
ਵੈੱਬ ਸੀਰੀਜ਼ – ਮਿਰਜ਼ਾਪੁਰ 2
ਸਟਾਰ ਕਾਸਟ – ਪੰਕਜ ਤ੍ਰਿਪਾਠੀ, ਅਲੀ ਫ਼ਜਲ, ਸ਼ਵੇਤਾ ਤ੍ਰਿਪਾਠੀ, ਰਸਿਕਾ ਦੁੱਗਲ, ਵਿਜੈ ਵਰਮਾ
ਡਾਇਰੈਕਟਰ – ਗੁਰਮੀਤ ਸਿੰਘ ਮਿਹਿਰ ਦੇਸਾਈ
ਰੇਟਿੰਗ – 3 ਸਟਾਰ
ਕਹਾਣੀ
ਐਮੇਜ਼ੌਨ ਪ੍ਰਾਈਮ ਵੀਡੀਓ ਦੀ ਮਸ਼ਹੂਰ ਵੈੱਬ ਸੀਰੀਜ਼ ਮਿਰਜ਼ਾਪੁਰ 2 ਬੀਤੇ ਹਫ਼ਤੇ ਰਿਲੀਜ਼ ਹੋ ਗਈ। ਸੀਰੀਜ਼ ‘ਚ ਪੰਕਜ ਤ੍ਰਿਪਾਠੀ, ਸ਼ਵੇਤਾ ਤ੍ਰਿਪਾਠੀ, ਅਲੀ ਫ਼ਜਲ ਵਰਗੇ ਸਿਤਾਰਿਆਂ ਨੇ ਕੰਮ ਕੀਤਾ ਹੈ। ਹਾਲਾਂਕਿ ਕਹਾਣੀ ਨੂੰ ਦਿਲਚਸਪ ਬਣਾਉਣ ਲਈ ਇਸ ਵਾਰ ਕੁੱਝ ਨਵੇਂ ਸਿਤਾਰਿਆਂ ਨੂੰ ਵੀ ਸੀਜ਼ਨ 2 ਨਾਲ ਜੋੜਿਆ ਗਿਆ ਹੈ। ਪਿਛਲੇ ਸੀਜ਼ਨ ਵਾਂਗ ਇਸ ਵਾਰ ਵੀ ਕਾਲੀਨ ਭੈਯਾ (ਪੰਕਜ ਤ੍ਰਿਪਾਠੀ) ਦਾ ਭੌਕਾਲ ਬਰਕਰਾਰ ਨਜ਼ਰ ਆਇਆ।
ਮਿਰਜ਼ਾਪੁਰ 2 ‘ਚ ਪਹਿਲੇ ਸੀਜ਼ਨ ਤੋਂ ਅੱਗੇ ਦੀ ਕਹਾਣੀ ਦਿਖਾਈ ਗਈ ਹੈ। ਪਹਿਲੇ ਸੀਜ਼ਨ ਦੇ ਲਾਸਟ ਐਪੀਸੋਡ ‘ਚ ਮੁੰਨਾ ਤ੍ਰਿਪਾਠੀ, ਬਬਲੂ ਪੰਡਿਤ ਅਤੇ ਸਵੀਟੀ ਨੂੰ ਮਾਰ ਦਿੰਦਾ ਹੈ ਪਰ ਗੁੱਡੂ ਪੰਡਿਤ (ਅਲੀ ਫ਼ਜਲ) ਅਤੇ ਗੋਲੂ (ਸ਼ਵੇਤਾ ਤ੍ਰਿਪਾਠੀ) ਬੱਚ ਜਾਂਦੇ ਹਨ। ਇਸ ਤੋਂ ਬਾਅਦ ਹੁਣ ਬਦਲਾ ਲੈਣ ਅਤੇ ਮਿਰਜ਼ਾਪੁਰ ‘ਤੇ ਰਾਜ ਕਰਨ ਦੀ ਕਹਾਣੀ ਸ਼ੁਰੂ ਹੁੰਦੀ ਹੈ। ਗੁੱਡੂ ਪੰਡਿਤ ਭਰਾ ਅਤੇ ਆਪਣੀ ਪਤਨੀ ਦੀ ਮੌਤ ਦਾ ਬਦਲਾ ਮੁੰਨਾ ਅਤੇ ਉਸ ਦੇ ਪਿਤਾ ਕਾਲੀਨ ਭੈਯਾ ਤੋਂ ਲੈਣਾ ਚਾਹੁੰਦੇ ਹਨ ਅਤੇ ਇਸੇ ਕੰਮ ‘ਚ ਉਸ ਦਾ ਸਾਥ ਗੋਲੂ ਦਿੰਦੀ ਹੈ।
