ਫ਼ਿਲਮ ‘ਚ ਇਕੱਠੇ ਨਜ਼ਰ ਆਉਣਗੇ ਅਮਿਤਾਭ, ਨਸੀਰ ਤੇ ਰਾਓ

ਬੌਲੀਵੁਡ ਦੇ ਮਹਾਨਾਇਕ ਅਮਿਤਾਭ ਬੱਚਨ, ਨਸੀਰੂਦੀਨ ਸ਼ਾਹ ਅਤੇ ਰਾਜਕੁਮਾਰ ਰਾਓ ਦੀ ਤਿਕੜੀ ਸਿਲਵਰ ਸਕ੍ਰੀਨ ‘ਤੇ ਇਕੱਠਿਆਂ ਕੰਮ ਕਰਦੀ ਨਜ਼ਰ ਆ ਸਕਦੀ ਹੈ। ਚਰਚਾ ਹੈ ਕਿ ਅਮਿਤਾਭ, ਨਸੀਰ ਅਤੇ ਰਾਜਕੁਮਾਰ ਨੂੰ ਇੱਕ ਫ਼ਿਲਮ ਲਈ ਇਕੱਠਿਆਂ ਕਾਸਟ ਕੀਤਾ ਜਾ ਰਿਹਾ ਹੈ। ਹਮ ਤੁਮ ਔਰ ਗੈੱਸਟ ਅਤੇ ਮੈਕਸਿਮ ਵਰਗੀਆਂ ਫ਼ਿਲਮਾਂ ਬਣਾ ਚੁੱਕੇ ਨਿਰਦੇਸ਼ਕ ਕਬੀਰ ਕੌਸ਼ਿਕ ਇਨ੍ਹਾਂ ਤਿੰਨਾਂ ਅਦਾਕਾਰਾਂ ਨੂੰ ਲੈ ਕੇ ਅਗਲੀ ਫ਼ਿਲਮ ਡਾਇਰੈਕਟ ਕਰੇਗਾ। ਕਬੀਰ ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਸਾਲ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਜੇ ਸਭ ਕੁੱਝ ਠੀਕ ਰਿਹਾ ਤਾਂ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਅਮਿਤਾਭ, ਨਸੀਰੂਦੀਨ ਸ਼ਾਹ ਅਤੇ ਰਾਜਕੁਮਾਰ ਰਾਓ ਵਰਗੇ ਬੌਲੀਵੁਡ ਦੇ ਤਿੰਨ ਸੰਜੀਦਾ ਅਦਾਕਾਰ ਇੱਕ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ। ਫ਼ਿਲਮ ਦਾ ਰਸਮੀ ਤੌਰ ‘ਤੇ ਐਲਾਨ ਕੀਤਾ ਜਾਣਾ ਅਜੇ ਬਾਕੀ ਹੈ। ਅਮਿਤਾਭ ਤੇ ਨਸੀਰੂਦੀਨ ਸ਼ਾਹ ਫ਼ਿਲਮ ਬਦਲਾ ਵਿੱਚ ਵੀ ਇਕੱਠੇ ਨਜ਼ਰ ਆਉਣਗੇ। ਇਨ੍ਹਾਂ ਦੋਹਾਂ ਤੋਂ ਇਲਾਵਾ ਇਸ ਫ਼ਿਲਮ ‘ਚ ਤਾਪਸੀ ਪੰਨੂ ਵੀ ਨਜ਼ਰ ਆਵੇਗੀ। ਫ਼ਿਲਮ ‘ਚ ਅਮਿਤਾਭ ਅਤੇ ਨਸੀਰ ਇੱਕ ਦੂਜੇ ਤੋਂ ਬਦਲਾ ਲੈਣਾ ਚਾਹੁੰਦੇ ਹਨ, ਪਰ ਜਦੋਂ ਬਦਲਾ ਲੈਣ ਦਾ ਵਕਤ ਆਉਾਂਦਾਹੈ ਤਾਂ ਦੋਹੇਂ ਆਪਣਾ ਇਰਾਦਾ ਬਦਲ ਲੈਂਦੇ ਹਨ।
ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਵੈਸੇ, ਜਲਦੀ ਹੀ ਅਮਿਤਾਭ ਦੀ ਸੁਪਰਹਿੱਟ ਫ਼ਿਲਮ ਆਂਖੇ ਦਾ ਵੀ ਸੀਕੁਅਲ ਵੀ ਬਣ ਰਿਹਾ ਹੈ। ਫ਼ਿਲਮ ਆਂਖੇਂ-2 ਵਿੱਚ ਇੱਕ ਵਾਰ ਫ਼ਿਰ ਅਮਿਤਾਭ ਦਮਦਾਰ ਕਿਰਦਾਰ ਨਿਭਾਉਾਂਦਾ ਨਜ਼ਰ ਆਵੇਗਾ। ਫ਼ਿਲਮ ਦੀ ਬਾਕੀ ਕਾਸਟ ਫ਼ਾਈਨਲ ਹੋਣੀ ਅਜੇ ਬਾਕੀ ਹੈ। ਆਂਖੇ-2 ਤੋਂ ਇਲਾਵਾ ਅਮਿਤਾਭ ਦੀ ਬ੍ਰਹਮਾਸਤਰ ਵੀ ਰਿਲੀਜ਼ ਲਈ ਤਿਆਰ ਹੈ। ਇਸ ਫ਼ਿਲਮ ਵਿੱਚ ਆਲੀਆ ਅਤੇ ਰਣਬੀਰ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਹੈ। ਅਮਿਤਾਭ ਪਹਿਲੀ ਵਾਰ ਤੇਲਗੂ ਫ਼ਿਲਮ ਸਈ ਰਾ ਨਰਸਿਮ੍ਹਾ ਰੈੱਡੀ ‘ਚ ਵੀ ਅਦਾਕਾਰੀ ਕਰਦਾ ਨਜ਼ਰ ਆਵੇਗਾ। ਇਹ ਫ਼ਿਲਮ ਅਗਲੇ ਸਾਲ ਦੇ ਅਖ਼ੀਰ ਤਕ ਰਿਲੀਜ਼ ਕੀਤੇ ਜਾਣ ਦੀ ਸੰਭਾਵਨਾ ਹੈ।