ਯਾਦਾਂ ਦਾ ਝਰੋਖਾ – 24

ਡਾ. ਕੇਵਲ ਅਰੋੜਾ
ਘੋੜੀਆਂ ਵਾਲਾ ਬਾਬਾ – 2
ਅਜਮੇਰ ਰਾਤ ਕੱਟ ਕੇ ਅਗਲੇ ਦਿਨ ਫ਼ਿਰ ਅਸੀਂ ਪੁਸ਼ਕਰ ਪਹੁੰਚ ਗਏ। ਘੋੜੀਆਂ ਵਾਲਿਆਂ ਨੂੰ ਮਿਲਣ ਦਾ ਸਿਲਸਿਲਾ ਫ਼ੇਰ ਸ਼ੁਰੂ ਕਰ ਦਿੱਤਾ, ਪਹਿਲਾਂ ਅਸੀਂ ਅਪਣੀਂ ਜਾਣ ਪਹਿਚਾਣ ਕਰਾਉਂਦੇ, ਕੌਮੀ ਪਸ਼ੂ-ਧਨ ਮੇਲੇ ਬਾਰੇ ਦੱਸਦੇ ਅਤੇ ਲਿਟਰੇਚਰ ਫ਼ੜ੍ਹਾ ਕੇ ਆਉਣ ਲਈ ਸੱਦਾ ਦਿੰਦੇ। ਊਠ ਵੀ ਮੇਲੇ ‘ਚ ਬਹੁਤ ਆਏ ਹੋਏ ਸਨ, ਊਠਾਂ ਵਾਲਿਆਂ ਨੂੰ ਵੀ ਮਿਲਣ ਲਈ ਸਮਾਂ ਕੱਢਣਾ ਸੀ ਬੇਸ਼ੱਕ ਸਾਡੇ ਕੋਲ ਊਠਾਂ ਦੀ ਸਜਾਵਟ ਅਤੇ ਨਾਚ ਦੇ ਮੁਕਾਬਲੇ ਸਨ। ਘੋੜਿਆਂ ਵਾਲੇ ਜੰਗਲਾਂ ‘ਚ ਮੰਗਲ ਲਾ ਦਿੰਦੇ ਨੇ, ਚਾਹ ਪਾਣੀ ਦੀ ਸੇਵਾ ਵੀ ਕਾਫ਼ੀ ਕਰਦੇ ਆ, ਰਾਜਸਥਾਨੀ ਲੋਕਾਂ ‘ਚ ਹੁੱਕੇ ਦਾ ਕਾਫ਼ੀ ਕਰੇਜ਼ ਐ ਜਿਵੇਂ ਪੰਜਾਬੀਆਂ ਨੂੰ ਸ਼ਰਾਬ ਦਾ। ਡਾਕਟਰ ਅਮਰਜੀਤ ਸਿੰਘ, ਜੋ ਸਾਡੇ ਸਾਦਿਕ ਵੀ ਉਹ ਰਹਿ ਕੇ ਗਏ ਸਨ, ਉਸ ਵੇਲੇ ਸਾਡੇ ਮਹਿਕਮੇ ਦੇ JD ਸਨ। ਅਬਾਰ ਬਾਰ ਕਹਿ ਰਹੇ ਸਨ ਕਿ ਇਥੇ ਲੋਕਲ ਪਸ਼ੂ ਪਾਲਣ ਵਿਭਾਗ ਨੂੰ ਸੰਪਰਕ ਕਰੋ ਤੇ ਉਹ ਤੁਹਾਡੀ ਮੱਦਦ ਕਰਨਗੇ। ਮੈਂ ਉਹਨਾਂ ਨੂੰ ਕਿਹਾ, ਰੈੱਸਟ ਹਾਊਸ ਬੁੱਕ ਕਰਾ ਕੇ ਦੇਣਗੇ ਤੁਹਾਨੂੰ। ਡਾ. ਸਾਹਿਬ ਨੂੰ ਪੇਕਿਆਂ ਜਿਨਾਂ ਮਾਣ ਸੀ ਉਹਨਾਂ ‘ਤੇ ਕਿਉਂਕਿ ਉਹ ਰਾਜਸਥਾਨ ਦੇ ਜੰਮਪਲ ਸਨ ਅਤੇ ਬੀਕਾਨੇਰ ਤੋਂ ਗਰੇਜੂਏਟ ਵੀ। ਮੈਂ ਡਾਕਟਰ ਸੁਖਦੇਵ ਨੂੰ ਕਿਹਾ ਕਿ ਚਲੋ ਆਪਾਂ ਜਾ ਕੇ ਮਿਲ ਆਈਏ। ਡਾ. ਸੁਖਦੇਵ, ਡਾ. ਗੁਰਦਿੱਤ ਅਤੇ ਮੈਂ ਉਹਨਾਂ ਦੇ ਦਫ਼ਤਰ ਪਹੁੰਚ ਗਏ। ਉਹਨਾਂ ਦੇ ਅਫ਼ਸਰ ਅਪਣੇ ਕੰਮ ‘ਚ ਲੱਗੇ ਹੋਏ ਸਨ, ਅਤੇ ਅਸੀਂ ਬਾਹਰੋਂ ਉਹਨਾਂ ਦੇ ਸੇਵਾਦਾਰ ਦੇ ਹੱਥ ਅਪਣੀਂ ਚਿੱਟ ਭੇਜ ਦਿੱਤੀ। ਪੰਦਰਾਂ ਵੀਹ ਮਿੰਟ ਉਡੀਕਣ ਤੋਂ ਬਾਅਦ ਅਸੀਂ ਫ਼ੇਰ ਸੁਨੇਹਾ ਭੇਜਿਆ, ਅਤੇ ਉਸ ਸਮੇਂ ‘ਚ ਕੁੱਝ ਕਰਮਚਾਰੀ ਅਧਿਕਾਰੀ ਬਾਹਰ ਆ ਗਏ ਅਤੇ ਮੌਕਾ ਵੇਖ ਕੇ ਅਸੀਂ ਵੀ ਅੰਦਰ ਜਾ ਬੈਠੇ। ਮੈਂ ਸਾਡੀ ਜਾਣ ਪਹਿਚਾਣ ਕਰਵਾਈ ਅਤੇ ਡਾ. ਅਮਰਜੀਤ ਜੀ ਦਾ ਜ਼ਿਕਰ ਕੀਤਾ ਕਿ ਉਹਨਾਂ ਨੇ ਤੁਹਾਨੂੰ ਪੱਤਰ ਵੀ ਭੇਜਿਆ ਸੀ ਕਿ ਸਾਨੂੰ ਕੁੱਝ ਦਿਨ ਵਾਸਤੇ ਰੈੱਸਟ ਹਾਊਸ ਬੁੱਕ ਕਰਵਾ ਦੇਵੋ। ਸਾਡੀ ਇਹ ਗੱਲ ਸੁਣ ਕੇ ਉਹ ਅਧਿਕਾਰੀ ਕਹਿਣ ਲੱਗੇ ਕਿ ਭਾਈ ਹਮਾਰੇ ਬਸ ਕੀ ਬਾਤ ਕੋਈਨਾ, ਹਮ ਕੋ ਯਹ ਐਡਮਿਨ ਵਾਲੇ ਟੈਂਟ ਭੀ ਨਹੀਂ ਦੇਤੇ, ਆਪ ਰੈੱਸਟ ਹਾਊਸ ਕੀ ਬਾਤ ਕਰ ਰਹੇ ਹੋ।”ਚਲੋ ਖ਼ੈਰ, ਉਹਨਾਂ ਨੇ ਚਾਹ ਮੰਗਵਾ ਲਈ ਤੇ ਮੈਂ ਉਹਨਾਂ ਨੂੰ ਸਾਡੇ ਪਸ਼ੂ-ਧਨ ਚੈਂਪੀਅਨਸ਼ਿਪ ਬਾਰੇ ਦੱਸਣ ਲੱਗ ਪਿਆ ਤਾਂ ਉਹ ਕਹਿਣ ਲੱਗੇ ਕਿ ਭਾਈ, ਆਪ ਕੇ ਮੇਲੇ ਕੀ ਧਨਰਾਸ਼ੀ ਬਹੁਤ ਜ਼ਿਆਦਾ ਹੈ, ਹਮਾਰੇ ਪਸ਼ੂ-ਪਾਲਕ ਹਮੇਂ ਬਹੁਤ ਪਰੇਸਾਨ ਕਰਤੇ ਹੈਂ ਜਬ ਭੀ ਆਪ ਦਾ ਮੇਲਾ ਦੇਖ ਕੇ ਆਤੇ ਹੈਂ।”
ਅਸੀਂ ਉਹਨਾਂ ਦੀ ਸਮੱਸਿਆ ਸਮਝ ਗਏ ਸੀ ਕਿ ਇਹਨਾਂ ਨੇ ਸਾਡੀ ਕੋਈ ਮੱਦਦ ਨਹੀਂ ਕਰਨੀ ਅਤੇ ਫ਼ੇਰ ਸਿੱਧਾ ਰਾਬਤਾ ਬਣਾਉਣ ਲੱਗ ਪਏ। ਸ਼ਾਮ ਨੂੰ ਅਸੀਂ ਬਾਬੇ ਕੋਲ ਬੈਠਣ ਦਾ ਮਨ ਬਣਾ ਲਿਆ, ਮੈਂ ਵੀ ਬਾਬਾ ਜੀ ਨੂੰ ਹੋਰ ਅੰਦਰੋਂ ਜਾਨਣਾ ਚਾਹੁੰਦਾ ਸੀ। ਬਾਬਾ ਜੀ ਕੋਲ ਜਾ ਨਮਸਕਾਰ ਕੀਤੀ ਅਤੇ ਕੁਦਰਤੀ ਉਹ ਵੀ ਗੱਲਾਂ ਬਾਤਾਂ ਦੇ ਮੂਡ ‘ਚ ਸਨ। ਬਾਬਾ ਜੀ ਤੁਸੀਂ ਘੋੜੀਆਂ ਦਾ ਸ਼ੌਂਕ ਕਿੱਥੋਂ ਪਾ ਲਿਆ? ਮੈਂ ਪੁੱਛਿਆ ਤਾਂ ਬਾਬਾ ਜੀ ਬੋਲੇ, ”ਅਰੇ ਡਾਕਟਰ, ਘੋੜੀ ਕੇ ਕਾਰਨ ਹੀ ਹਮ ਸਾਧੂ ਹੂਏ ਹੈਂ।”ਸਹਿਜ ਸਭਾਅ ਉਹ ਸਾਰੀ ਗੱਲ ਸੁਣਾ ਗਏ। ਬਾਬਾ ਜਿਸ ਸੰਤ ਦਾ ਚੇਲਾ ਸੀ, ਉਹਨਾਂ ਕੋਲ ਇੱਕ ਘੋੜੀ ਸੀ। ਬਾਬੇ ਨੂੰ ਘੋੜੀ ਦੀ ਖਿੱਚ ਜੋਗ ਨਾਲੋਂ ਵੀ ਜ਼ਿਆਦਾ ਸੀ। ਉਹ ਅਪਣੇ ਗੁਰੂ ਦੇ ਆਸ਼ਰਮ ‘ਚ ਘੋੜੀ ਨਾਲ ਮਸਤ ਰਹਿੰਦੇ, ਚੱਕੀ ਅਤੇ ਦਾਣਾ ਵਗੈਰਾ ਘੋੜੀ ਉਤੇ ਹੀ ਲੈ ਕੇ ਜਾਂਦੇ। ਇੱਕ ਵਾਰ ਗੁਰੂ ਜੀ ਨੇ ਇਹਨਾ ਨੂੰ ਘੋੜੀ ਨਾਲ ਬਹੁਤਾ ਲਗਾਅ ਬਣਾਉਣ ਕਰ ਕੇ ਝਿੜਕ ਦਿੱਤਾ, ਤਾਂ ਬਾਬਾ ਜੀ ਡੇਰਾ ਛੱਡ ਕੇ ਭੱਜ ਗਏ, ਪਰ ਉਹਨਾਂ ਦੀ ਕਾਬਲੀਅਤ ਨੂੰ ਵੇਖ ਕੇ ਉਹ ਫ਼ੇਰ ਮੋੜ ਲਿਆਏ। ਬਾਬਾ ਜੀ ਨੇ ਗੁਰ ਵਿਦਿਆ ਦੇ ਨਾਲ ਨਾਲ ਘੋੜ ਅਸਵਾਰੀ ਸਿੱਖ ਲਈ। ਪੁਰਾਣੇ ਸੰਤ ਅਖਾੜਿਆਂ ਬਾਰੇ ਉਸ ਨੂੰ ਭਰਪੂਰ ਜਾਣਕਾਰੀ ਹੈ। ਹਾਜ਼ਰ ਜਵਾਬੀ ਤੇ ਸਮੇਂ ਦੀ ਚਾਲ ਖ਼ੂਬ ਸਮਝਦਾ ਹੈ। ਮਾਇਆ ਦੀ ਕਦੇ ਗੱਲ ਹੀ ਨਹੀਂ ਕਰਦਾ। ਮਾਇਆ ਤਾਂ ਸ਼ਰਧਾ ਨਾਲ ਭੱਜੀ ਆਉਂਦੀ ਹੈ।
