ICC ਨੇ ਚੁਣੀਆਂ ਵਨਡੇ ਅਤੇ ਟੈੱਸਟ ਟੀਮਾਂ, ਕੋਹਲੀ ਸਣੇ 4 ਭਾਰਤੀ ਖਿਡਾਰੀਆਂ ਨੂੰ ਮਿਲੀ ਜਗ੍ਹਾ

ਨਵੀਂ ਦਿੱਲੀ – ਸਾਲ 2018 ਵਿੱਚ ਟੈੱਸਟ ਕ੍ਰਿਕਟ ‘ਚ ਚੋਟੀ ‘ਤੇ ਰਹੇ ਵਿਰਾਟ ਕੋਹਲੀ ਨੂੰ ICC ਟੈੱਸਟ ਟੀਮ ਔਫ਼ ਦਾ ਯੀਅਰ ਦਾ ਕਪਤਾਨ ਐਲਾਨ ਦਿੱਤਾ ਗਿਆ ਹੈ। ਇਸ ਟੀਮ ਵਿੱਚ ਕੋਹਲੀ ਸਮੇਤ ਭਾਰਤ ਦੇ ਤਿੰਨ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ। ਨੌਜਵਾਨ ਵਿਕਟਕੀਪਰ ਬੱਲੇਬਾਜ਼ੀ ਰਿਸ਼ਭ ਪੰਤ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸ਼ਾਮਿਲ ਹਨ। ਭਾਰਤ ਤੋਂ ਇਲਾਵਾ ਨਿਊ ਜ਼ੀਲੈਂਡ ਹੀ ਅਜਿਹਾ ਦੇਸ਼ ਹੈ ਜਿਸ ਦੇ ਤਿਨ ਖਿਡਾਰੀਆਂ ਨੂੰ ਇਸ ਟੀਮ ‘ਚ ਜਗ੍ਹਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸ਼੍ਰੀਲੰਕਾ, ਵਿੰਡੀਜ਼, ਦੱਖਣੀ ਅਫ਼ਰੀਕਾ, ਆਸਟਰੇਲੀਆ ਅਤੇ ਪਾਕਿਸਤਾਨ ਦੇ ਇੱਕ-ਇੱਕ ਖਿਡਾਰੀ ਨੂੰ ਇਸ ਟੀਮ ‘ਚ ਜਗ੍ਹਾ ਮਿਲੀ ਹੈ।
ਵਿਰਾਟ ਨੂੰ ਬਿਨਾ ਕਿਸੇ ਸ਼ੱਕ ਤੋਂ ਇਸ ਸਮੇਂ ਟੈੱਸਟ ਖੇਡ ਰਹੇ ਬੱਲੇਬਾਜ਼ਾਂ ਵਿੱਚੋਂ ਚੋਟੀ ‘ਤੇ ਮੰਨਿਆ ਜਾਂਦਾ ਹੈ। ਉਸ ਨੇ 2018 ਵਿੱਚ 13 ਟੈਸਟ ਮੈਚਾਂ ਵਿੱਚ 55.88 ਦੀ ਔਸਤ ਨਾਲ 1,322 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਪੰਜ ਸੈਂਕੜੇ ਅਤੇ ਪੰਜ ਅਰਧ ਸੈਂਕੜੇ ਲਾਏ। 2016 ਦੇ ਬਾਅਦ ਤੋਂ ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਉਸ ਨੇ ਹਰ ਕਲੈਂਡਰ ਸਾਲ ਵਿੱਚ 1000 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਉੱਥੇ ਹੀ ਦੱਖਣੀ ਅਫ਼ਰੀਕਾ ਅਤੇ ਇੰਗਲੈਂਡ ਵਿੱਚ ਖੇਡੀ ਗਈ ਸੀਰੀਜ਼ ਨੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਰਿਹਾ ਸੀ। ਉਸ ਨੇ ਇੰਗਲੈਂਡ ਖ਼ਿਲਾਫ਼ ਸੀਰੀਜ਼ ਵਿੱਚ ਉਸ ਨੇ ਦੋ ਮੈਚਾਂ ਵਿੱਚ 200 ਤੋਂ ਵੱਧ ਦੌੜਾਂ ਬਣਾਈਆਂ ਸਨ।
