ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1369

ਤੁਸੀਂ ਰੁੱਕ ਸਕਦੇ ਹੋ ਜਾਂ ਫ਼ਿਰ ਜਾ ਸਕਦੇ ਹੋ। ਕਬੂਲ ਕਰ ਸਕਦੇ ਹੋ ਜਾਂ ਨਕਾਰ ਸਕਦੇ ਹੋ। ਵਿਸ਼ਵਾਸ ਕਰ ਸਕਦੇ ਹੋ ਜਾਂ ਸ਼ੱਕ। ਜੰਗਲੀ ਜਾਨਵਰਾਂ ਵਾਂਗ ਖਰੂਦ ਮਚਾ ਸਕਦੇ ਹੋ ਜਾਂ ਬਿਨਾ ਕੋਈ ਖ਼ਤਰਾ ਉਠਾਏ ਇੱਕ ਸੁਰੱਖਿਅਤ ਖੇਡ ਖੇਡ ਸਕਦੇ ਹੋ। ਪਰ ਉਪਰੋਕਤ ਸਾਰੀਆਂ ਚੋਣਾਂ ਨੁਕਸਦਾਰ ਹਨ। ਸਭ ਦੇ ਆਪੋ ਆਪਣੇ ਨਤੀਜੇ ਅਤੇ ਉਲਝਾਅ ਨੇ। ਅਸੀਂ ਬੈਠ ਕੇ ਸਾਰੀ ਉਮਰ ਇਨ੍ਹਾਂ ਬਾਰੇ ਸੋਚ ਤਾਂ ਸਕਦੇ ਹਾਂ, ਪਰ ਸਾਨੂੰ ਸੋਚਣ ਦੀ ਲੋੜ ਹੈ ਜਾਂ ਐਕਸ਼ਨ ਲੈਣ ਦੀ? ਇਸ ਵਕਤ, ਤੁਹਾਨੂੰ ਥੋੜ੍ਹਾ ਦਬਾਅ ਮਹਿਸੂਸ ਹੋਣਾ ਸ਼ੁਰੂ ਹੋ ਗਿਐ। ਤੁਹਾਨੂੰ ਜਾਪਦੈ ਕਿ ਤੁਹਾਨੂੰ ਇੱਕ ਮੁਸ਼ਕਿਲ ਚੋਣ ਕਰਨੀ ਪੈਣੀ ਹੈ। ਪਰ, ਦਰਅਸਲ, ਤੁਹਾਨੂੰ ਅਜਿਹਾ ਕੁਝ ਵੀ ਨਹੀਂ ਕਰਨਾ ਪੈਣਾ। ਇਹ ਚੋਣ ਤੁਹਾਡੇ ਲਈ ਬਹੁਤ ਸਾਰੇ ਅਜਿਹੇ ਅਨਸਰਾਂ ਵਲੋਂ ਕੀਤੀ ਜਾਣੀ ਹੈ ਜਿਨ੍ਹਾਂ ਉੱਪਰ ਤੁਹਾਡਾ ਕੋਈ ਕੰਟਰੋਲ ਨਹੀਂ। ਪਰ ਇਹ ਇੱਕ ਬਿਹਤਰੀਨ ਚੋਣ ਸਾਬਿਤ ਹੋਵੇਗੀ, ਅਤੇ ਤੁਸੀਂ ਉਸ ਤੋਂ ਬਾਅਦ ਬਹੁਤ ਜ਼ਿਆਦਾ ਬਿਹਤਰ ਮਹਿਸੂਸ ਕਰੋਗੇ।

ਤੁਹਾਡੇ ਸੰਸਾਰ ਵਿਚਲਾ ਕੋਈ ਵਿਅਕਤੀ ਕਾਹਲ ਕਰਨਾ ਚਾਹੁੰਦੈ। ਉਨ੍ਹਾਂ ਨੇ ਆਪਣਾ ਮਨ ਬਣਾ ਲਿਐ। ਹੁਣ, ਉਨ੍ਹਾਂ ਨੂੰ ਹੋਰ ਦੇਰੀ ਕਰਨ ਦੀ ਕੋਈ ਲੋੜ ਦਿਖਾਈ ਨਹੀਂ ਦੇ ਰਹੀ। ਕੀ ਤੁਸੀਂ ਉਨ੍ਹਾਂ ਦੇ ਟੀਚਿਆਂ ਅਤੇ ਨਿਸ਼ਾਨਿਆਂ ਨਾਲ ਬਹੁਤੀ ਹੱਦ ਤਕ ਸਹਿਮਤ ਨਹੀਂ? ਫ਼ਿਰ ਐਵੇਂ ਮਾਮਲੇ ਨੂੰ ਲਟਕਾਈ ਜਾਣ ਦਾ ਕੀ ਮਕਸਦ? ਵੇਰਵਿਆਂ ਦੇ ਵਿਸਤਾਰ ਨਾਲ ਤਾਂ ਅੱਗੇ ਚੱਲ ਕੇ ਵੀ ਨਜਿਠਿਆ ਜਾ ਸਕਦੈ, ਕਿ ਨਹੀਂ? ਕੀ ਕਿਹਾ, ਤੁਸੀਂ ਇਸ ਬਾਬਤ ਬਹੁਤੇ ਜ਼ਿਆਦਾ ਨਿਸ਼ਚਿਤ ਨਹੀਂ? ਤੁਹਾਨੂੰ ਥੋੜ੍ਹੇ ਹੋਰ ਭਰੋਸੇ ਅਤੇ ਸਮੇਂ ਦੀ ਲੋੜ ਹੈ? ਉਸ ਲਈ ਬੇਨਤੀ ਕਰ ਕੇ ਦੇਖ ਲਓ। ਜੇ ਉਹ ਤੁਹਾਨੂੰ ਨਹੀਂ ਮਿਲਦੇ ਤਾਂ ਇਹ ਇਸ ਦਾ ਸਪੱਸ਼ਟ ਸੰਕੇਤ ਹੋਵੇਗਾ ਕਿ ਤੁਹਾਡੇ ਖ਼ਦਸ਼ੇ ਬਿਲਕੁਲ ਜਾਇਜ਼ ਹਨ। ਪਰ ਜੇ ਤੁਹਾਨੂੰ ਸਮਾਂ ਅਤੇ ਭਰੋਸਾ ਦੋਹੇਂ ਦਿਵਾ ਦਿੱਤੇ ਜਾਣ? ਤਾਂ ਵੀ ਤੁਹਾਨੂੰ ਉਸ ਵੇਲੇ ਤਕ ਇੰਤਜ਼ਾਰ ਕਰਨ ਦਾ ਹੱਕ ਹੈ ਜਦੋਂ ਤਕ ਤੁਹਾਨੂੰ ਸਮਾਂ ਸਹੀ ਨਾ ਲੱਗੇ। ਦਿਲਾਂ ਦੇ ਸਾਰੇ ਮਾਮਲਿਆਂ ‘ਚ, ਹੁਣ ਤੁਸੀਂ ਫ਼ੈਸਲਾ ਕਰਨ ‘ਚ ਆਪਣਾ ਵਕਤ ਲੈ ਸਕਦੇ ਹੋ।

ਕਿਰਪਾ ਕਰ ਕੇ ਇਹ ਯਾਦ ਕਰਨ ਦੀ ਕੋਸ਼ਿਸ਼ ਕਰੋ ਕਿ ਅਤੀਤ ‘ਚ ਤੁਸੀਂ ਕਿੰਝ ਮਹਿਸੂਸ ਕਰਦੇ ਹੁੰਦੇ ਸੀ। ਪਰ ਇਹ ਵੀ ਚੇਤੇ ਰੱਖਿਆ ਜੇ ਕਿ ਉਹ ‘ਓਦੋਂ’ ਸੀ ਅਤੇ ਇਹ ‘ਹੁਣ’ ਹੈ। ਇਹ ਜਿਹੜਾ ‘ਓਦੋਂ’ ਹੈ ਇਹ ਹਾਲ ਹੀ ਵਿੱਚ ਹੋਇਆ ਹੋ ਸਕਦੈ ਜਾਂ ਫ਼ਿਰ ਬਹੁਤ ਪਹਿਲਾਂ, ਅਤੇ ‘ਹੁਣ’ ਹੋ ਸਕਦੈ ਬਿਲਕੁਲ ਹੁਣੇ ਹੁਣੇ ਹੀ ਵਾਪਰਿਆ ਹੋਵੇ – ਪਰ ਇਹ ‘ਹੁਣ’ ਹਮੇਸ਼ਾ ਇੱਥੇ ਹੀ ਹੁੰਦੈ – ਅਤੇ ਇਹ ਇੱਥੇ ਰਹਿਣ ਆਇਐ – ਘੱਟੋਘੱਟ ਜਦੋਂ ਤਕ ਕੋਈ ਹੋਰ ਨਵਾਂ ‘ਹੁਣ’ ਉਸ ਦੀ ਜਗ੍ਹਾ ਨਹੀਂ ਲੈ ਲੈਂਦਾ। ਜਦੋਂ ਉਹ ਲੈ ਵੀ ਲਵੇਗਾ ਤਾਂ ਉਹ ਇੱਕ ਨਵਾਂ ‘ਹੁਣ’ ਹੋਵੇਗਾ ਨਾ ਕਿ ਉਹੀ ਪੁਰਾਣਾ ‘ਓਦੋਂ’। ਭੁੱਲ ਜਾਓ ਕਦੇ ਤੁਸੀਂ ਕੀ ਸੋਚਿਆ ਕਰਦੇ ਸੀ, ਮਹਿਸੂਸ ਕਰਦੇ ਸੀ, ਜਾਂ ਕਿਸ ਤੋਂ ਭੈਅ ਖਾਂਦੇ ਸੀ। ਤੁਸੀਂ, ਹੁਣ, ਸਵੈ-ਵਿਸ਼ਵਾਸ ਦਾ ਮੁਜ਼ਾਹਰਾ ਕਰ ਸਕਦੇ ਹੋ। ਤੁਸੀਂ ਕੋਈ ਸਮਝਦਾਰ ਅਤੇ ਚਾਲਾਕ ਸ਼ੈਅ ਕਰ ਰਹੇ ਹੋ। ਦੂਸਰਿਆਂ ਨੂੰ ਉਸ ਦੀ ਨੁਕਤਾਚੀਨੀ ਨਾ ਕਰਨ ਦਿਓ – ਅਤੇ ਉਨ੍ਹਾਂ ਨੂੰ ਕਿਸੇ ਵੀ ਸੂਰਤ ‘ਚ ਇਸ ਗੱਲ ਦੀ ਇਜਾਜ਼ਤ ਨਾ ਦਿਓ ਕਿ ਉਹ ਤੁਹਾਡੇ ਫ਼ੈਸਲਿਆਂ ‘ਤੇ ਕਿੰਤੂ ਪ੍ਰੰਤੂ ਕਰ ਕੇ ਬਿਨਾ ਮਤਲਬ ਦੇ ਚੀਜ਼ਾਂ ਵਿਗਾੜਨ। ਅਤੇ ਇਹ ਸਭ ਕੁਝ ਹੁਣੇ ਹੀ ਕੀਤਾ ਜਾਣਾ ਹੈ, ਬਿਲਕੁਲ ਹੁਣੇ।

ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕਿਸਮਤ ਬਦਲ ਜਾਵੇ? ਚੰਗੀ ਤਰ੍ਹਾਂ ਸੋਚ ਲਿਓ। ਤੁਸੀਂ ਕਿਸੇ ਇੱਕ ਸਥਿਤੀ ਨਾਲ ਭਾਵੇਂ ਕਿੰਨੇ ਵੀ ਜ਼ਿਆਦਾ ਖ਼ਫ਼ਾ ਕਿਉਂ ਨਾ ਹੋਵੋ, ਕੋਈ ਹੋਰ ਸਥਿਤੀ ਅਜਿਹੀ ਜ਼ਰੂਰ ਹੁੰਦੀ ਹੈ ਜਿਹੜੀ ਹਰ ਸੂਰਤ ‘ਚ ਤੁਹਾਡੇ ਦਿਲ ਦੇ ਕਰੀਬ ਹੁੰਦੀ ਹੈ। ਜੇਕਰ ਤੁਹਾਡੇ ਜੀਵਨ ਦੇ ਕਿਸੇ ਇੱਕ ਖੇਤਰ ‘ਚ ਆਈ ਕੋਈ ਬਿਹਤਰੀ ਤੁਹਾਡੇ ਸੰਸਾਰ ਦੇ ਉਸ ਖ਼ਾਸ ਅਤੇ ਮਹੱਤਵਪੂਰਣ ਹਿੱਸੇ ‘ਚ ਤਬਾਹੀ ਲੈ ਆਵੇ ਤਾਂ ਉਹ ਹਾਸਿਲ ਕਰਨ ਦੇ ਕਾਬਿਲ ਨਹੀਂ ਕਹੀ ਜਾ ਸਕਦੀ। ਇਸ ਲਈ ਸਾਨੂੰ ਇਹ ਸੁਨਿਸ਼ਚਿਤ ਕਰਨ ਦੀ ਲੋੜ ਹੈ ਕਿ ਤੁਸੀਂ ਆਪਣੀ ਪੀਂਘ ਨੂੰ ਤਾਂ ਹੁਲਾਰਾ ਦੇ ਕੇ ਉੱਚੇ ਤੋਂ ਉੱਚਾ ਚੜ੍ਹਾਓ, ਪਰ ਮੈਰੀ-ਗੋ-ਰਾਊਂਡ (ਗੋਲ ਘੁੰਮਣ ਵਾਲੇ ਚੱਕਰਦਾਰ ਝੂਟੇ) ਤੋਂ ਹੇਠਾਂ ਨਾ ਡਿੱਗੋ। ਇਹ ਮੁਮਕਿਨ ਹੈ, ਪਰ ਇਸ ਲਈ ਲੋੜ ਹੋਵੇਗੀ ਥੋੜ੍ਹਾ ਵਿਸ਼ਵਾਸ ਦਿਖਾਉਣ ਅਤੇ ਸਮਝਦਾਰੀ ਤੋਂ ਕੰਮ ਲੈਣ ਦੀ। ਇਸ ਦਾ ਇਹ ਮਤਲਬ ਨਹੀਂ ਕਿ ਜਿਹੜਾ ਪਹਿਲਾ ਮੌਕਾ ਆਵੇ ਤੁਸੀਂ ਉਸ ਨੂੰ ਬੋਚਣਾ ਹੀ ਹੈ; ਹੋ ਸਕਦੈ ਦੂਸਰੇ ਦਾ ਇੰਤਜ਼ਾਰ ਕਰਨਾ ਬਿਹਤਰ ਹੋਵੇ।

ਸਾਡੀਆਂ ਜ਼ਿੰਦਗੀਆਂ, ਖ਼ਾਸ ਕਰ ਕੇ ਸਾਡੇ ਪ੍ਰੇਮ ਪ੍ਰਸੰਗਾਂ ਦੀਆਂ ਜ਼ਿੰਦਗੀਆਂ, ਵਿੱਚ ਇੱਕ ਖੇਡ ਦੇ ਮੈਦਾਨ ਦਾ ਹਰ ਮਨੋਰੰਜਨ ਮੌਜੂਦ ਹੈ। ਉੱਥੇ ਪੀਂਘਾਂ ਹੁੰਦੀਆਂ ਨੇ, ਕਈ ਤਰ੍ਹਾਂ ਦੇ ਝੂਟੇ ਅਤੇ ਸਲਾਈਡਜ਼ ਨੇ ਜਿਨ੍ਹਾਂ ਉੱਪਰ ਅਸੀਂ ਆਪਣੀਆਂ ਭਾਵਨਾਵਾਂ ਨੂੰ ਕਈ ਤਰ੍ਹਾਂ ਦੇ ੳਤਰਾਅ, ਚੜ੍ਹਾਅ, ਤਿਲਕਣਾਂ ਅਤੇ ਅਜੀਬ ਤੇ ਲਗਾਤਾਰ ਦੀਆਂ ਘੁੰਮਣਘੇਰੀਆਂ ‘ਚੋਂ ਲੰਘਾ ਸਕਦੇ ਹਾਂ। ਅਤੇ ਇਹ ਸਿਰਫ਼ ਸਾਡੀਆਂ ਭਾਵਨਾਵਾਂ ਹੀ ਨਹੀਂ ਜਿਹੜੀਆਂ ਸਾਡੀ ਇਸ ਜੀਵਨ ਯਾਤਰਾ ਦੌਰਾਨ ਪ੍ਰਭਾਵਿਤ ਹੁੰਦੀਆਂ ਹਨ। ਜ਼ਿੰਦਗੀ ਦੇ ਇਸ ਮਹਾਨ ਮਨੋਵਿਗਿਆਨਕ ਹਿੰਡੋਰੇ (seesaw) ‘ਤੇ, ਸਾਨੂੰ ਛੇਤੀ ਹੀ ਇਹ ਗੱਲ ਸਮਝ ਆ ਜਾਂਦੀ ਹੈ ਕਿ ਜੇਕਰ ਅਸੀਂ ਕਿਸੇ ਦੂਜੇ ਦਾ ਥੱਲਾ ਲਗਾ ਕੇ ਹੀ ਉੱਪਰ ਉੱਠ ਸਕਦੇ ਹਾਂ ਤਾਂ, ਅੱਜ ਨਹੀਂ ਤਾਂ ਕੱਲ੍ਹ, ਇਹ ਅਸੰਤੁਲਨ ਮਸਲਾ ਖੜ੍ਹਾ ਕਰੇਗਾ। ਤੁਹਾਡੇ ਕਿਸੇ ਖ਼ਾਸ ਅਤੇ ਮਹੱਤਵਪੂਰਣ ਰਿਸ਼ਤੇ ‘ਚ ਇਸ ਵਕਤ ਤਾਕਤ ਦਾ ਸੰਘਰਸ਼ ਚੱਲ ਰਿਹੈ। ਜੇਕਰ ਤੁਸੀਂ ਖ਼ੁਸ਼ਗਵਾਰ ਤਜਰਬਾ ਚਾਹੁੰਦੇ ਹੋ ਤਾਂ ਉਹੀ ਕਰੋ ਜੋ ਜਾਇਜ਼ ਹੈ।