ਮਾਛੀਵਾੜਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਛੱਠ ਪੂਜਾ ਦਾ ਪਵਿੱਤਰ ਤਿਉਹਾਰ

ਮਾਛੀਵਾੜਾ ਸਾਹਿਬ : ਮਾਛੀਵਾੜਾ ਵਿਖੇ ਛੱਠ ਪੂਜਾ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅੱਜ ਤੜਕਸਾਰ ਨਗਰ ਦੇ ਗੜ੍ਹੀ ਪੁਲ ਵਿਖੇ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਇਕੱਠੇ ਹੋਏ। ਇਸ ਦੌਰਾਨ ਔਰਤਾਂ ਸਮੇਤ ਹੋਰ ਸ਼ਰਧਾਲੂਆਂ ਨੇ ਠੰਡੇ ਪਾਣੀ ‘ਚ ਖੜ੍ਹੇ ਹੋ ਕੇ ਚੜ੍ਹਦੇ ਸੂਰਜ ਦੇਵਤਾ ਦੇ ਦਰਸ਼ਨ ਕਰਨ ਦੀ ਉਡੀਕ ਕੀਤੀ ਅਤੇ ਸੂਰਜ ਦੇਵਤਾ ਨੂੰ ਅਰਘ ਭੇਂਟ ਕਰਕੇ ਆਪਣਾ ਕਈ ਦਿਨਾਂ ਤੋਂ ਚੱਲ ਰਿਹਾ ਵਰਤ ਸੰਪੂਰਨ ਕੀਤਾ। ਇਸ ਮੌਕੇ ਸ਼ਰਧਾਲੂ ਆਪਣੇ ਨਾਲ ਪੂਜਾ ਦਾ ਸਾਜੋ-ਸਮਾਨ, ਫਲ ਅਤੇ ਹੋਰ ਪੂਜਾ ਸਮੱਗਰੀ ਲੈ ਕੇ ਘਾਟ ਵਿਖੇ ਪਹੁੰਚੇ ਹੋਏ ਸਨ। ਛੱਠ ਪੂਜਾ ਨੂੰ ਲੈ ਕੇ ਘਾਟ ਨੂੰ ਬੜੇ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਅਤੇ ਸਵੇਰ ਸਮੇਂ ਆਤਿਸ਼ਬਾਜ਼ੀ ਵੀ ਕੀਤੀ ਗਈ, ਜਿਸ ਨਾਲ ਪੂਰੇ ਮਾਹੌਲ ‘ਚ ਧਾਰਮਿਕ ਉਤਸ਼ਾਹ ਦੇਖਣ ਨੂੰ ਮਿਲਿਆ।
ਜਿਵੇਂ ਹੀ ਸੂਰਜ ਦੇਵਤਾ ਨੇ ਉਦੈ ਹੋ ਕੇ ਆਪਣੀ ਲਾਲੀ ਬਿਖੇਰੀ ਤਾਂ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਨਾਲ ਪੂਜਾ ਅਰਚਨਾ ਕੀਤੀ। ਇਸ ਉਪਰੰਤ ਔਰਤਾਂ ਨੇ ਆਪਣਾ ਵਰਤ ਖੋਲ੍ਹਿਆ। ਜ਼ਿਕਰਯੋਗ ਹੈ ਕਿ ਛੱਠ ਪੂਜਾ ਦਾ ਇਹ ਵਰਤ ਮੁੱਖ ਤੌਰ ‘ਤੇ ਔਰਤਾਂ ਵੱਲੋਂ ਆਪਣੇ ਬੱਚਿਆਂ ਦੀ ਤੰਦਰੁਸਤੀ, ਪਤੀ ਦੀ ਲੰਬੀ ਉਮਰ ਅਤੇ ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਲਈ ਬੜੀ ਸ਼ਰਧਾ ਨਾਲ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਮਾਛੀਵਾੜਾ ਵਿਖੇ ਛੱਠ ਪੂਜਾ ਦਾ ਤਿਉਹਾਰ ਧਾਰਮਿਕ ਸ਼ਰਧਾ, ਭਾਈਚਾਰਕ ਸਾਂਝ ਅਤੇ ਉਤਸ਼ਾਹ ਦੇ ਮਾਹੌਲ ‘ਚ ਸੰਪੰਨ ਹੋਇਆ।