11 ਸਾਲ ਬਾਅਦ ਪਛਤਾਏ ਭੱਜੀ, ਕਿਹਾ-ਨਹੀਂ ਮਾਰਨਾ ਚਾਹੀਦਾ ਸੀ ਸ਼੍ਰੀਸੰਤ ਦੇ ਥੱਪੜ

ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਨੇ 11 ਸਾਲ ਬਾਅਦ 2008 ਦੇ IPL ਵਿੱਚ ਹੋਏ ਉਸ ਦੇ ਅਤੇ ਸ਼੍ਰੀਸੰਤ ਵਿਵਾਦ ‘ਤੇ ਆਪਣੀ ਗੱਲ ਰੱਖੀ ਹੈ। ਸਾਲ 2008 ਦੇ IPL ਦੌਰਾਨ ਮੁੰਬਈ ਇੰਡੀਅਨਜ਼ ਵਲੋਂ ਖੇਡ ਰਹੇ ਹਰਭਜਨ ਸਿੰਘ ਨੇ ਪੰਜਾਬ ਵਲੋਂ ਖੇਡ ਰਹੇ ਗੇਂਦਬਾਜ਼ ਸ਼੍ਰੀਸੰਥ ਨੂੰ ਮੈਦਾਨ ‘ਤੇ ਥੱਪੜ ਲਾ ਦਿੱਤਾ ਸੀ। ਇਸ ਦੇ ਬਾਅਦ ਤੋਂ ਇਨ੍ਹਾਂ ਦੋਵਾਂ ਹੀ ਖਿਡਾਰੀਆਂ ਦੇ ਸਬੰਧ ਵਿਗੜਦੇ ਗਏ। ਇੰਨੇ ਸਾਲਾਂ ਬਾਅਦ ਹੁਣ ਹਰਭਜਨ ਸਿੰਘ ਨੂੰ ਆਪਣੀ ਗ਼ਲਤੀ ‘ਤੇ ਪਛਤਾਵਾ ਹੋ ਰਿਹਾ ਹੈ। ਬਿਹਾਈਂਡ ਵੁਡਜ਼ ਏਅਰ ਸ਼ੋਅ ਵਿੱਚ ਹਰਭਜਨ ਨੇ ਕਿਹਾ, ”ਸ਼੍ਰੀਸੰਥ ਅਤੇ ਮੇਰੇ ਵਿਚਾਲੇ ਜੋ ਕੁੱਝ ਵੀ ਹੋਇਆ ਉਹ ਸਹੀ ਨਹੀਂ ਸੀ। ਮੈਨੂੰ ਉਸ ਨੂੰ ਥੱਪੜ ਨਹੀਂ ਮਾਰਨਾ ਚਾਹੀਦਾ ਸੀ। ਜੇਕਰ ਮਨੁੱਖ ਦੇ ਕੋਲ ਆਪਣੇ ਪਾਸਟ ਵਿੱਚ ਜਾ ਕੇ ਗ਼ਲਤੀ ਸੁਧਾਰਨ ਦੀ ਸਮਰੱਥਾ ਹੁੰਦੀ ਤਾਂ ਮੈਂ ਇਸ ਗ਼ਲਤੀ ਨੂੰ ਸੁਧਾਰਨਾ ਚਾਹੁੰਗਾ। ਸ਼੍ਰੀਸੰਥ ਬਹੁਤ ਹੀ ਹੁਨਰਮੰਦ ਗੇਂਦਬਾਜ਼ ਰਿਹਾ ਹੈ, ਮੇਰੀਆਂ ਸ਼ੁਭਕਾਮਨਾਵਾਂ ਹਮੇਸ਼ਾ ਉਸ ਦੇ ਅਤੇ ਉਸ ਦੇ ਪਰਿਵਾਰ ਦੇ ਨਾਲ ਰਹਿਣਗੀਆਂ।” ਭੱਜੀ ਨੇ ਅੱਗੇ ਕਿਹਾ, ”ਮੈਂ ਕੁੱਝ ਚੀਜ਼ਾਂ ਜ਼ਿੰਦਗੀ ‘ਚ ਗ਼ਲਤ ਕੀਤੀਆਂ ਹਨ, ਉਨ੍ਹਾਂ ਵਿੱਚੋਂ ਇੱਕ ਸ਼੍ਰੀਸੰਥ ਦੇ ਥੱਪੜ ਮਾਰਨਾ ਵੀ ਹੈ।
ਹਰਭਜਨ ਨੇ ਮਨਿਆ ਕਿ ਗੁੱਸੇ ਕਾਰਨ ਉਸ ਨੂੰ ਕੁੱਝ ਸਮਝ ਨਹੀਂ ਆ ਰਿਹਾ ਸੀ, ਪਰ ਨਾਲ ਹੀ ਉਹ ਇਸ ਹਾਦਸੇ ਤੋਂ ਕਿਨਾਰਾ ਕਰ ਸ਼੍ਰੀਸੰਥ ਨੂੰ ਅਜੇ ਵੀ ਆਪਣੇ ਭਰਾ ਵਰਗਾ ਦੱਸਿਆ। ਦਸ ਦਈਏ ਨਕ ਕੁੱਝ ਦਿਨ ਪਹਿਲਾਂ ਸ਼੍ਰੀਸੰਥ ਨੇ ਬਿਗ ਬੌਸ ਸ਼ੋਅ ਦੌਰਾਨ ਇਸ ਮਾਮਲੇ ਨੂੰ ਲੈ ਕੇ ਕਿਹਾ ਸੀ ਕਿ ਉਸ ਦੇ ਹਾਰਡ ਲਕ ਕਹਿਣ ‘ਤੇ ਭੱਜੀ ਭੜਕ ਗਏ ਸੀ। ਸ਼੍ਰੀਸੰਤ ਮੁਤਾਬਿਕ ਭੱਜੀ ਆਪਣੇ ਘਰੇਲੂ ਮੈਦਾਨ ਮੋਹਾਲੀ ‘ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸੀ ਜਿਸ ਨਾਲ ਉਹ ਨਾਰਾਜ਼ ਸੀ ਅਤੇ ਮੇਰਾ ਕੌਮੈਂਟ ਸੁਣ ਕੇ ਭੜਕ ਗਏ ਸੀ।