ਜੰਗਲੀ ਅੱਗ ਦੇ ਪੀੜਤਾਂ ਲਈ ਬੈਗੀ ਗ੍ਰੀਨ ਨੀਲਾਮ ਕਰਨਗੇ ਵਾਰਨ

ਸਿਡਨੀ – ਮਹਾਨ ਸਪਿਨਰ ਸ਼ੇਨ ਵਾਰਨ ਨੇ ਕਿਹਾ ਕਿ ਉਨ੍ਹਾਂ ਨੇ ਆਸਟਰੇਲੀਆ ਦੇ ਜੰਗਲਾਂ ‘ਚ ਲੱਗੀ ਅੱਗ ਦੇ ਪੀੜਤਾਂ ਦੀ ਮਦਦ ਲਈ ਪੈਸਾ ਇਕੱਠਾ ਕਰਨ ਦੇ ਇਰਾਦੇ ਨਾਲ ਆਪਣੀ ਬੈਗੀ ਗ੍ਰੀਨ ਨੀਲਾਮ ਕਰਨ ਦਾ ਫ਼ੈਸਲਾ ਕੀਤਾ ਹੈ। ਇੱਥੇ ਸਿਡਨੀ ਕ੍ਰਿਕਟ ਗ੍ਰਾਊਂਡ ‘ਚ ਆਸਟਰੇਲੀਆ ਅਤੇ ਨਿਊ ਜ਼ੀਲੈਂਡ ਵਿਚਾਲੇ ਤੀਜੇ ਟੈੱਸਟ ਦੌਰਾਨ ਵਾਰਨ ਨੇ ਆਪਣੇ ਟਵਿਟਰ ਹੈਂਡਲ ਤੋਂ ਇਹ ਐਲਾਨ ਕੀਤਾ।
ਵਾਰਨ ਨੇ ਬਿਆਨ ‘ਚ ਕਿਹਾ, ”ਆਸਟਰੇਲੀਆ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਤੋਂ ਅਸੀਂ ਸਾਰੇ ਪਰੇਸ਼ਾਨ ਹਾਂ। ਇਸ ਭਿਆਨਕ ਅੱਗ ਦੇ ਇੰਨੇ ਜ਼ਿਆਦਾ ਲੋਕਾਂ ‘ਤੇ ਅਸਰ ਪੈਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਅਤੇ ਇਸ ਦਾ ਸਾਡੇ ਸਾਰਿਆਂ ‘ਤੇ ਅਸਰ ਪਿਆ ਹੈ। ਲੋਕਾਂ ਨੇ ਜ਼ਿੰਦਗੀ ਅਤੇ ਘਰ ਗੁਆਏ ਹਨ ਅਤੇ 50 ਕਰੋੜ ਤੋਂ ਜ਼ਿਆਦਾ ਜਾਨਵਰ ਵੀ ਮਾਰੇ ਗਏ।”
50 ਸਾਲਾ ਇਸ ਸਾਬਕਾ ਲੈੱਗ ਸਪਿਨਰ ਨੇ ਕਿਹਾ, ”ਅਸੀਂ ਸਾਰੇ ਇਕਜੁੱਟ ਹਾਂ ਅਤੇ ਰੋਜ਼ਾਨਾ ਯੋਗਦਾਨ ਦੇਣ ਅਤੇ ਮਦਦ ਕਰਨ ਦੇ ਤਰੀਕੇ ਲੱਭ ਰਹੇ ਹਾਂ। ਇਸ ਨੂੰ ਦੇਖਦੇ ਹੋਏ ਮੈਂ 350 ਟੈੱਸਟ ਮੈਚ ਖੇਡਣ ਤੋਂ ਬਾਅਦ ਮਿਲੀ ਆਪਣੀ ਪਿਆਰੀ ਬੈਗੀ ਗ੍ਰੀਨ ਕੈਪ ਦੀ ਨੀਲਾਮੀ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਨੂੰ ਮੈਂ ਆਪਣੇ ਪੂਰੇ ਟੈੱਸਟ ਕਰੀਅਰ ਦੇ ਦੌਰਾਨ ਪਹਿਨਿਆ।” ਉਨ੍ਹਾਂ ਕਿਹਾ, ”ਉਮੀਦ ਕਰਦਾ ਹਾਂ ਕਿ ਮੇਰੀ ਬੈਗੀ ਗ੍ਰੀਨ ਉਨ੍ਹਾਂ ਲੋਕਾਂ ਦੀ ਮਦਦ ਲਈ ਧਨ ਰਾਸ਼ੀ ਜੁਟਾ ਸਕੇਗੀ ਜਿਨ੍ਹਾਂ ਨੂੰ ਇਸ ਦੀ ਬੇਹੱਦ ਜ਼ਰੂਰਤ ਹੈ।”
ਵਾਰਨ ਸਮੇਤ ਕਈ ਕ੍ਰਿਕਟਰ ਜੰਗਲਾਂ ‘ਚ ਲੱਗੀ ਅੱਗ ਨਾਲ ਪੀੜਤਾਂ ਦੀ ਮਦਦ ਲਈ ਧਨ ਰਾਸ਼ੀ ਇੱਕੱਠਾ ਕਰ ਰਹੇ ਹਨ। ਕ੍ਰਿਸ ਲਿਨ, ਮੈਕਸਵੈੱਲ ਅਤੇ ਡਾਰਸੀ ਸ਼ੌਰਟ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਮੌਜੂਦਾ ਬਿਗ ਬੈਸ਼ ਲੀਗ ‘ਚ ਆਪਣੇ ਮਾਰੇ ਗਏ ਹਰੇਕ ਛੱਕੇ ਲਈ 250 ਆਸਟਰੇਲੀਆਈ ਡਾਲਰ ਦੀ ਰਾਸ਼ੀ ਦਾਨ ‘ਚ ਦੇਣਗੇ।