ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1498

ਸਾਡੇ ‘ਚੋਂ ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਜਦੋਂ ਅਸੀਂ ਕਿਸੇ ਨੂੰ ਕੋਈ ਤੋਹਫ਼ਾ ਦਿੰਦੇ ਹਾਂ ਤਾਂ ਉਹ ਮੌਲਿਕ, ਨਵਾਂ ਅਤੇ ਲੇਟੈੱਸਟ ਸਟਾਈਲ ਦਾ ਹੋਣਾ ਚਾਹੀਦਾ ਹੈ। ਜੇਕਰ ਡੱਬਾ ਜਾਂ ਪੈਕੇਜਿੰਗ ਨੂੰ ਥੋੜ੍ਹਾ ਜਿੰਨਾ ਵੀ ਨੁਕਸਾਨ ਪਹੁੰਚਿਆ ਹੋਇਆ ਜਾਪੇ ਤਾਂ ਅਸੀਂ ਸਵਾਲ ਕਰਦੇ ਹਾਂ ਕਿ ਕੀ ਇਹ ਤੋਹਫ਼ਾ ਪ੍ਰਾਪਤ ਕਰਨ ਵਾਲੀ ਧਿਰ ਨੂੰ ਸਵੀਕਾਰਯੋਗ ਵੀ ਹੋਵੇਗਾ ਜਾਂ ਨਹੀਂ – ਭਾਵੇਂ ਅਸੀਂ ਇਹ ਗੱਲ ਭਲੀ ਪ੍ਰਕਾਰ ਜਾਣਦੇ ਹਾਂ ਕਿ ਉਸ ਗਿਫ਼ਟ ਨੂੰ ਉਸ ਦੇ ਪ੍ਰਾਪਤਕਰਤਾ ਨੂੰ ਸੌਂਪੇ ਜਾਣ ਤੋਂ ਕੁਝ ਪਲ ਬਾਅਦ ਹੀ ਉਸ ਦੇ ਬੌਕਸ ਨਾਲ ਚਿਪਕਾਇਆ ਵਧਾਈ ਵਾਲਾ ਕਾਰਡ ਅਤੇ ਪਲਾਸਟਿਕ ਦਾ ਉਹ ਡੱਬਾ ਕੂੜੇਦਾਨ ਦਾ ਸ਼ਿੰਗਾਰ ਬਣਨ ਵਾਲੇ ਹਨ। ਫ਼ਿਰ ਵੀ, ਅਸੀਂ ਬਜ਼ਿਦ ਹੁੰਦੇ ਹਾਂ ਕਿ ਰੈਪਿੰਗ ਪੇਪਰ ਵੀ ਬਹੁਤ ਹੀ ਖ਼ੂਬਸੂਰਤ ਦਿਖਾਈ ਦੇਣਾ ਚਾਹੀਦਾ ਹੈ ਜਦੋਂ ਕਿ ਪਾੜੀਆਂ ਅਤੇ ਗਾਰਬੇਜ ‘ਚ ਸੁੱਟੀਆਂ ਜਾਣ ਵਾਲੀਆਂ ਇਹ ਸਭ ਤੋਂ ਪਹਿਲੀਆਂ ਚੀਜ਼ਾਂ ਹੋਣਗੀਆਂ। ਆਪਣੀ ਭਾਵਾਨਾਤਮਕ ਜ਼ਿੰਦਗੀ ‘ਚ ਇਸ ਵਕਤ ਕਿੱਥੇ ਤੁਸੀਂ ਪੇਸ਼ਕਾਰੀ ‘ਤੇ ਬਹੁਤ ਜ਼ਿਆਦਾ ਜ਼ੋਰ ਦੇ ਰਹੇ ਹੋ ਅਤੇ ਸਮੱਗਰੀ ‘ਤੇ ਓਨਾ ਹੀ ਘੱਟ?
