ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਬਾਸਿਤ ਅਲੀ ਨੇ ਕਿਹਾ ਕਿ ਸ਼ੋਏਬ ਅਖ਼ਤਰ ਨੂੰ ਉਨ੍ਹਾਂ ਖਿਡਾਰੀਆਂ ਦੇ ਨਾਂ ਦਸਣੇ ਚਾਹੀਦੇ ਹਨ ਜਿਨ੍ਹਾਂ ਨੇ ਟੀਮ ‘ਚ ਇੱਕਲੌਤੇ ਹਿੰਦੂ ਖਿਡਾਰੀ ਲੈੱਗ ਸਪਿਨਰ ਦਾਨਿਸ਼ ਕਨੇਰੀਆ ਦੇ ਨਾਲ ਵਿਤਕਰਾ ਕੀਤਾ ਸੀ। ਅਖ਼ਤਰ ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ ਟੀਮ ‘ਚ ਕੁੱਝ ਖਿਡਾਰੀ ਕਨੇਰੀਆ ਨਾਲ ਇਸ ਲਈ ਮਤਰੇਆ ਸਲੂਕ ਕਰਦੇ ਸਨ ਕਿਉਂਕਿ ਉਹ ਹਿੰਦੂ ਸਨ।
ਕਨੇਰੀਆ ਨੇ ਵੀ ਅਖ਼ਤਰ ਦੀ ਗੱਲ ਦੀ ਪੁਸ਼ਟੀ ਕੀਤੀ ਸੀ ਅਤੇ ਕਿਹਾ ਸੀ ਕਿ ਸਿਰਫ਼ ਅਖ਼ਤਰ, ਸਾਬਕਾ ਕਪਤਾਨ ਇੰਜ਼ਮਾਮ ਉਲ ਹੱਕ, ਯੂਨਿਸ ਖ਼ਾਨ ਅਤੇ ਮੁਹੰਮਦ ਯੂਸੁਫ਼ ਨੇ ਉਨ੍ਹਾਂ ਦਾ ਸਾਥ ਦਿੱਤਾ। ਇੱਕ ਅਖ਼ਬਾਰ ਨੇ ਬਾਸਿਤ ਦੇ ਹਵਾਲੇ ਤੋਂ ਲਿਖਿਆ ਹੈ, ”ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਕਨੇਰੀਆ ਨੇ ਇਹ ਕਿਹਾ ਕਿ ਉਹ ਬਾਅਦ ‘ਚ ਉਨ੍ਹਾਂ ਖਿਡਾਰੀਆਂ ਦੇ ਨਾਂ ਦਾ ਐਲਾਨ ਕਰੇਗਾ। ਸ਼ੋਏਬ ਨੂੰ ਕਿਸੇ ਤਰ੍ਹਾਂ ਦੀ ਪ੍ਰਸਿੱਧੀ ਦੀ ਲੋੜ ਨਹੀਂ। ਉਸ ਦੇ ਕਾਫ਼ੀ ਪ੍ਰਸ਼ੰਸਕ ਹਨ ਅਤੇ ਹਮੇਸ਼ਾ ਰਹਿਣਗੇ, ਪਰ ਸ਼ੋਏਬ ਨੂੰ ਉਨ੍ਹਾਂ ਖਿਡਾਰੀਆਂ ਦੇ ਨਾਂ ਦੱਸਣੇ ਚਾਹੀਦੇ ਹਨ।” ਉਨ੍ਹਾਂ ਕਿਹਾ, ”ਇਸ ਤਰ੍ਹਾਂ ਦੀ ਚੀਜ਼ (ਧਰਮ ਦੇ ਨਾਂ ‘ਤੇ ਵਿਤਕਰਾ) ਮੇਰੇ ਸਮੇਂ ‘ਚ ਨਹੀਂ ਹੋਈ।”












