ਉੱਘੀ ਅਦਾਕਾਰਾ ਤਬੂ ਨੇ ਕਿਹਾ ਕਿ ਫ਼ਿਲਮ ਖ਼ੁਫ਼ੀਆ ‘ਚ ਉਸ ਨੂੰ ਬਾਕੀ ਸਟਾਰ ਕਾਸਟ ਨਾਲੋਂ ਪਹਿਲਾਂ ਚੁਣ ਲਿਆ ਗਿਆ ਸੀ, ਅਤੇ ਇਸੇ ਕਾਰਨ ਉਹ ਲੰਮੇ ਸਮੇਂ ਤੋਂ ਇਸ ਫ਼ਿਲਮ ਨਾਲ ਜੁੜੀ ਹੋਈ ਹੈ। ਅਦਾਕਾਰਾ ਨੇ ਦੱਸਿਆ ਕਿ ਕਿਸੇ ਕਿਰਦਾਰ ‘ਚ ਖੁੱਭ ਜਾਣਾ ਜਾਂ ਗੰਭੀਰਤਾ ਨਾਲ ਨਿਭਾਉਣਾ ਹਮੇਸ਼ਾ ਚੁਣੌਤੀਪੂਰਨ ਅਤੇ ਸ਼ਾਨਦਾਰ ਅਨੁਭਵ ਹੁੰਦਾ ਹੈ। ਇਸ ਫ਼ਿਲਮ ‘ਚ ਤਬੂ ਨੂੰ ਰਾਅ ਦੀ ਇੱਕ ਏਜੰਟ ਵਜੋਂ ਦਿਖਾਇਆ ਗਿਆ ਹੈ ਜਿਸ ਲਈ ਉਸ ਦਾ ਕੰਮ ਅਤੇ ਦੇਸ਼ ਸਭ ਤੋਂ ਪਹਿਲਾਂ ਹੁੰਦਾ ਹੈ। ਫ਼ਿਲਮ ‘ਚ ਤਬੂ ਮਹਿਜ਼ ਇੱਕ ਖ਼ੁਫ਼ੀਆ ਏਜੰਟ ਹੀ ਨਹੀਂ ਸਗੋਂ ਪਿਆਰ ਕਰਨ ਵਾਲੀ ਮਾਂ ਅਤੇ ਇੱਕ ਵਚਨਬੱਧ ਸਾਥੀ ਵਜੋਂ ਵੀ ਵਿਚਰਦੀ ਹੈ। ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਤਬੂ ਨੇ ਕਿਹਾ, ”ਮੇਰਾ ਇਸ ਫ਼ਿਲਮ ਨਾਲ ਕਾਫ਼ੀ ਲਗਾਅ ਹੈ।” ਫ਼ਿਲਮ ਖੁਫ਼ੀਆ ਵਿਸ਼ਾਲ ਭਾਰਦਵਾਜ ਵਲੋਂ ਬਣਾਈ ਗਈ ਹੈ। ਇਸ ਫ਼ਿਲਮ ‘ਚ ਵਾਮਿਕਾ ਗੱਬੀ ਅਤੇ ਅਲੀ ਫ਼ਜ਼ਲ ਨੇ ਵੀ ਕੰਮ ਕੀਤਾ ਹੈ। ਫ਼ਿਲਮ ਪੰਜ ਅਕਤੂਬਰ ਤੋਂ ਨੈੱਟਫ਼ਲਿਕਸ ‘ਤੇ ਦਿਖਾਈ ਜਾਵੇਗੀ।











