੇ ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ ਡੱਬਾਬੰਦ ਹੋ ਗਈ।
ਬੈਟਲ ਔਫ਼ ਸਾਰਾਗੜ੍ਹੀ ਕਿਉਂ ਕੀਤੀ ਡੱਬਾਬੰਦ
ਰਣਦੀਪ ਹੁੱਡਾ ਦੀ ਫ਼ਿਲਮ ਦਾ ਵਿਸ਼ਾ ਵੀ ਸਾਰਾਗੜ੍ਹੀ ਦੀ ਜੰਗ ਸੀ। ਅਜਿਹੇ ‘ਚ ਦਰਸ਼ਕਾਂ ਨੇ ਅਕਸ਼ੇ ਕੁਮਾਰ ਦੀ ਕੇਸਰੀ ਪਹਿਲਾਂ ਹੀ ਦੇਖ ਲਈ ਸੀ। ਫ਼ਿਰ ਬੈਟਲ ਔਫ਼ ਸਾਰਾਗੜ੍ਹੀ ਰਿਲੀਜ਼ ਨਾ ਹੋ ਸਕੀ ਅਤੇ ਫ਼ਿਲਮ ਲਟਕ ਗਈ।
ਹੁੱਡਾ ਚਲਾ ਗਿਆ ਸੀ
ਖ਼ਤਰਨਾਕ ਡਿਪ੍ਰੈਸ਼ਨ ‘ਚ
ਹੁਣ ਰਣਦੀਪ ਹੁੱਡਾ ਨੇ ਸਾਲਾਂ ਬਾਅਦ Mashable India ਨੂੰ ਦਿੱਤੇ ਇੱਕ ਇੰਟਰਵਿਊ ‘ਚ ਇਹ ਕਹਾਣੀ ਸਾਂਝੀ ਕੀਤੀ। ਰਣਦੀਪ ਹੁੱਡਾ ਨੇ ਕਿਹਾ, ”ਜਦੋਂ ਬੈਟਲ ਔਫ਼ ਸਾਰਾਗੜ੍ਹੀ ਰਿਲੀਜ਼ ਨਹੀਂ ਹੋਈ ਤਾਂ ਉਸ ਨੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ। ਮੈਂ ਉਸ ਪ੍ਰੌਜੈਕਟ ਨੂੰ ਤਿੰਨ ਸਾਲ ਦਾ ਸਮਾਂ ਦਿੱਤਾ ਸੀ। ਅਜਿਹੀ ਹਾਲਤ ‘ਚ ਮੈਂ ਡਿਪ੍ਰੈਸ਼ਨ ਦੇ ਇੱਕ ਵੱਡੇ ਪੜਾਅ ‘ਤੇ ਪਹੁੰਚ ਗਿਆ ਸੀ।
ਡਰ ‘ਚ ਹੀ ਬੀਤੇ
ਰਣਦੀਪ ਹੁੱਡਾ ਦੇ ਦਿਨ
ਆਪਣੀ ਹਾਲਤ ਬਾਰੇ ਗੱਲ ਕਰਦਿਆਂ ਰਣਦੀਪ ਹੁੱਡਾ ਨੇ ਕਿਹਾ ਕਿ ਉਹ ਹਮੇਸ਼ਾ ਚੁੱਪ ਰਹਿੰਦਾ ਸੀ। ਉਸ ਦੇ ਮਾਪਿਆਂ ਨੇ ਵੀ ਉਸ ਨੂੰ ਇਕੱਲਾ ਨਹੀਂ ਛੱਡਿਆ। ਉਹ ਆਪਣੇ ਆਪ ਨੂੰ ਆਪਣੇ ਕਮਰੇ ‘ਚ ਬੰਦ ਕਰ ਕੇ ਰੱਖਦਾ ਸੀ। ਉਸ ਨੂੰ ਡਰ ਸੀ ਕਿ ਕੋਈ ਉਸ ਦੀ ਦਾੜ੍ਹੀ-ਮੁੱਛਾਂ ਕੱਟ ਦੇਵੇਗਾ ਜੋ ਉਸ ਨੇ ਫ਼ਿਲਮ ‘ਚ ਇੱਕ ਸਿੱਖ ਫ਼ੌਜੀ ਦਾ ਕਿਰਦਾਰ ਨਿਭਾਉਣ ਲਈ ਵਧਾਏ ਸਨ। ਓਦੋਂ ਹੀ ਉਸ ਨੇ ਫ਼ੈਸਲਾ ਕਰ ਲਿਆ ਸੀ ਕਿ ਉਹ ਆਪਣੇ ਨਾਲ ਅਜਿਹਾ ਦੁਬਾਰਾ ਨਹੀਂ ਹੋਣ ਦੇਵੇਗਾ।
2016 ‘ਚ ਹੋਇਆ ਸੀ
ਨਿਰਮਾਣ ਦਾ ਐਲਾਨ
ਬੈਟਲ ਔਫ਼ ਸਾਰਾਗੜ੍ਹੀ ਦਾ ਐਲਾਨ ਸਾਲ 2016 ‘ਚ ਕੀਤਾ ਗਿਆ ਸੀ। ਇਹ ਫ਼ਿਲਮ ਸਾਲ 2019 ‘ਚ ਰਿਲੀਜ਼ ਹੋਣੀ ਸੀ, ਪਰ ਇਸ ਤੋਂ ਪਹਿਲਾਂ ਹੀ ਅਕਸ਼ੇ ਕੁਮਾਰ ਦੀ ਕੇਸਰੀ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ, ਅਤੇ ਰਣਦੀਪ ਹੁੱਡਾ ਦੀ ਫ਼ਿਲਮ ਦਾ ਪੈਕਅੱਪ ਹੋ ਗਿਆ।











