ਗੁਹਾਟੀ – ਪਿਛਲੇ ਸਾਲ ਸੱਟਾਂ ਤੋਂ ਪਰੇਸ਼ਾਨ ਰਿਹਾ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨਵੇਂ ਸਾਲ ਦੀ ਨਵੀਂ ਸ਼ੁਰੂਆਤ ਵਧੀਆ ਢੰਗ ਨਾਲ ਕਰਨਾ ਚਾਹੁੰਦੈ ਅਤੇ ਆਸਟਰੇਲੀਆ ‘ਚ ਭਾਰਤ ਨੂੰ ICC (ਕੌਮਾਂਤਰੀ ਕ੍ਰਿਕਟ ਪਰਿਸ਼ਦ) T-20 ਵਰਲਡ ਕੱਪ ‘ਚ ਜਿੱਤ ਦਿਵਾਉਣ ਦੀ ਕਵਾਇਦ ‘ਚ ਜ਼ਿਆਦਾ ਪ੍ਰਭਾਵੀ ਬੱਲੇਬਾਜ਼ ਬਣਨਾ ਚਾਹੁੰਦਾ ਹੈ। ਧਵਨ ਲਈ 2019 ਬਹੁਤਾ ਚੰਗਾ ਨਹੀਂ ਰਿਹਾ ਅਤੇ ਉਹ ਸੱਟਾਂ ਕਾਰਨ ਟੀਮ ਤੋਂ ਅੰਦਰ-ਬਾਹਰ ਹੁੰਦਾ ਰਿਹਾ। ਖੱਬੇ ਹੱਥ ਦਾ ਇਹ ਸਲਾਮੀ ਬੱਲੇਬਾਜ਼ ਪਿਛਲੇ ਸਾਲ ਅੰਗੂਠੇ ‘ਚ ਫ਼੍ਰੈਕਚਰ ਕਾਰਨ ICC ਵਨ-ਡੇ ਕੌਮਾਂਤਰੀ ਵਰਲਡ ਕੱਪ ਵਿਚਾਲੇ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ। ਦਿੱਲੀ ਵਲੋਂ ਖੇਡਦੇ ਹੋਏ ਗੋਡੇ ‘ਤੇ ਸੱਟ ਲੱਗਣ ਕਾਰਨ ਉਹ ਦਸੰਬਰ ‘ਚ ਵੈੱਸਟ ਇੰਡੀਜ਼ ਖ਼ਿਲਾਫ਼ ਘਰੇਲੂ T-20 ਸੀਰੀਜ਼ ‘ਚ ਨਹੀਂ ਸੀ ਖੇਡ ਸਕਿਆ।
ਧਵਨ ਨੇ ਕਿਹਾ, ”ਪਿਛਲੇ ਸਾਲ ਮੈਨੂੰ ਕਾਫ਼ੀ ਸੱਟਾਂ ਦਾ ਸਾਹਮਣਾ ਕਰਨਾ ਪਿਆ, ਪਰ ਇਹ ਸਾਡੇ ਕੰਮ ਦਾ ਹਿੱਸਾ ਹੈ। ਇਹ ਨਵਾਂ ਸਾਲ ਹੈ ਅਤੇ ਮੈਂ ਨਵੀਂ ਸ਼ੁਰੂਆਤ ਲਈ ਬੇਤਾਬ ਹਾਂ।” 2020 ਦੇ ਟੀਚੇ ਦੇ ਸੰਦਰਭ ‘ਚ ਧਵਨ ਨੇ ਕਿਹਾ, ”ਇਸ ਸਾਲ ਮੈਂ ਆਪਣੇ ਅਤੇ ਟੀਮ ਲਈ ਬਹੁਤ ਦੌੜਾਂ ਬਣਾਉਣਾ ਚਾਹੁੰਦਾ ਹਾਂ।” ICC T-20 ਵਰਲਡ ਕੱਪ ਦਾ ਆਯੋਜਨ ਆਸਟਰੇਲੀਆ ‘ਚ ਇਸ ਸਾਲ 18 ਅਕਤੂਬਰ ਤੋਂ 15 ਨਵੰਬਰ ਤਕ ਕੀਤਾ ਜਾਵੇਗਾ। ਟੀਮ ਤੋਂ ਅੰਦਰ-ਬਾਹਰ ਹੋਣ ਬਾਰੇ ਪੁੱਛੇ ਜਾਣ ‘ਤੇ ਦਿੱਲੀ ਦੇ ਇਸ ਸਲਾਮੀ ਬੱਲੇਬਾਜ਼ ਨੇ ਕਿਹਾ, ”ਮੈਂ ਹਮੇਸ਼ਾ ਹਾਂ ਪੱਖੀ ਰਹਿੰਦਾ ਹਾਂ।” ਉਨ੍ਹਾਂ ਅੱਗੇ ਕਿਹਾ, ”ਸੱਟ ਲੱਗਣਾ ਕਾਫ਼ੀ ਸੁਭਾਵਕ ਹੈ ਇਸ ਲਈ ਮੈਂ ਇਨ੍ਹਾਂ ਨੂੰ ਲੈ ਕੇ ਹਾਏ-ਤੌਬਾ ਨਹੀਂ ਮਚਾਉਂਦਾ। ਮੈਂ ਯਕੀਨੀ ਕਰਦਾ ਹਾਂ ਕਿ ਮੇਰੀ ਮਾਨਸਿਕਤਾ ਹਮੇਸ਼ਾ ਹਾਂ ਪੱਖੀ ਰਹੇ ਅਤੇ ਇਸ ਤੋਂ ਕਾਫ਼ੀ ਚੀਜ਼ਾਂ ਬਿਹਤਰ ਕਰਨ ‘ਚ ਮਦਦ ਮਿਲਦੀ ਹੈ।” ਸ਼੍ਰੀ ਲੰਕਾ ਖ਼ਿਲਾਫ਼ ਤਿੰਨ T-20 ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ‘ਚ ਵਾਪਸੀ ਕਰਨ ਵਾਲੇ ਧਵਨ ਨੇ ਕਿਹਾ ਕਿ ਮੌਜੂਦਾ ਸੀਰੀਜ਼ ਉਸ ਕੋਲ ਫ਼ੌਰਮ ‘ਚ ਵਾਪਸੀ ਕਰਨ ਲਈ ਸ਼ਾਨਦਾਰ ਮੌਕਾ ਸੀ ਅਤੇ ਉਹ ਅਜਿਹਾ ਕਰਨ ਵਿੱਚ ਸਫ਼ਲ ਰਿਹਾ।
ਚੇਤੇ ਰਹੇ ਕਿ ਸੀਰੀਜ਼ ਦਾ ਪਹਿਲਾ ਮੈਚ ਬਾਰਿਸ਼ ਕਾਰਨ ਬਿਨਾਂ ਇੱਕ ਵੀ ਗੇਂਦ ਸੁੱਟੇ ਰੱਦ ਕਰ ਦਿੱਤਾ ਗਿਆ ਸੀ ਅਤੇ ਦੂਜੇ ਮੈਚ ਨੂੰ ਭਾਰਤ ਨੇ 17.3 ਓਵਰਾਂ ਵਿੱਚ ਸੱਤ ਵਿਕਟਾਂ ਨਾਲ ਜਿੱਤ ਲਿਆ ਸੀ। ਰੋਹਿਤ ਦੀ ਗ਼ੈਰ-ਹਾਜ਼ਰੀ ਵਿੱਚ ਧਵਨ ਨੇ ਕੇ. ਐੱਲ. ਰਾਹੁਲ ਨਾਲ ਭਾਰਤ ਨੂੰ ਚੰਗੀ ਸ਼ੁਰੂਆਤ ਦਿੱਤੀ ਅਤੇ 29 ਬਾਲਾਂ ਵਿੱਚ 32 ਦੌੜਾਂ ਦਾ ਯੋਗਦਾਨ ਪਾਇਆ। ਵਿਰਾਟ ਨੇ ਟੌਸ ਜਿੱਤ ਕੇ ਸ੍ਰੀ ਲੰਕਨ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਤਾ ਦਿੱਤਾ ਅਤੇ ਉਹ ਕੇਵਲ 142 ਦੌੜਾਂ ਹੀ ਬਣਾ ਸਕੀ।