ਕੁਝ ਚਿਰ ਬਾਅਦ, ਮੁਸ਼ਕਿਲਾਂ ਨਾਲ ਨਜਿੱਠਣਾ ਇੱਕ ਆਮ ਜਿਹੀ ਗੱਲ ਬਣ ਜਾਂਦੀ ਹੈ। ਇੱਕ ਔਖਾ ਸਮਾਂ ਦੂਜੇ ਦਾ ਪਿੱਛਾ ਕਰਦਾ ਹੈ। ਜਿਵੇਂ ਹੀ ਚਿੰਤਾ ਦਾ ਇੱਕ ਕਾਰਨ ਖ਼ਤਮ ਹੁੰਦੈ, ਓਨੀ ਹੀ ਤੇਜ਼ੀ ਨਾਲ ਇੱਕ ਹੋਰ ਅੱਗੇ ਆ ਜਾਂਦਾ ਹੈ। ਸਹੀ ਕਹੋ ਜਾਂ ਗ਼ਲਤ, ਅਸੀਂ ਕਈ ਵਾਰ ਆਪਣੀਆਂ ਮੁਸ਼ਕਿਲਾਂ ਨੂੰ ਬਹੁਤ ਹੀ ਹਲਕੇ ‘ਚ ਲੈਂਦੇ ਹਾਂ। ਅਸੀਂ ਇਹ ਕਲਪਨਾ ਕਰਨ ਦੀ ਜੁਅਰਤ ਵੀ ਨਹੀਂ ਕਰਦੇ ਕਿ ਘੱਟ ਤਨਾਅ ਵਾਲੀ ਦੁਨੀਆਂ ‘ਚ ਜ਼ਿੰਦਗੀ ਕਿਹੋ ਜਿਹੀ ਹੋ ਸਕਦੀ ਹੈ। ਤੁਹਾਡੀਆਂ ਭਾਵਨਾਤਮਕ ਉਮੀਦਾਂ ਹੁਣ ਕੋਈ ਬਹੁਤੀਆਂ ਉੱਚੀਆਂ ਨਹੀਂ ਰਹਿ ਗਈਆਂ। ਤੁਹਾਡਾ ਮੰਨਣਾ ਹੈ ਕਿ ਸਾਵਧਾਨੀ ਵਰਤਦਿਆਂ ਗ਼ਲਤੀ ਕਰ ਬੈਠਣਾ ਕੋਈ ਐਡੀ ਮਾੜੀ ਗੱਲ ਨਹੀਂ। ਅਸਲ ‘ਚ, ਪਰ, ਅਜਿਹਾ ਕਰ ਕੇ, ਤੁਸੀਂ ਖ਼ੁਦ ਨੂੰ ਗ਼ਲਤ ਅਤੇ ਗ਼ੈਰ-ਵਾਜਬ ਤਰੀਕੇ ਨਾਲ ਸੀਮਿਤ ਕਰ ਰਹੇ ਹੋ। ਇਸ ਵਕਤ ਬਹੁਤ ਸਾਰਾ ਜਾਦੂ ਉਪਲਬਧ ਹੈ, ਪਰ ਤਾਂ ਹੀ ਜੇ ਤੁਸੀਂ ਉਸ ਤਕ ਪਹੁੰਚਣ ਦੀ ਦਲੇਰੀ ਰੱਖਦੇ ਹੋ।
ਜੋ ਤੁਸੀਂ ਅੱਜ ਕਰ ਸਕਦੇ ਹੋ, ਉਸ ਨੂੰ ਕੱਲ੍ਹ ਤਕ ਨਾ ਟਾਲੋ। ਹਾਂ ਜੇ ਉਹ ਕੋਈ ਅਜਿਹੀ ਸ਼ੈਅ ਹੈ ਜਿਸ ਨੂੰ ਕਰਨ ਦੀ ਕੋਈ ਲੋੜ ਹੀ ਨਹੀਂ ਤਾਂ ਫ਼ਿਰ ਗੱਲ ਹੋਰ ਹੈ। ਉਸ ਸਥਿਤੀ ‘ਚ, ਉਸ ਨੂੰ ਮੁਲਤਵੀ ਕਰੋ, ਉਸ ਨੂੰ ਛੱਡ ਦਿਓ, ਅਣਡਿੱਠ ਕਰੋ ਅਤੇ ਮਾਣ ਨਾਲ ਇਹ ਘੋਸ਼ਣਾ ਕਰੋ ਕਿ ਤੁਸੀਂ ਉਸ ਨੂੰ ਓਦੋਂ ਤਕ ਨਹੀਂ ਕਰੋਗੇ ਜਦੋਂ ਤਕ ਉਸ ਨੂੰ ਕਰਨਾ ਇੱਕ ਮਜਬੂਰੀ ਨਾ ਬਣ ਜਾਵੇ। ਤੁਸੀਂ ਹੁਣ ਕਿਸੇ ਅਜਿਹੀ ਚੀਜ਼ ਬਾਰੇ ਪਰੇਸ਼ਾਨ ਹੋ ਜੋ, ਲਗਭਗ ਨਿਸ਼ਚਿਤ ਤੌਰ ‘ਤੇ, ਅਪ੍ਰਸੰਗਿਕ ਹੋਣ ਵਾਲੀ ਹੈ। ਬੇਸ਼ੱਕ, ਸ਼ੱਕ ਕਰਨ ਲਈ ਇੱਕ ਮਾਮੂਲੀ ਜਿਹਾ ਅੰਸ਼ ਮੌਜੂਦ ਹੈ। ਉਸ ਤੋਂ ਬਿਨਾਂ, ਤੁਹਾਡੀ ਹਿੰਮਤ ਦਾ ਹੋਰ ਕੋਈ ਵੀ ਸੱਚਾ ਇਮਤਿਹਾਨ ਨਹੀਂ ਸੀ ਹੋ ਸਕਦਾ। ਪਰ ਭਾਵੇਂ ਤੁਹਾਨੂੰ ਸ਼ੱਕ ਵੀ ਹੋਵੇ, ਤੁਹਾਨੂੰ ਸਿਰਫ਼ ਵਧੇਰੇ ਵਿਸ਼ਵਾਸ ਰੱਖਣ ਦੀ ਲੋੜ ਹੈ।
ਤੁਹਾਡੇ ਭਾਵਨਾਤਮਕ ਜੀਵਨ ‘ਚ ਕੋਈ ਸ਼ੈਅ ਇਸ ਵਕਤ ਤੁਹਾਨੂੰ ਉਤੇਜਨਾ ਅਤੇ ਬੇਚੈਨੀ ਦੋਹੇਂ ਮਹਿਸੂਸ ਕਰਵਾ ਰਹੀ ਹੈ। ਇਸ ਭਖਦੇ ਮੁੱਦੇ ਤੋਂ ਇਲਾਵਾ ਕਿਸੇ ਹੋਰ ਚੀਜ਼ ਬਾਰੇ ਸੋਚਣਾ ਵੀ ਤੁਹਾਨੂੰ ਮੁਸ਼ਕਿਲ ਲੱਗ ਰਿਹੈ। ਇੰਨੇ ਲੰਬੇ ਸਮੇਂ ਤੋਂ ਜਿਸ ਤਰੀਕੇ ਨਾਲ ਇਹ ਧੁਖ ਰਿਹਾ ਸੀ, ਉਸ ਨੂੰ ਦੇਖਦੇ ਹੋਏ ਇਹ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ। ਮੈਂ ਵਾਸਤਵਿਕ ਤੌਰ ‘ਤੇ ਤੁਹਾਨੂੰ ਇਹ ਸਲਾਹ ਨਹੀਂ ਦੇ ਸਕਦਾ ਕਿ ਤੁਸੀਂ ਆਪਣੀ ਚਿੰਤਾ ਵੱਲ ਜ਼ਿਆਦਾ ਧਿਆਨ ਨਾ ਦਿਓ, ਪਰ ਮੈਂ ਤੁਹਾਨੂੰ ਬਹੁਤੀ ਜ਼ਿਆਦਾ ਜਲਦਬਾਜ਼ੀ ਤੋਂ ਕੰਮ ਨਾ ਲੈਣ ਦੀ ਅਪੀਲ ਕਰਨੀ ਚਾਹਾਂਗਾ। ਕੋਈ ਫ਼ਰਕ ਨਹੀਂ ਪੈਂਦਾ ਕਿ ਅਚਾਨਕ ਕੀ ਬਦਲਦਾ ਹੈ, ਜਾਂ ਤੁਸੀਂ ਕਿੰਨੇ ਦਬਾਅ ਦਾ ਸਾਹਮਣਾ ਕਰਦੇ ਹੋ, ਸਮਾਂ ਤੁਹਾਡੇ ਨਾਲ ਹੈ। ਬਹੁਤੀ ਕਾਹਲੀ ‘ਚ ਕੁਝ ਵੀ ਕਰਨ ਦੀ ਕੋਈ ਲੋੜ ਨਹੀਂ।
ਉਹ ਕਹਿੰਦੇ ਨੇ, ”ਜੇ ਕੋਈ ਚੀਜ਼ ਤੁਹਾਨੂੰ ਕੁਦਰਤੀ ਤੌਰ ‘ਤੇ ਕਰਨੀ ਨਹੀਂ ਆਉਂਦੀ ਤਾਂ ਉਸ ਨੂੰ ਛੱਡ ਦਿਓ।” ਪਰ ਉਨ੍ਹਾਂ ਨੂੰ ਕੀ ਪਤਾ? ਇਸ ਆਧੁਨਿਕ ਸੰਸਾਰ ‘ਚ ਬਹੁਤ ਘੱਟ ਹੀ ਕਿਸੇ ਨੂੰ ਕੁਝ ਵੀ ਕੁਦਰਤੀ ਤੌਰ ‘ਤੇ ਆਉਂਦੈ। ਤੁਹਾਡੇ ਡਾਈਨਿੰਗ ਟੇਬਲ ‘ਤੇ ਪਿਆ ਭੋਜਨ, ਤੁਹਾਡੀ ਕਿਤਾਬ ਵਿਚਲੇ ਸ਼ਬਦ, ਤੁਹਾਡੇ ਫ਼ੋਨ ਦੀਆਂ ਐਪਸ ਅਤੇ ਤੁਹਾਡੇ ਸਪੀਕਰਾਂ ‘ਤੇ ਵੱਜਣ ਵਾਲਾ ਸੰਗੀਤ, ਕਿਸੇ ਨੂੰ ਉਸ ਲਈ, ਕਿਤੇ ਨਾ ਕਿਤੇ ਇੱਕ ਅਸਲ ਕੋਸ਼ਿਸ਼ ਕਰਨੀ ਪਈ ਹੈ। ਕੀ ਤੁਸੀਂ ਖ਼ੁਸ਼ ਨਹੀਂ ਹੋ ਕਿ ਉਨ੍ਹਾਂ ਨੇ ਇਹ ਸਭ ਕੁਝ ਕੀਤਾ? ਤੁਹਾਡੀ ਭਾਵਨਾਤਮਕ ਅਤੇ ਨਿੱਜੀ ਜ਼ਿੰਦਗੀ ‘ਚ ਇਸ ਵਕਤ, ਇੱਕ ਸੁਵਿਧਾਜਨਕ ਵਿਕਾਸ ਲਈ ਤੁਹਾਨੂੰ ਲੰਬੇ ਸਮੇਂ ਤਕ ਇੰਤਜ਼ਾਰ ਕਰਨਾ ਪੈ ਸਕਦੈ ਜੇਕਰ ਤੁਸੀਂ ਖ਼ੁਦ ਅੱਗੇ ਵੱਧ ਕੇ ਉਸ ਨੂੰ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਜਦੋਂ ਤੁਸੀਂ ਅਰਥਪੂਰਣ ਸੰਚਾਰ ਦੇ ਅਸਲ ਮੌਕੇ ਦੇਖੋ ਤਾਂ ਉਹਨਾਂ ‘ਤੇ ਭਰੋਸਾ ਕਰੋ!