ਫ਼ੁਕਰੇ-3 ਦੀ ਸ਼ੂਟਿੰਗ ਮੁਕੰਮਲ

ਫ਼ਿਲਮ ਨਿਰਮਾਤਾ ਮ੍ਰਿਗਦੀਪ ਸਿੰਘ ਲਾਂਬਾ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਕਿ ਉਸ ਨੇ ਫ਼ਿਲਮ ਫ਼ੁਕਰੇ-3 ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਹ ਫ਼ਿਲਮ ਚਾਰ ਦੋਸਤਾਂ ਦੀ ਕਹਾਣੀ ਹੈ ਜਿਸ ‘ਚ ਅਦਾਕਾਰ ਪੁਲਕਿਤ ਸਮਰਾਟ (ਹਨੀ), ਵਰੁਨ ਸ਼ਰਮਾ (ਚੂਚਾ), ਮਨਜੋਤ ਸਿੰਘ (ਲਾਲੀ) ਅਤੇ ਅਲੀ ਫ਼ਜ਼ਲ (ਜ਼ਫ਼ਰ) ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਹ ਚਾਰ ਦੋਸਤ ਛੇਤੀ ਤੋਂ ਛੇਤੀ ਬਹੁਤ ਸਾਰਾ ਪੈਸਾ ਕਮਾਉਣ ਦੇ ਇਰਾਦੇ ਨਾਲ ਇਕੱਠੇ ਹੁੰਦੇ ਹਨ।
ਫ਼ਿਲਮ ‘ਚ ਅਦਾਕਾਰਾ ਰਿਚਾ ਚੱਢਾ ਇੱਕ ਸਥਾਨਕ ਗੈਂਗਸਟਰ ਭੋਲੀ ਪੰਜਾਬਣ ਦੀ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਦੇ ਨਿਰਦੇਸ਼ਕ ਲਾਂਬਾ ਨੇ ਸ਼ੂਟਿੰਗ ਮੁਕੰਮਲ ਕਰਨ ਮਗਰੋਂ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਇਸ ਦੀ ਜਾਣਕਾਰੀ ਦਿੰਦਿਆਂ ਲਿਖਿਆ, ਫ਼ੁਕਰੇ-3 ਦੀ ਸ਼ੂਟਿੰਗ ਮੁਕੰਮਲ, ਟੀਮ ਫ਼ੁਕਰੇ ਦਾ ਧੰਨਵਾਦ। ਤੁਸੀਂ ਸਾਰੇ ਹੀ ਬਾਕਮਾਲ ਹੋ। ਮੈਂ ਤੁਹਾਡੇ ਸਾਰਿਆਂ ਨਾਲ ਸ਼ੂਟਿੰਗ ਦੌਰਾਨ ਬਿਤਾਏ ਪਲਾਂ ਨੂੰ ਯਾਦ ਕਰਾਂਗਾ।”ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦੇ ਪਹਿਲੇ ਦੋ ਭਾਗ 2013 ਅਤੇ 2017 ‘ਚ ਰਿਲੀਜ਼ ਹੋਏ ਸਨ।