ਬਾਬਾ ਇੱਕ ਕਵੀ ਵੀ ਹੈ। ਸੋਹਣਾ ਲਿਖ ਲੈਂਦਾ ਹੈ ਅਤੇ ਮੌਕੇ ‘ਤੇ ਬਰਾਬਰ ਦੀ ਚੋਟ ਮਾਰਦਾ ਹੈ। ਬਾਬਾ ਜੀ ਦੱਸਦੇ ਨੇ ਕਿ ਕਵੀ ਦਾ ਸਮਾਜ ‘ਚ ਕਦੇ ਬਹੁਤ ਮਾਣ ਸੀ, ਕਵੀ ਉਸਤਾਦ ਮੰਨੇ ਜਾਂਦੇ ਸਨ। ਗਾਉਣ ਵਾਲੇ ਨੂੰ ਮੌਕੇ ਮੁਤਾਬਿਕ ਲਿਖ ਲਿਖ ਕੇ ਦੇਈ ਜਾਂਦੇ। ਉਹਨਾਂ ਨੇ ਅਜਮੇਰ ਦਰਗਾਹ ਅੰਦਰ ਹੁੰਦੇ ਰਹੇ ਇੱਕ ਭਾਈਚਾਰਿਕ ਕਵੀ ਸੰਮੇਲਨ ਦੀ ਘਟਨਾ ਵੀ ਸੁਣਾਈ। ਜਦੋਂ ਕਾਵਿਕ ਬੰਦ ਦਾ ਮੁਕਾਬਲਾ ਚੱਲ ਰਿਹਾ ਸੀ ਤਾਂ ਇੱਕ ਕਵੀ ਮਜ਼੍ਹਬੀ ਨਫ਼ਰਤ ਦਾ ਸ਼ੇਅਰ ਬਣਾ ਦਿੱਤਾ। ਮੋੜਵਾਂ ਜਵਾਬ ਵੀ ਕਿਹੜਾ ਘੱਟ ਹੋਣਾ ਸੀ। ਬਸ ਫ਼ੇਰ ਕੀ ਸੀ ਉਹ ਇੱਕ ਦੂਜੇ ਨੂੰ ਨਫ਼ਰਤਾਂ ਹਵਾਲੀ ਭਾਸ਼ਾ ਵਰਤਨ ਲੱਗ ਪਏ, ਰੌਲਾ ਪੈ ਗਿਆ ਅਤੇ ਕਵੀ ਸੰਮੇਲਨ ਛਿੱਤਰੋ ਛਿੱਤਰੀ ਹੋ ਕੇ ਖ਼ਤਮ ਹੋਇਆ। ਭਾਈਚਾਰਿਕ ਸਾਂਝ ਦੀ ਇੱਕ ਵੱਡੀ ਕੜੀ ਇੱਕ ਦੋ ਬੇਸਮਝ ਕਵੀਆਂ ਕਰ ਕੇ ਟੁੱਟ ਗਈ ਅਤੇ ਫ਼ੇਰ ਉਹ ਕਵੀ ਦਰਬਾਰ ਉਸ ਤੋਂ ਬਾਅਦ ਕਦੇ ਨਹੀਂ ਹੋਇਆ।
ਅਸੀਂ ਇੱਕ ਦੂਜੇ ਨੂੰ ਥੋੜ੍ਹੀ ਦੇਰ ‘ਚ ਹੀ ਸਮਝ ਗਏ ਸਾਂ। ਬਾਬੇ ਨੇ ਮੈਨੂੰ ਪੁਸ਼ਕਰ ਦੇ ਇਤਿਹਾਸ ਬਾਰੇ ਕਾਫ਼ੀ ਗੱਲਾਂ ਦੱਸੀਆਂ। ਇੱਕ ਅਨੋਖੀ ਗੱਲ ਇਹ ਕਿ ਬਾਬੇ ਨੇ ਜੋ ਪੁਸ਼ਕਰ ‘ਚ ਮੰਦਰ ਬਣਾਇਆ ਹੈ ਉਸ ‘ਤੇ ਤਿੰਨ ਚਾਰ ਕਰੋੜ ਦੀ ਲਾਗਤ ਆਈ ਹੋਵੇਗੀ। ਉਸ ‘ਚ ਸਾਧੂਆਂ ਦੇ ਤਪ ਅਸਥਾਨ ਵੀ ਬਣੇ ਹੋਏ ਹਨ ਅਤੇ ਛੱਤ ਉੱਪਰ ਇੱਕ ਹਵਨ ਕੁੰਡ ਵੀ। ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੇ ਨਾਲ ਉਸ ‘ਚ ਦੋ ਘੋੜਿਆਂ ਹਰਸ਼ ਅਤੇ ਸੁੰਦਰ ਅਤੇ ਘੋੜੀ ਮਲਿਕਾ ਦੀਆਂ ਸੁੰਦਰ ਮੂਰਤੀਆਂ ਵੀ ਰੱਖੀਆਂ ਹੋਈਆਂ ਹਨ। ਸੁੰਦਰ ਘੋੜਾ ਉਹ ਬਿਹਬਲ (ਪੰਜਾਬ) ਤੋਂ ਲੈ ਕੇ ਗਿਆ ਸੀ। ਡਾ. ਸਿੰਗਲਾ ਨਾਲ ਉਸ ਦਾ ਬਹੁਤ ਪ੍ਰੇਮ ਹੈ ਅਤੇ ਉਹ ਅਕਸਰ ਉਹਨਾਂ ਦੇ ਡੇਰੇ ਤੇ ਆਉਂਦੇ ਜਾਂਦੇ ਰਹਿੰਦੇ ਹਨ। ਬਾਬਾ ਜੀ ਨੂੰ ਸਿੱਖ ਧਰਮ ਬਾਰੇ ਵੀ ਕਾਫ਼ੀ ਗਿਆਨ ਹੈ। ਬਾਬਾ ਜੀ ਕੋਲ ਅਗਲੇ ਪੰਜਾਹ ਸਾਲ ਦੀ ਸੋਚ ਦੇ ਨਾਲ ਫ਼ੈਸਲਾ ਲੈਣ ਦਾ ਅਨੋਖਾ ਤਜਰਬਾ ਹੈ। ਉਸ ਦੇ ਮੂਲ ਆਸ਼ਰਮ ਕਾਲਾਵੜ ਹੈ। ਉੱਥੇ ਉਸ ਕੋਲ ਪੱਚੀ ਦੇ ਕਰੀਬ ਮਾਰਵਾੜੀ ਘੋੜੀਆਂ ਅਤੇ ਪੰਜਾਹ ਸੱਠ ਦੇ ਕਰੀਬ ਗਿਰ ਗਊਆਂ ਰੱਖੀਆਂ ਹੋਈਆ ਹਨ। ਆਸ਼ਰਮ ਦੇ ਘਿਓ ਦੀ ਮੰਗ ਬਹੁਤ ਹੈ। ਲੋਕੀ ਸ਼ਰਧਾ ਨਾਲ ਵੱਧ ਮੁੱਲ ਦੇ ਕੇ ਕਿ ਲਿਜਾਂਦੇ ਹਨ। ਬਾਬੇ ਦਾ ਗਿਆਨ, ਉਸ ਦਾ ਗੱਲ ਕਰਨ ਦਾ ਢੰਗ ਅਤੇ ਸਮਝ ਉਸ ਨੂੰ ਆਮ ਬਾਬਿਆਂ ਨਾਲੋਂ ਅਲੱਗ ਕਰਦੀ ਹੈ। ਮੈਂ ਬਾਬੇ ਦਾ ਉਪਾਸ਼ਕ ਤਾਂ ਨਹੀਂ ਪਰ ਉਸ ਦੀ ਹਿੰਮਤ, ਸਮਝਦਾਰੀ ਦਾ ਇਸ ਗੱਲੋਂ ਕਾਇਲ ਹਾਂ। ਉਹ ਵਪਾਰੀਆਂ ਨਾਲ ਵਪਾਰੀਆਂ ਵਾਲੀ ਅਤੇ ਸੰਗਤ ਨਾਲ ਬਾਬਾ ਹੋਣ ਦੀ ਜ਼ੁੰਮੇਵਾਰੀ ਖ਼ੂਬ ਨਿਭਾ ਰਿਹਾ ਹੈ।