ਇਸ ਸੀਜ਼ਨ ‘ਚ ਸ਼ੁਰੂ ਦੇ ਦੋ ਐਪੀਸੋਡ ਗੁੱਡੂ ਪੰਡਿਤ ਅਤੇ ਗੋਲੂ ਦੇ ਸੰਘਰਸ਼ ‘ਤੇ ਆਧਾਰਿਤ ਸਨ। ਦੂਜੇ ਸੀਜ਼ਨ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤਕ ਕਹਾਣੀ ਪਰੇਸ਼ਾਨ ਨਹੀਂ ਕਰਦੀ। ਵਿੱਚ-ਵਿੱਚ ‘ਚ ਕੌਮੇਡੀ, ਸ਼ਾਨਦਾਰ ਡਾਇਲੌਗਜ਼ ਅਤੇ ਸਸਪੈਂਸ ਦਾ ਜ਼ਬਰਦਸਤ ਤੜਕਾ ਲਾਇਆ ਗਿਆ ਹੈ। ਸੀਰੀਜ਼ ‘ਚ ਜਿਹੜੇ ਵੱਡੇ ਬਦਲਾਅ ਹੁੰਦੇ ਹਨ, ਉਹ ਗੋਲੂ ਦਾ ਬੰਦੂਕ ਚੁੱਕ ਲੈਣਾ ਅਤੇ ਗੁੱਡੂ ਦਾ ਲੰਗੜਾ ਹੋ ਜਾਣਾ। ਕਾਲੀਨ ਭੈਯਾ ਦੀ ਪਤਨੀ ਦਾ ਕਿਰਦਾਰ ਅੱਗੇ-ਅੱਗੇ ਨਿਖਰ ਕੇ ਆਉਂਦਾ ਹੈ। ਇਸ ਵਾਰ ਕਹਾਣੀ ਮਿਰਜ਼ਾਪੁਰ ਤੋਂ ਨਿਕਲ ਕੇ ਲਖਨਊ ਤਕ ਜਾ ਪਹੁੰਚਦੀ ਹੈ। ਗੁੱਡੂ ਪੰਡਿਤ ਦੇ ਬਦਲਣ ਦੀ ਅੱਗ ਅਤੇ ਮੁੰਨਾ ਦਾ ਗੱਦੀ ਨਾਲ ਜੁੜਿਆ ਲਾਲਚ ਪੂਰੀ ਸੀਰੀਜ਼ ‘ਚ ਸਵਾਦ ਜਮਾਈ ਰੱਖਦਾ ਹੈ। ਗੁੱਡੂ ਪੰਡਿਤ ਆਪਣੀ ਪੂਰੀ ਤਾਕਤ ਨਾਲ ਵਾਪਸੀ ਕਰਦਾ ਹੈ। ਲਖਨਊ ‘ਚ ਇਨਵੈਸਟਮੈਂਟ ਦਾ ਬਿਜਨਸ ਚਲਾਉਣ ਵਾਲਾ ਰੌਬਿਨ (ਵਿਜੈ ਵਰਮਾ) ਅਤੇ ਜੌਨਪੁਰ ਦਾ ਬਾਹੂਬਲੀ ਰਤੀ ਸ਼ੰਕਰ ਸ਼ੁਕਲਾ ਦਾ ਪੁੱਤਰ ਸ਼ਰਦ (ਅੰਜੁਮ ਸ਼ਰਮਾ) ਨੇ ਸੀਰੀਜ਼ ਨੂੰ ਹੋਰ ਵੀ ਰੋਚਕ (ਦਿਲਚਸਪ) ਬਣਾ ਦਿੱਤਾ ਹੈ। ਇਸੇ ਤਰ੍ਹਾਂ ਇੱਕ ਤੋਂ ਬਾਅਦ ਇੱਕ ਅਜਿਹੇ ਕਈ ਕਿਰਦਾਰ ਆਉਂਦੇ ਹਨ ਜੋ ਫ਼ਿਲਮ ਨੂੰ ਦੇਖਣ ਲਈ ਉਤਸੁਕਤਾ ਪੈਦਾ ਕਰਦੇ ਹਨ।
ਕੀ ਹੋਇਆ ਸੀ ਮਿਰਜ਼ਾਪੁਰ ਦੇ ਪਹਿਲੇ ਸੀਜ਼ਨ ‘ਚ
ਮਿਰਜ਼ਾਪੁਰ ਦੇ ਸੀਜ਼ਨ ‘ਚ ਪੰਕਜ ਤ੍ਰਿਪਾਠੀ ਕਾਲੀਨ ਭਈਆ ਦੀ ਭੂਮਿਕਾ ‘ਚ ਦਿਖਾਈ ਦਿੱਤਾ ਸੀ ਜੋ ਇੱਕ ਬਾਹੂਬਲੀ ਹੈ ਅਤੇ ਮਿਰਜ਼ਾਪੁਰ ‘ਚ ਉਸ ਦੇ ਨਾਮ ਦੀ ਤੂਤੀ ਬੋਲਦੀ ਹੈ ਅਤੇ ਉਹ ਆਪਣੇ ਨਸ਼ਿਆਂ ਅਤੇ ਬੰਦੂਕਾਂ ਦੇ ਕਾਰੋਬਾਰ ਨੂੰ ਫ਼ੈਲਾਉਣ ਲਈ ਗੁੱਡੂ ਅਤੇ ਬਬਲੂ ਨੂੰ ਆਪਣੇ ਗਿਰੋਹ ‘ਚ ਸ਼ਾਮਿਲ ਕਰ ਲੈਂਦੈ, ਪਰ ਕਾਲੀਨ ਭਈਆ ਦਾ ਬੇਟਾ ਮੁੰਨਾ ਇਸ ਫ਼ੈਸਲੇ ਤੋਂ ਖ਼ੁਸ਼ ਨਹੀਂ ਸੀ। ਇਸ ਤੋਂ ਇਲਾਵਾ ਗੁੱਡੂ ਇੱਕ ਲੜਕੀ ਨਾਲ ਵਿਆਹ ਕਰਵਾਉਂਦਾ ਹੈ ਜਿਸ ਨੂੰ ਮੁੰਨਾ ਕਾਲਜ ‘ਚ ਪਸੰਦ ਕਰਦਾ ਹੁੰਦਾ ਸੀ। ਫ਼ਿਰ ਮੁੰਨਾ ਆਪਣੇ ਪਿਤਾ ਦੀ ਹੱਤਿਆ ਦੀ ਯੋਜਨਾ ਬਣਾ ਲੈਂਦਾ ਹੈ, ਪਰ ਕਾਲੀਨ ਭਇਆ ਬਚ ਜਾਂਦਾ ਹੈ ਅਤੇ ਮੁੰਨਾ ਇਸ ਦਾ ਇਲਜ਼ਾਮ ਗੁੱਡੂ ਅਤੇ ਬਬਲੂ ‘ਤੇ ਲਗਾ ਦਿੰਦਾ ਹੈ। ਕਾਲੀਨ ਵੀ ਮੁੰਨਾ ਨੂੰ ਗੁੱਡੂ ਅਤੇ ਬਬਲੂ ਨੂੰ ਖ਼ਤਮ ਕਰਨ ਦੀ ਆਗਿਆ ਦੇ ਦਿੰਦਾ ਹੈ। ਉਸ ਤੋਂ ਬਾਅਦ ਮੁੰਨਾ, ਬਬਲੂ ਅਤੇ ਗੁੱਡੂ ਦੀ ਪਤਨੀ ਦਾ ਕਤਲ ਕਰ ਦਿੰਦਾ ਹੈ।
ਮਿਰਜ਼ਾਪੁਰ 2 ਇਹ ਹੋਵੇਗਾ ਖ਼ਾਸ
ਮਿਰਜ਼ਾਪੁਰ 2 ‘ਚ ਗੁੱਡੂ ਆਪਣੇ ਭਰਾ ਅਤੇ ਆਪਣੀ ਪਤਨੀ ਦਾ ਬਦਲਾ ਲਵੇਗਾ, ਅਤੇ ਨਾਲ ਹੀ ਹੁਣ ਗੁੱਡੂ ਵੀ ਮਿਰਜ਼ਾਪੁਰ ‘ਤੇ ਰਾਜ ਕਰਨਾ ਚਾਹੇਗਾ। ਤੁਹਾਨੂੰ ਦੱਸ ਦੇਈਏ ਕਿ ਮਿਰਜ਼ਾਪੁਰ 2 ਰਿਲੀਜ਼ ਤੋਂ ਤਿੰਨ ਘੰਟੇ ਪਹਿਲਾਂ ਹੀ ਐਮੇਜ਼ੌਨ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਹੋਣਾ ਸ਼ੁਰੂ ਹੋ ਗਿਆ ਸੀ। ਐਮੇਜ਼ੌਨ ਪ੍ਰਾਈਮ ਵੀਡੀਓ ‘ਤੇ ਤੁਸੀਂ ਇਸ ਸੀਰੀਜ਼ ਨੂੰ ਵੇਖ ਸਕਦੇ ਹੋ। ਇਸ ਸੀਰੀਜ਼ ‘ਚ ਪੰਕਜ ਤ੍ਰਿਪਾਠੀ, ਅਲੀ ਫ਼ਜਲ, ਦਿਵਯੇਂਦੂ ਸ਼ਰਮਾ, ਸ਼ਵੇਤਾ ਤ੍ਰਿਪਾਠੀ ਅਤੇ ਰਸਿਕਾ ਦੁੱਗਲ ਆਪਣੇ ਕਿਰਦਾਰ ਨੂੰ ਦੁਬਾਰਾ ਨਿਭਾਉਂਦੇ ਨਜ਼ਰ ਆਉਣਗੇ। ਇਨ੍ਹਾਂ ਦੇ ਇਲਾਵਾ ਹੋਰ ਵੀ ਕਈ ਕਿਰਦਾਰ ਸਾਹਮਣੇ ਆਉਣ ਵਾਲੇ ਹਨ।











