ਅਦਾਕਾਰ ਸ਼ਾਹਰੁਖ ਖ਼ਾਨ ਨੇ ਸਿਨੇਮਾ ‘ਚ ਕੰਮ ਕਰਦਿਆਂ 30 ਵਰ੍ਹੇ ਮੁਕੰਮਲ ਕਰ ਲਏ ਹਨ। ਇਸ ਮੌਕੇ ਨੂੰ ਵੱਖਰੇ ਅੰਦਾਜ਼ ਨਾਲ ਮਨਾਉਂਦਿਆਂਸ਼ਾਹਰੁਖ ਨੇ ਆਪਣੀ ਨਵੀਂ ਫ਼ਿਲਮ ‘ਪਠਾਨ’ ਵਿਚਲੀ ਦਿੱਖ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ 56 ਸਾਲਾ ਅਦਾਕਾਰ ਨੇ ਕਾਲੇ ਰੰਗ ਦਾ ਸੂਟ ਪਾਇਆ ਹੋਇਆ ਹੈ ਤੇ ਉਹ ਲੰਮੇ ਵਾਲਾਂ ਤੇ ਦਾੜ੍ਹੀ ਨਾਲ ਦਿਖਾਈ ਦੇ ਰਿਹਾ ਹੈ। ਆਪਣੇ ਟਵਿਟਰ ਐਕਾਊਂਟ ‘ਤੇ ਅਦਾਕਾਰ ਨੇ ਲਿਖਿਆ, ”ਇਥੇ ਪਠਾਨ ਨਾਲ ਸਫ਼ਰ ਜਾਰੀ ਰੱਖਦਿਆਂ 30ਵੇਂ ਵਰ੍ਹੇ ‘ਤੇ ਹੁਣ ਮੈਂ ਗਿਣਤੀ ਨਹੀਂ ਕਰ ਰਿਹਾ ਕਿਉਂਕਿ ਤੁਹਾਡਾ ਪਿਆਰ ਅਤੇ ਖ਼ੁਸ਼ੀ ਅਨੰਤ ਤਕ ਮੇਰੇ ਨਾਲ ਹਨ। ਫ਼ਿਲਮ ਪਠਾਨ 25 ਜਨਵਰੀ 2023 ਨੂੰ ਹਿੰਦੀ, ਤਮਿਲ ਅਤੇ ਤੇਲਗੂ ਭਾਸ਼ਾਵਾਂ ‘ਚ ਰਿਲੀਜ਼ ਹੋ ਰਹੀ ਹੈ।”ਜ਼ਿਕਰਯੋਗ ਹੈ ਕਿ ਇਹ ਫ਼ਿਲਮ ਇੱਕ ਜਾਸੂਸੀ ਥ੍ਰਿਲਰ ਹੈ, ਜਿਸ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ ਜਿਸ ਨੇ ਇਸ ਤੋਂ ਪਹਿਲਾਂ ਵਾਰ ਅਤੇ ਬੈਂਗ ਬੈਂਗ ਫ਼ਿਲਮਾਂ ਦਿੱਤੀਆਂ ਹਨ। ਫ਼ਿਲਮ ‘ਚ ਜੌਹਨ ਐਬਰਾਹਮ ਅਤੇ ਦੀਪਿਕਾ ਪਾਦੂਕੋਨ ਮੁੱਖ ਭੂਮਿਕਾ ‘ਚ ਹਨ। ਅਦਾਕਾਰ ਜੌਹਨ ਨੇ ਵੀ ਸ਼ਾਹਰੁਖ਼ ਦੀ ਇਹ ਪਹਿਲੀ ਝਲਕ ਆਪਣੇ ਇਨਸਟਾਗ੍ਰੈਮ ਪੇਜ ‘ਤੇ ਸਾਂਝੀ ਕੀਤੀ।