ਕੋਹਲੀ ਨੇ ਸਾਲ 2018 ਵਿੱਚ ਭਾਰਤ ਟੀਮ ਦੀ 14 ਵਨ ਡੇ ਮੈਚਾਂ ‘ਚ ਅਗਵਾਈ ਕੀਤੀ ਜਿਸ ਵਿੱਚੋਂ ਨੌਂ ਮੈਚਾਂ ਵਿੱਚ ਟੀਮ ਨੇ ਜਿੱਤ ਹਾਸਿਲ ਕੀਤੀ। ICC ਦੀ ਸਾਲ 2018 ਦੀ ਸਰਵਸ੍ਰੇਸ਼ਠ ਵਨ ਡੇ ਵਿੱਚ ਭਾਰਤੀ ਟੀਮ ਅਤੇ ਇੰਗਲਿਸ਼ ਖਿਡਾਰੀਆਂ ਦਾ ਦਬਦਬਾ ਰਿਹਾ ਹੈ। ICC ਦੀ ਵਨ ਡੇ ਟੀਮ ਵਿੱਚ ਓਪਨਿੰਗ ਦੀ ਜ਼ਿੰਮੇਵਾਰੀ ਰੋਹਿਤ ਸ਼ਰਮਾ ਅਤੇ ਇੰਗਲੈਂਡ ਦੇ ਜਾਨੀ ਬੇਅਰਸਟੋ ਨੂੰ ਮਿਲੀ ਹੈ। ਰੋਹਿਤ ਨੇ 19 ਪਾਰੀਆਂ ਵਿੱਚ 73.57 ਦੀ ਔਸਤ ਅਤੇ 100 ਦੀ ਸਟ੍ਰਾਈਕ ਰੇਟ ਨਾਲ 1030 ਦੌੜਾਂ ਬਣਾਈਆਂ ਹਨ। ਬੇਅਰਸਟੋ ਨੇ 22 ਪਾਰੀਆਂ ਵਿੱਚ 46.59 ਦੀ ਔਸਤ ਅਤੇ 118.22 ਦੇ ਸਟ੍ਰਾਈਕ ਰੇਟ ਨਾਲ 1025 ਦੌੜਾਂ ਬਣਾਈਆਂ। ਭਾਰਤੀ ਕਪਤਾਨ ਨੇ ਸਾਲ 2018 ਵਿੱਚ 14 ਮੈਚਾਂ ਵਿੱਚ 6 ਸੈਂਕੜੇ ਅਤੇ 3 ਅਰਧ ਸੈਂਕੜੇ ਦੇ ਨਾਲ 133.55 ਦੀ ਔਸਤ ਨਾਲ 1202 ਦੌੜਾਂ ਬਣਾਈਆਂ।
ICC ਟੈੱਸਟ ਟੀਮ ਇਸ ਤਰ੍ਹਾਂ ਹੈ: ਟਾਮ ਲੈਥਮ (ਨਿਊ ਜ਼ੀਲੈਂਡ), ਕੈੱਨ ਵਿਲੀਅਮਸਨ (ਨਿਊ ਜ਼ੀਲੈਂਡ), ਦਿਮੁਥ ਕਰੂਣਾਰਤਨੇ (ਸ਼੍ਰੀ ਲੰਕਾ), ਵਿਰਾਟ ਕੋਹਲੀ (ਕਪਤਾਨ) (ਭਾਰਤ), ਹੈਨਰੀ ਨਿਕੋਲਸ (ਨਿਊ ਜ਼ੀਲੈਂਡ), ਰਿਸ਼ਭ ਪੰਤ (ਭਾਰਤ), ਜੇਸਨ ਹੋਲਡਰ (ਵਿੰਡੀਜ਼), ਕੈਗਿਸੋ ਰਬਾਡਾ (ਦੱਖਣੀ ਅਫ਼ਰੀਕਾ), ਨੇਥਨ ਲਿਓਨ (ਆਸਟਰੇਲੀਆ), ਜਸਪ੍ਰੀਤ ਬੁਮਰਾਹ (ਭਾਰਤ) ਅਤੇ ਮੁਹੰਮਦ ਅੱਬਾਸ (ਪਾਕਿਸਤਾਨ)।
ICC ਵਨ ਡੇ ਟੀਮ ਇਸ ਤਰ੍ਹਾਂ ਹੈ: ਰੋਹਿਤ ਸ਼ਰਮਾ (ਭਾਰਤ), ਜੌਨੀ ਬੇਅਰਸਟੋ (ਇੰਗਲੈਂਡ), ਵਿਰਾਟ ਕੋਹਲੀ (ਕਪਤਾਨ, ਭਾਰਤ), ਜੋ ਰੂਟ (ਇੰਗਲੈਂਡ), ਰੌਸ ਟੇਲਰ (ਨਿਊ ਜ਼ੀਲੈਂਡ), ਬੈੱਨ ਸਟੋਕਸ (ਇੰਗਲੈਂਡ), ਜੌਸ ਬਟਲਰ (ਇੰਗਲੈਂਡ), ਮੁਸਤਫ਼ਿਜ਼ੁਰ ਰਹਿਮਾਨ (ਬੰਗਲਾਦੇਸ਼), ਰਾਸ਼ਿਦ ਖ਼ਾਨ (ਅਫ਼ਗ਼ਾਨਿਸਤਾਨ), ਕੁਲਦੀਪ ਯਾਦਵ (ਭਾਰਤ), ਜਸਪ੍ਰੀਤ ਬੁਮਰਾਹ (ਭਾਰਤ)।