ਸ਼ਾਹਰੁਖ਼ ਦੀ ਫ਼ਿਲਮ ਜਵਾਨ ਦੇ ਪ੍ਰੀਵਿਊ ਨੇ ਮਚਾਈ ਧਮਾਲ

ਸ਼ਾਹਰੁਖ਼ ਖ਼ਾਨ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ ਜਵਾਨ ਦਾ ਪ੍ਰੀਵਿਊ ਜਾਰੀ ਕਰ ਦਿੱਤਾ ਗਿਆ ਹੈ ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਸਰਾਹਿਆ ਵੀ ਜਾ ਰਿਹਾ ਹੈ। ਇਸ ਫ਼ਿਲਮ ‘ਚ ਸ਼ਾਹਰੁਖ਼ ਖ਼ਾਨ ਬਿਲਕੁਲ ਨਵੇਂ ਅੰਦਾਜ਼ ‘ਚ ਦਿਖਾਈ ਦੇ ਰਿਹਾ ਹੈ। ਐਟਲੀ ਵਲੋਂ ਨਿਰਦੇਸ਼ਿਤ ਇਸ ਫ਼ਿਲਮ ‘ਚ ਨਯਨਤਾਰਾ ਦਾ ਦਮਦਾਰ ਐਕਸ਼ਨ ਵੀ ਦਿਖਾਈ ਦੇ ਰਿਹਾ ਹੈ। ਮਹਿਲਾਵਾਂ ਦੀ ਆਰਮੀ ਨਾਲ ਲੜਾਈ ਦੇ ਮੈਦਾਨ ‘ਚ ਉੱਤਰਿਆ ਸ਼ਾਹਰੁਖ਼ ਖ਼ਾਨ ਆਪਣੇ ਐਕਸ਼ਨ ਅੰਦਾਜ਼ ਦਾ ਜਲਵਾ ਦਿਖਾ ਰਿਹਾ ਹੈ। ਫ਼ਿਲਮ ‘ਚ ਵਿਜੈ ਸੇਤੂਪਤੀ, ਦੀਪਿਕਾ ਪਾਦੂਕੋਨ ਅਤੇ ਸਾਨੀਆ ਮਲਹੋਤਰਾ ਵੀ ਆਪਣੇ ਐਕਸ਼ਨ ਅੰਦਾਜ਼ ‘ਚ ਹਾਜ਼ਰ ਹਨ।
ਫ਼ਿਲਮ ਬਾਰੇ ਗੱਲ ਕਰਦਿਆਂ ਕਰਨ ਜੌਹਰ ਨੇ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਕਿਹਾ, ”ਭਾਈ, ਇਹ ਫ਼ਿਲਮ ਤਾਂ ਇੱਕ ਮਹਾਂ ਬਲੌਕਬਸਟਰ ਹੋਣ ਵਾਲੀ ਹੈ। ਐਟਲੀ47 ਤੁਸੀਂ ਇੱਕ ਵਾਰ ਫ਼ਿਰ ਆਪਣੀ ਮੁਹਾਰਤ ਸਾਬਿਤ ਕਰ ਦਿੱਤੀ ਹੈ। ਹੁਣ ਹੋਰ ਉਡੀਕ ਨਹੀਂ ਹੋ ਰਹੀ।” ਨਿਰਦੇਸ਼ਕ ਸੁਜੋਏ ਘੋਸ਼ ਨੇ ਵੀ ਫ਼ਿਲਮ ਦਾ ਪ੍ਰੀਵਿਊ ਸਾਂਝਾ ਕੀਤਾ। ਜ਼ਿਕਰਯੋਗ ਹੈ ਕਿ ਇਹ ਫ਼ਿਲਮ ਰੈੱਡ ਚਿੱਲੀ ਐਂਟਰਟੇਨਮੈਂਟ ਦੀ ਪੇਸ਼ਕਸ਼ ਹੈ, ਜਿਸ ਦਾ ਨਿਰਦੇਸ਼ਨ ਐਟਲੀ ਅਤੇ ਨਿਰਮਾਣ ਸ਼ਾਹਰੁਖ਼ ਦੀ ਪਤਨੀ ਗੌਰੀ ਖ਼ਾਨ ਵਲੋਂ ਕੀਤਾ ਗਿਆ ਹੈ। ਇਹ ਫ਼ਿਲਮ 7 ਸਤੰਬਰ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ‘ਚ ਰਿਲੀਜ਼ ਕੀਤੀ ਜਾਵੇਗੀ।